ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਹੋਰਨਾਂ ਪਾਰਟੀਆਂ ਅਤੇ ਖਾਸ ਕਰਕੇ ਅਕਾਲੀ ਦਲ ਵਿੱਚੋਂ ਕਾਂਗਰਸ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਟਿਕਟਾਂ ਦੇਣ ਦਾ ਵਿਰੋਧ ਕਰਨ ਵਾਲੇ ਪਾਰਟੀ ਆਗੂਆਂ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਮਨਪ੍ਰੀਤ ਬਾਦਲ ਅਤੇ ਸਿਮਰਜੀਤ ਬਰਨਾਲਾ ਨੂੰ ਕਿਸ ਨੇ ਟਿਕਟਾਂ ਦਿੱਤੀਆਂ ਸਨ ਤੇ ਉਹ ਕਿੰਨਾ ਸਮਾਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇੱਥੇ ਕੁਝ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਬਾਅਦ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਦੂਜੀਆਂ ਪਾਰਟੀਆਂ ਵਿੱਚੋਂ ਆਏ ਆਗੂਆਂ ਨੂੰ ਟਿਕਟਾਂ ਦੇਣ ਦਾ ਵਿਰੋਧ ਕੀਤੇ ਜਾਣ ਬਾਰੇ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਉਪਰੋਕਤ ਦੋਵੇਂ ਆਗੂਆਂ ਨੂੰ ਪਾਰਟੀ ਵਿੱਚ ਆਇਆਂ ਤਾਂ ਦੋ ਮਹੀਨੇ ਤੋਂ ਵੀ ਘੱਟ ਸਮਾਂ ਹੋਇਆ ਸੀ। ਇਹ ਆਗੂ ਤਾਂ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਦੇ ਜਵਾਬ ਤੋਂ ਸਪਸ਼ਟ ਹੈ ਕਿ ‘ਤਿੰਨ ਸਾਲ ਤੱਕ ਟਿਕਟ ਨਾ ਦੇਣ’ ਵਾਲੀ ਗੱਲ ਨਹੀਂ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਟਿਕਟ ਦਿੱਤੀ ਜਾਵੇਗੀ ਅਤੇ ਜਨਰਲ ਹਲਕਿਆਂ ਤੋਂ ਕਿਸੇ ਉਮੀਦਵਾਰ ਦਾ ਹਲਕਾ ਨਹੀਂ ਬਦਲਿਆ ਜਾਵੇਗਾ। ਕੇਵਲ ਰਾਖਵੇਂ ਹਲਕਿਆਂ ਵਿੱਚ ਕੁਝ ਉਮੀਦਵਾਰ ਬਦਲੇ ਜਾਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਪਹਿਲੀ ਸੂਚੀ ਦਸੰਬਰ ਦੇ ਪਹਿਲੇ ਹਫ਼ਤੇ ਆ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਏਜੰਟ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਸਵਿਸ ਬੈਂਕ ਖਾਤਿਆਂ ਬਾਰੇ ਕੇਜਰੀਵਾਲ ਝੂਠੇ ਅਤੇ ਬਿਨਾ ਪੁਸ਼ਟੀ ਤੋਂ ਦਸਤਾਵੇਜ਼ ਪੇਸ਼ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ‘ਤੇ ਅਜਿਹੇ ਦੋਸ਼ ਲੱਗੇ ਸਨ ਅਤੇ ਕਥਿਤ ਤੌਰ ‘ਤੇ ਵਿੱਤ ਮੰਤਰੀ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਈ.ਡੀ. ਇਹ ਦੋਸ਼ ਸਾਬਤ ਕਰਨ ਵਿਚ ਅਸਫ਼ਲ ਰਹੀ ਸੀ।
‘ਆਪ’ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਦੇ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ‘ਆਪ’ ਦਾ ਗੁਆਚਿਆ ਆਧਾਰ ઠਹਾਸਲ ਕਰਨ ਵਾਸਤੇ ਇਸ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 100 ਸੀਟਾਂ ਹਾਸਲ ਕਰਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਹੁਣ ਗੁੰਮਨਾਮ ਸਿਆਸੀ ਪਾਰਟੀਆਂ ਨਾਲ ਗੱਠਜੋੜ ਕਰਨ ਤੱਕ ਡਿੱਗ ਗਏ ਹਨ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …