21.8 C
Toronto
Monday, September 15, 2025
spot_img
HomeUncategorizedਓਨਟਾਰੀਓ ਚੋਣਾਂ 7 ਜੂਨ ਨੂੰ

ਓਨਟਾਰੀਓ ਚੋਣਾਂ 7 ਜੂਨ ਨੂੰ

ਮੁੱਖ ਮੁਕਾਬਲਾ ਲਿਬਰਲ, ਐਨ ਡੀ ਪੀ ਤੇ ਕੰਸਰਵੇਟਿਵ ਵਿਚਾਲੇ
ਅੰਮ੍ਰਿਤ ਮਾਂਗਟ, ਹਰਿੰਦਰ ਮੱਲ੍ਹੀ ਤੇ ਗੁਰਰਤਨ ਸਿੰਘ ਸਮੇਤ ਵੱਡੀ ਗਿਣਤੀ ‘ਚ ਪੰਜਾਬੀ ਮੂਲ ਦੇ ਉਮੀਦਵਾਰ ਨਿੱਤਰ ਰਹੇ ਨੇ ਮੈਦਾਨ ‘ਚ
ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓ ਚੋਣਾਂ 2018 ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਇਹ ਵੋਟਾਂ 7 ਜੂਨ ਨੂੰ ਪੈਣਗੀਆਂ, ਜਿਸ ਦੇ ਲਈ ਸਿੱਧੇ ਰੂਪ ਵਿਚ ਮੁਕਾਬਲਾ ਲਿਬਰਲ, ਕੰਸਰਵੇਟਿਵ ਅਤੇ ਐਨ ਡੀ ਪੀ ਵਿਚਾਲੇ ਹੈ। ਜ਼ਿਕਰਯੋਗ ਹੈ ਕਿ ਪਿਛਲੇ 15 ਸਾਲਾਂ ਤੋਂ ਓਨਟਾਰੀਓ ‘ਤੇ ਲਿਬਰਲਾਂ ਦਾ ਰਾਜ ਹੈ ਤੇ ਉਹ ਆਪਣੇ ਇਸ ਇਤਿਹਾਸ ਨੂੰ ਫਿਰ ਦੁਹਰਾਉਣਾ ਚਾਹੁੰਦੇ ਹਨ ਜਦੋਂਕਿ ਓਨਟਾਰੀਓ ਦੀ ਸੱਤਾ ਖੋਹਣ ਦੇ ਲਈ ਐਨ ਡੀ ਪੀ ਜਿੱਥੇ ਡਟ ਕੇ ਚੋਣ ਪਿੜ ਵਿਚ ਨਿੱਤਰੀ ਵੀ ਹੈ, ਉਥੇ ਕੰਸਰਵੇਟਿਵ ਵੀ ਪੂਰੇ ਦਮਖਮ ਨਾਲ ਜੁਟ ਗਈ ਹੈ ਜਦੋਂਕਿ ਗਰੀਨ ਪਾਰਟੀ ਵੀ ਚੋਣ ਮੈਦਾਨ ਵਿਚ ਹੈ। ਓਨਟਾਰੀਓ ਦੀ ਅਸੈਂਬਲੀ ਦੀ ਮਿਆਦ ਖਤਮ ਹੋਣ ਮਗਰੋਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਦੀ ਸਿਫਾਰਸ਼ ਮੰਨਦੇ ਹੋਏ ਇਲੈਕਸ਼ਨ ਐਕਟ ਮੁਤਾਬਕ ਚੋਣਾਂ ਦੀ ਤਰੀਕ 7 ਜੂਨ ਨੂੰ ਐਲਾਨ ਕਰ ਦਿੱਤੀ ਗਈ। ਸੂਬੇ ਵਿਚ ਪਿਛਲੇ 15 ਸਾਲਾਂ ਤੋਂ ਲਿਬਰਲ ਪਾਰਟੀ ਦੀ ਸਰਕਾਰ ਚੱਲ ਰਹੀ ਹੈ।ਚੋਣਾਂ ਵਿਚ ਲਿਬਰਲ ਪਾਰਟੀ, ਕੰਸਰਵੇਟਿਵ ਪਾਰਟੀ, ਨਿਊ ਡੈਮੋਕਰੈਟਿਕ ਪਾਰਟੀ (ਐੱਨ. ਡੀ. ਪੀ) ਅਤੇ ਗਰੀਨ ਪਾਰਟੀ ਸ਼ਾਮਲ ਹਨ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 17 ਮਈ ਹੈ। ਖਾਸ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਤੋਂ ਭਾਰਤੀ ਮੂਲ ਦੇ ਉਮੀਦਵਾਰ ਵੀ ਮੈਦਾਨ ਵਿਚ ਡਟੇ ਹੋਏ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਗਿਣਤੀ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਹੈ। ਇੱਥੇ ਦੱਸ ਦੇਈਏ ਕਿ ਪਿਛਲੀਆਂ ਤਿੰਨ ਟਰਮਾਂ ਤੋਂ ਓਨਟਾਰੀਓ ਵਿਚ ਲਿਬਰਲ ਪਾਰਟੀ ਦੀ ਸਰਕਾਰ ਬਣਦੀ ਆ ਰਹੀ ਹੈ। ਸਿਆਸੀ ਮਾਹਰ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਕੁਝ ਵੱਖਰਾ ਸੋਚ ਰਹੇ ਹਨ, ਕਿਉਂਕਿ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ, ਸਗੋਂ ਇਸ ਲਈ ਬਾਜ਼ੀ ਪੁੱਠੀ ਵੀ ਪੈ ਸਕਦੀ ਹੈ।ઠ
ਐੱਨ. ਡੀ.ਪੀ. ਪਾਰਟੀ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਚੁਣੇ ਗਏ ਪੰਜਾਬੀ ਆਗੂ ਜਗਮੀਤ ਸਿੰਘ ਨੇ ਓਨਟਾਰੀਓ ਦੇ ਸ਼ਹਿਰ ਬਰੈਂਪਟਨ (ਈਸਟ) ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਸੀ। ਜਗਮੀਤ ਸਿੰਘ ਪਿਛਲੀ ਵਾਰ ਬਰੈਂਪਟਨ (ਈਸਟ) ਐੱਮ. ਪੀ. ਪੀ. ਚੁਣੇ ਗਏ ਸਨ। ਫੈਡਰਲ ਆਗੂ ਚੁਣੇ ਜਾਣ ਮਗਰੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਇਸੇ ਸੀਟ ਤੋਂ ਉਨ੍ਹਾਂ ਦੇ ਛੋਟੇ ਭਰਾ ਗੁਰਰਤਨ ਸਿੰਘ ਚੋਣ ਮੈਦਾਨ ਵਿਚ ਹਨ। ਜਗਮੀਤ ਦੇ ਲੀਡਰ ਬਣਨ ਤੋਂ ਬਾਅਦ ਇੱਥੇ ਪਹਿਲੀ ਵਾਰ ਚੋਣ ਹੋਣ ਜਾ ਰਹੀ ਹੈ, ਜਿਸ ਕਰ ਕੇ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਨਜ਼ਰਾਂ ਜਗਮੀਤ ਦੇ ਸਿਆਸੀ ਭਵਿੱਖ ‘ਤੇ ਟਿਕੀਆਂ ਹਨ। ਬਸ ਇੰਨਾ ਹੀ ਨਹੀਂ ਦੋ ਦਰਜਨ ਤੋਂ ਵਧ ਪੰਜਾਬੀ ਚੋਣ ਮੈਦਾਨ ਵਿਚ ਹਨ। ਬਰੈਂਪਟਨ (ਸਾਊਥ) ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਪੰਜਾਬਣ ਅੰਮ੍ਰਿਤ ਕੌਰ ਮਾਂਗਟ ਤਿੰਨ ਵਾਰ ਜਿੱਤਣ ਮਗਰੋਂ ਚੌਥੀ ਵਾਰ ਚੋਣ ਮੈਦਾਨ ਵਿਚ ਉੱਤਰੀ ਹੈ। ਇਸੇ ਤਰ੍ਹਾਂ ਹੀ ਕੈਨੇਡਾ ‘ਚ ਪੰਜਾਬੀਆਂ ਦੇ ਸਦਾਬਹਾਰ ਲੀਡਰ ਗੁਰਬਖਸ਼ ਸਿੰਘ ਮੱਲੀ ਦੀ ਧੀ ਹਰਿੰਦਰ ਕੌਰ ਮੱਲ੍ਹੀ ਦੂਜੀ ਵਾਰ ਚੋਣ ਮੈਦਾਨ ਵਿਚ ਹੈ। ਚੋਣ ਦੇ ਨਤੀਜੇ ਆਉਣ ‘ਤੇ ਹੀ ਪਤਾ ਲੱਗੇਗਾ ਕਿ ਕਿਸ ਦੇ ਹੱਥ ਜਿੱਤ ਲੱਗਦੀ ਹੈ।
ਆਪੋ-ਆਪਣੇ ਦਲ ਨੂੰ ਜੇਤੂ ਬਣਾਉਣ ਲਈ ਯਤਨਸ਼ੀਲ ਕੈਥਲਿਨ ਵਿੰਨ, ਡਗ ਫੋਰਡ ਤੇ ਐਂਡਰਿਓ ਹਾਰਵਰਥ
ਪਹਿਲੀ ਹੀ ਡਿਬੇਟ ਵਿਚ ਹੋਏ ਮੇਹਣੋ-ਮੇਹਣੀ
ਓਨਟਾਰੀਓ ਚੋਣਾਂ 2018 ਲਈ ਹੋਈ ਪਹਿਲੀ ਬਹਿਸ ਵਿਚ ਲਿਬਰਲ, ਕੰਸਰਵੇਟਿਵ ਅਤੇ ਐਨ ਡੀ ਆਗੂ ਜਮ ਕੇ ਮੇਹਣੋ-ਮੇਹਣੀ ਹੋਏ। ਕੈਥਲਿਨ ਵਿੰਨ ਅਤੇ ਐਂਡਰਿਓ ਹਾਰਵਰਥ ‘ਤੇ ਸ਼ਬਦੀ ਹਮਲੇ ਕਰਦਿਆਂ ਡਗ ਫੋਰਡ ਨੇ ਇਹ ਦਾਅਵਾ ਪੇਸ਼ ਕੀਤਾ ਕਿ ਪਿਛਲੇ 15 ਵਰ੍ਹਿਆਂ ਤੋਂ ਲਿਬਰਲ ਸਹੀ ਕੰਮ ਨਹੀਂ ਕਰ ਪਾਏ ਜਦੋਂਕਿ ਕੈਥਲਿਨ ਵਿੰਨ ਨੇ ਆਪਣੇ ਕਾਰਜਾਂ ਦੇ ਹਵਾਲੇ ਨਾਲ ਬਹਿਸ ਭਖਾਈ। ਐਂਡਰਿਓ ਹਾਰਵਰਥ ਨੇ ਵੀ ਆਪਣੀਆਂ ਦਲੀਲਾਂ ਨਾਲ ਭਖੇ ਚੋਣ ਪਿੜ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ।
ਵੋਟਾਂ ਬੈਲਟ ਪੇਪਰ ਰਾਹੀਂ ਹੀ ਪਰ ਵੋਟਿੰਗ ਦਾ ਪ੍ਰੋਸੈਸ ਨਵੀਆਂ ਇਲੈਕਟ੍ਰਾਨਿਕ ਮਸ਼ੀਨਾਂ ਰਾਹੀਂ
ਟੋਰਾਂਟੋ : ਵੋਟਾਂ ਬੇਸ਼ੱਕ ਬੈਲਟ ਪੇਪਰ ਰਾਹੀਂ ਹੀ ਪੈਣਗੀਆਂ ਪਰ ਵੋਟਿੰਗ ਦਾ ਪ੍ਰੋਸੈਸ ਨਵੀਆਂ ਇਲੈਕਟ੍ਰਾਨਿਕ ਮਸ਼ੀਨਾਂ ਰਾਹੀਂ ਕੀਤਾ ਜਾਵੇਗਾ। ਓਨਟਾਰੀਓ ਅਸੈਂਬਲੀ ਚੋਣਾਂ ਵਿਚ ਪਹਿਲੀ ਵਾਰ ਵੋਟਰ 7 ਜੂਨ ਨੂੰ ਹੋਣ ਵਾਲੀ ਚੋਣ ਵਿਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕਰਨਗੇ। ਵੋਟਰਾਂ ਦੀਆਂ ਪੇਪਰ ਲਿਸਟਾਂ ਅਤੇ ਚੋਣ ਪੱਤਰ ਹੁਣ ਪਿਛਲੇ ਸਮੇਂ ਦੀ ਗੱਲ ਹੋ ਜਾਵੇਗੀ ਅਤੇ ਜ਼ਿਆਦਾਤਰ ਸੀਟਾਂ ‘ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਹੀ ਵਰਤੋਂ ਹੋਵੇਗੀ। ਇਨ੍ਹਾਂ ਇਲੈਕ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਈਪਾਲ ਬੁੱਕ ਦਾ ਨਾਮ ਦਿੱਤਾ ਗਿਆ ਹੈ। ਇਲੈਕਸ਼ਨਜ਼ ਓਨਟਾਰੀਓ ਦਾ ਕਹਿਣਾ ਹੈ ਕਿ ਨਵੀਂ ਤਕਨੀਕ ਨਾਲ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਦਾ ਕੰਮ ਕਾਫੀ ਤੇਜ਼ੀ ਨਾਲ ਹੋਵੇਗਾ। ਵੋਟਰ ਜਦ ਪੋਲਿੰਗ ਸਟੇਸ਼ਨ ‘ਤੇ ਆਉਣਗੇ ਤਾਂ ਇਕ ਮਸ਼ੀਨ ਉਨ੍ਹਾਂ ਦਾ ਰਜਿਸਟ੍ਰੇਸ਼ਨ ਕਾਰਡ ਸਕੈਨ ਕਰੇਗੀ। ਇਹ ਇਕ ਤਰ੍ਹਾਂ ਨਾਲ ਗਰੌਸਰੀ ਸਟੋਰ ‘ਤੇ ਫੂਡ ਨੂੰ ਸਕੈਨ ਕਰਨ ਨਾਲ ਮਿਲਦਾ ਜੁਲਦਾ ਕੰਮ ਹੋਵੇਗਾ। ਉਥੇ ਵੋਟਰਾਂ ਨੂੰ ਅਧਿਕਾਰੀ ਕੋਲੋਂ ਇਕ ਚੋਣ ਪੱਤਰ ਮਿਲੇਗਾ ਅਤੇ ਉਸ ਨੂੰ ਭਰ ਕੇ ਅਧਿਕਾਰੀ ਨੂੰ ਵਾਪਸ ਦੇਣਾ ਹੋਵੇਗਾ। ਇਹ ਅਧਿਕਾਰੀ ਉਸ ਨੂੰ ਟੈਬੂਲੇਟਿੰਗ ਮਸ਼ੀਨ ਵਿਚ ਪਾਵੇਗਾ। ਇਲੈਕਸ਼ਨਜ਼ ਓਨਟਾਰੀਓ ਦਾ ਕਹਿਣਾ ਹੈ ਕਿ ਨਵੀਂ ਤਕਨੀਕ ਨੂੰ 2016 ਵਿਚ ਦੋ ਜ਼ਿਮਨੀ ਚੋਣਾਂ ਵਿਚ ਟੈਸਟ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕਈ ਸਿਟੀ ਕਾਊਂਸਲ ਦੀਆਂ ਚੋਣਾਂ ਵਿਚ ਵੀ ਇਸਦਾ ਪ੍ਰਯੋਗ ਕੀਤਾ ਗਿਆ। ਉਮੀਦ ਹੈ ਕਿ ਇਹ ਮਸ਼ੀਨ ਪ੍ਰੋਸੈਸ ਵੋਟਿੰਗ ਪ੍ਰਕਿਰਿਆ ਲਈ ਬਿਹਤਰ ਸਾਬਤ ਹੋਵੇਗਾ। ਕਾਰਾ ਡੇਸ ਗ੍ਰੇਜੇਂਸ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਚੋਣਾਂ ਦੇ ਨਤੀਜੇ ਕਾਫੀ ਤੇਜ਼ੀ ਨਾਲ ਪ੍ਰਾਪਤ ਹੋਣਗੇ ਅਤੇ ਹੱਥਾਂ ਨਾਲ ਕੀਤੀ ਗਿਣਤੀ ਦੀ ਬਜਾਏ ਮਸ਼ੀਨ ਨਾਲ ਹੋਣ ਵਾਲੀ ਗਿਣਤੀ ਭਰੋਸੇਮੰਦ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨੀਕ ‘ਤੇ ਸਿਰਫ 32 ਮਿਲੀਅਨ ਡਾਲਰ ਦਾ ਹੀ ਖਰਚ ਆਵੇਗਾ ਅਤੇ ਚੋਣਾਂ ਦਾ ਪੂਰਾ ਖਰਚਾ ਚੋਣਾਂ ਤੋਂ ਬਾਅਦ ਜਾਰੀ ਕੀਤਾ ਜਾਵੇਗਾ।

RELATED ARTICLES

POPULAR POSTS