ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ ਦਾ ਦੇਹਾਂਤ ਹੋ ਗਿਆ ਹੈ। ਗੁਰਦੁਆਰਾ ਨਨਕਾਣਾ ਸਾਹਿਬ ਨੇੜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਸ਼ਾਮ ਸਿੰਘ ਇਕ ਮਹੀਨੇ ਤੋਂ ਲਾਹੌਰ ਦੇ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਸਨ, ਜਿਥੇ ਉਨ੍ਹਾਂ ਦੀ ઠਮੌਤ ਹੋ ਗਈ। ਪਾਕਿਸਤਾਨ ਦਾ ਕੌਮੀ ਝੰਡਾ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਪਾ ਕੇ ਕੌਮੀ ਸਨਮਾਨ ਦਿੱਤਾ ਗਿਆ। ਸਸਕਾਰ ਮੌਕੇ ਔਕਾਫ ਬੋਰਡ ਦੇ ਚੇਅਰਮੈਨ ਤੇ ਹੋਰ ਅਧਿਕਾਰੀ ਹਾਜ਼ਰ ਸੀ। ਉਹ ਕਰੀਬ 80 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਜਨਮ 11 ਦਸੰਬਰ, 1936 ਨੂੰ ਹੋਇਆ ਸੀ। ਉਹ ਪਹਿਲਾਂ ਪਾਕਿਸਤਾਨ ਦੇ ਸਿੰਧ ਇਲਾਕੇ ‘ਚ ਰਹਿੰਦੇ ਰਹੇ ਅਤੇ ਮਗਰੋਂ ਫੈਸਲਾਬਾਦ ਦੀ ਤਹਿਸੀਲ ਮਿੰਟਗੁਮਰੀ ਦੇ ਪਿੰਡ ਚੱਕ ਕਾਦਰਾਬਾਦ ਵਿੱਚ ਚਲੇ ਗਏ। ਉਨ੍ਹਾਂ ਦਾ ਬੇਟਾ ਸਿਕੰਦਰ ਸਿੰਘ ਤੇ ਬੇਟੀ ਸਿਮਰਨ ਕੌਰ ਹੈ, ਜੋ ਪਾਕਿਸਤਾਨ ਵਿੱਚ ਹੀ ਰਹਿ ਰਹੇ ਹਨ। ਉਹ ਪਹਿਲੀ ਵਾਰ 1998 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਨੂੰ ਉਸ ਵੇਲੇ ਔਕਾਫ ਬੋਰਡ ਦੇ ਮੁਖੀ ਜਾਵੇਦ ਨਾਸਿਰ ਵੱਲੋਂ ਪੀਐਸਜੀਪੀਸੀ ਦਾ ਪ੍ਰਧਾਨ ਬਣਾਇਆ ਗਿਆ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਦੀ ਤਤਕਾਲੀ ਪ੍ਰਧਾਨ ਜਗੀਰ ਕੌਰ ਨੇ ਸਖ਼ਤ ਵਿਰੋਧ ਕੀਤਾ ਸੀ। ਉਹ ਦੂਜੀ ਵਾਰ 2008 ਵਿੱਚ ਸਿੱਖ ਸੰਸਥਾ ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕੀਤਾ ਸੀ, ਜੋ ਪਾਕਿਸਤਾਨ ‘ਚ ਹੁਣ ਵੀ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਬਾ ਸ਼ਾਮ ਸਿੰਘ ਨੇਕ ਇਨਸਾਨ ਸਨ।ਉਨ੍ਹਾਂ ਦੀ ਮੌਤ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
Check Also
ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …