ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਸਾਲ 1992 ਵਿਚ ਕਾਂਗਰਸ ਸਰਕਾਰ ਵੱਲੋਂ ਇਸ ਨੂੰ ਜ਼ਿਲ੍ਹੇ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਸੀ ਪਰ ਅਫ਼ਸੋਸ 27 ਸਾਲ ਬੀਤਣ ਉਪਰੰਤ ਵੱਖ-ਵੱਖ ਸੱਤਾਧਾਰੀ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਫ਼ਤਹਿਗੜ੍ਹ ਸਾਹਿਬ ਦਾ ਢੁੱਕਵਾਂ ਵਿਕਾਸ ਨਾ ਕਰਵਾ ਸਕੀਆਂ। ਰਾਜਸੀ ਨਜ਼ਰ ਤੋਂ ਦੇਖੀਏ ਤਾਂ ਇਸ ਲੋਕ ਸਭਾ ਹਲਕੇ ਵਿਚ ਕੁੱਲ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ਵਿਚ ਫ਼ਤਹਿਗੜ੍ਹ ਸਾਹਿਬ, ਸੰਗਰੂਰ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਬਸੀ ਪਠਾਣਾ, ਅਮਲੋਹ, ਫ਼ਤਹਿਗੜ੍ਹ ਸਾਹਿਬ, ਅਮਰਗੜ੍ਹ, ਰਾਏ ਕੋਟ, ਖੰਨਾ ਸਮਰਾਲਾ, ਸਾਹਨੇਵਾਲ ਅਤੇ ਪਾਇਲ ਸ਼ਾਮਲ ਹਨ।
ਫ਼ਤਹਿਗੜ੍ਹ ਸਾਹਿਬ ਕੋਲ ਆਪਣਾ ਬੱਸ ਅੱਡਾ ਨਹੀਂ ਹੈ। ਹਲਕੇ ਦੇ ਲੋਕ ਅਜੇ ਵੀ ਸਾਫ਼ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮੰਡੀ ਗੋਬਿੰਦਗੜ੍ਹ ਸਟੀਲ ਉਦਯੋਗ ਭਲੇ ਵੇਲੇ ਏਸ਼ੀਆ ਵਿਚ ਆਪਣੀ ਚੜ੍ਹਤ ਬਣਾ ਚੁੱਕਿਆ ਹੈ। ਇਸ ਵਿਚ 250 ਦੇ ਕਰੀਬ ਸਟੀਲ ਸਨਅਤਾਂ, 100 ਫਰਨਿਸ਼, 90 ਸਕਰੈਪ ਕਟਿੰਗ ਯੂਨਿਟ, 12 ਆਕਸੀਜਨ ਪਲਾਂਟਾਂ ਤੋਂ ਇਲਾਵਾ ਹੋਰ ਉਦਯੋਗ ਸਥਿਤ ਹਨ। ਇੱਥੋਂ ਦੇ ਕਈ ਉਦਯੋਗਪਤੀ ਘਾਟੇ ਕਾਰਨ ਹੋਰ ਸੂਬਿਆਂ ਵਿਚ ਚਲੇ ਗਏ। ਕੁਝ ਸਨਅਤਾਂ ਬੈਂਕਾਂ ਵੱਲੋਂ ਕੁਰਕ ਕਰ ਦਿੱਤੀਆਂ ਗਈਆਂ। ਆਲ ਇੰਡੀਆ ਸਟੀਲ ਰਿਰੋਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਕਿਹਾ ਕਿ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਸਨਅਤ ਵਾਸਤੇ ਰਿਆਇਤਾਂ ਤਾਂ ਕੀ ਦਿਵਾਉਣੀਆਂ ਸਨ, ਉਨ੍ਹਾਂ ਨੇ ਤਾਂ ਜਿੱਤਣ ਤੋਂ ਬਾਅਦ ਵਪਾਰੀਆਂ ਦੀਆਂ ਦੀਵਾਨੀਆਂ ਸੁਣਨ ਲਈ ਵੀ ਕਦੇ ਸਮਾਂ ਨਹੀਂ ਕੱਢਿਆ। ਉਨ੍ਹਾਂ ਕਬਾੜੀ ਸਕਰੈਪ ਦੇ ਬਿੱਲ ਤੋਂ ਟੈਕਸ ਹਟਾਉਣ ਅਤੇ ਸਨਅਤ ਨੂੰ ਗਵਾਂਢੀ ਸੂਬੇ ਹਿਮਾਚਲ ਦੀ ਤਰਜ਼ ‘ਤੇ ਬਿਜਲੀ ਯੂਨਿਟ ਸਸਤਾ ਦੇਣ ਦੀ ਮੰਗ ਕੀਤੀ।
ਜ਼ਿਲ੍ਹਾ ਹਸਪਤਾਲ ਆਧੁਨਿਕ ਸਹੂਲਤਾਂ ਦੀ ਘਾਟ ਦਾ ਸ਼ਿਕਾਰ ਹੈ। ਸਹੂਲਤਾਂ ਦੀ ਘਾਟ ਕਾਰਨ ਮਾਮੂਲੀ ਗੰਭੀਰ ਵਿਅਕਤੀ ਨੂੰ ਡਾਕਟਰ ਹੋਰ ਹਸਪਤਾਲਾਂ ਵਿਚ ਇਲਾਜ ਲਈ ਭੇਜ ਦਿੰਦੇ ਹਨ। ਲੋਕ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਮਜਬੂਰ ਹਨ। ਸਿੱਖਿਆ ਪੱਖੋਂ ਭਾਵੇਂ ਇੱਥੇ ਪ੍ਰਾਈਵੇਟ ਕਾਲਜ ਅਤੇ ਯੂਨੀਵਰਸਿਟੀਆਂ ਦੀ ਬਹੁਤਾਤ ਹੈ ਸਰਕਾਰੀ ਕਾਲਜ ਦੀ ਘਾਟ ਹੈ। ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਮਾਰਗ ਨੰਬਰ-1 ਸਰਹਿੰਦ ਭਾਖੜਾ ਨਹਿਰ ਉਪਰ ਬਣਿਆ ਚਾਰ ਦਹਾਕੇ ਪੁਰਾਣਾ ਅਲੌਕਿਕ ਫਲੋਟਿੰਗ (ਪਾਣੀ ‘ਤੇ ਤੈਰਦਾ) ਰੈਸਟੋਰੈਂਟ ਸਰਕਾਰੀ ਅਣਦੇਖੀ ਕਾਰਨ ਬੰਦ ਹੋਣ ਕਿਨਾਰੇ ਹੈ। ਨੈਸ਼ਨਲ ਹਾਈਵੇਅ ਨੰਬਰ-1 ਨੂੰ 6 ਮਾਰਗੀ ਬਣਾਉਣ ਵੇਲੇ ਇੰਜਨੀਅਰ ਇਸ ਰੈਸਟੋਰੈਂਟ ਲਈ ਰਸਤਾ ਛੱਡਣਾ ਹੀ ਭੁੱਲ ਗਏ। ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੂਰੇ ਹਲਕੇ ਵਿਚ ਰਾਜਸੀ ਸਰਪ੍ਰਸਤੀ ਨਾਲ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਇਸ ਨੂੰ ਪ੍ਰਸ਼ਾਸਨ ਚਾਹੁੰਦਿਆਂ ਹੋਇਆਂ ਵੀ ਛੁਡਾ ਨਹੀਂ ਸਕਿਆ। ਮਨਰੇਗਾ ਦੇ ਪ੍ਰਾਜੈਕਟਾਂ ਉਪਰ ਸਹੀ ਕੰਮ ਨਹੀਂ ਹੋ ਰਿਹਾ ਹੈ। ਸਿਵਿਲ ਪ੍ਰਸ਼ਾਸਨ ਮਨਰੇਗਾ ਸਕੀਮ ਤਹਿਤ ਪ੍ਰਾਜੈਕਟਾਂ ਨੂੰ ਚਲਾਉਣ ਵਿਚ ਅਸਫ਼ਲ ਸਾਬਤ ਹੋ ਰਿਹਾ ਹੈ। ਸਮਾਜਿਕ ਕਾਰਕੁਨ ਪਰਮਿੰਦਰ ਸਿੰਘ ਦਿਓਲ ਅਤੇ ਗਣੇਸ਼ ਦੱਤ ਸ਼ਰਮਾ ਦਾ ਕਹਿਣਾ ਹੈ ਕਿ ਹਲਕੇ ਵਿਚ ਮੋਦੀ ਸਰਕਾਰ ਵੱਲੋਂ ਚਲਾਇਆ ਗਿਆ ਸਵੱਛ ਭਾਰਤ ਅਭਿਆਨ ਵੀ ਜ਼ਿਲ੍ਹੇ ਵਿਚ ਚੰਗਾ ਅਸਰ ਨਹੀਂ ਦਿਖਾ ਸਕਿਆ। ਥਾਂ-ਥਾਂ ਗੰਦਗੀ ਦੇ ਢੇਰ ਅਭਿਆਨ ਦਾ ਮੂੰਹ ਚਿੜਾ ਰਹੇ ਹਨ। ਭਾਵੇਂ ਕਿ ਫ਼ਤਹਿਗੜ੍ਹ ਸਾਹਿਬ ਵਿਚ 100 ਫ਼ੀਸਦੀ ਸੀਵਰੇਜ ਸਿਸਟਮ ਪਾਉਣ ਦਾ ਕੰਮ ਚੱਲ ਰਿਹਾ ਹੈ ਪਰ ਨਿਰਧਾਰਿਤ ਸਮੇਂ ਵਿਚ ਕੰਮ ਪੂਰਾ ਨਾ ਹੋਣ ਕਾਰਨ ਲੋਕਾਂ ਵਿਚ ਰੋਹ ਹੈ।
ਐਸਜੀਪੀਸੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ, ਮਾਤਾ ਚਕਰੇਸ਼ਵਰੀ ਦੇਵੀ ਜੈਨ ਮੰਦਰ, ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਅਤੇ ਮੁਸਲਮਾਨਾਂ ਦੇ ਦੂਜੇ ਮੱਕੇ ਵਜੋਂ ਪ੍ਰਸਿੱਧ ‘ਦਰਗਾਹ ਰੋਜ਼ਾ ਸ਼ਰੀਫ਼’ ਸਥਿਤ ਹਨ। ਇਨ੍ਹਾਂ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣ ਲਈ ਲੱਖਾਂ ਸ਼ਰਧਾਲੂ ਦੇਸ਼ ਅਤੇ ਵਿਦੇਸ਼ਾਂ ਤੋਂ ਇੱਥੇ ਪੁੱਜਦੇ ਹਨ ਪਰ ਢੁੱਕਵੀਆਂ ਰੇਲ ਗੱਡੀਆਂ ਦਾ ਠਹਿਰਾਅ ਨਾ ਹੋਣ ਯਾਤਰੀ ਪ੍ਰੇਸ਼ਾਨ ਹੁੰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੀਆਂ ਸੰਸਦੀ ਚੋਣਾਂ ਵਿਚ ਇਸ ਰਿਜ਼ਰਵ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਖ਼ਾਲਸਾ ਨੇ 3,67,293 ਵੋਟਾਂ ਲੈ ਕੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੂੰ 54,144 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਾਧੂ ਸਿੰਘ ਧਰਮਸੋਤ ਨੂੰ 3,13,149 ਵੋਟਾਂ ਮਿਲੀਆਂ ਸਨ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਅਮਰਨਾਥ ਨੇ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਜਿੱਤਣ ਤੋਂ ਬਾਅਦ ਹਲਕੇ ਵਿਚੋਂ ਗ਼ਾਇਬ ਹੀ ਰਹੇ ਹਨ।
ਲੋਕ ਅਜੇ ਵੀ ਚਾਹੁੰਦੇ ਹਨ: ਖ਼ਾਲਸਾ
ਸੰਸਦ ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਐਮਪੀ ਕੋਟੇ ਵਿਚੋਂ ਮਿਲੀ ਗ੍ਰਾਂਟ 24 ਕਰੋੜ 39 ਲੱਖ 77 ਹਜ਼ਾਰ ਰੁਪਏ ਪਿੰਡਾਂ ਅਤੇ ਹਲਕੇ ਦੇ ਵਿਕਾਸ ਲਈ ਤਕਸੀਮ ਕਰ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨਾਲ ਨਿੱਜੀ ਰਾਬਤਾ ਵੀ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਅਜੇ ਵੀ ਉਨ੍ਹਾਂ ਨੂੰ ਹੀ ਚਾਹੁੰਦੇ ਹਨ।
ਖ਼ਾਲਸਾ ਇਲਾਕੇ ਵਿਚੋਂ ਗਾਇਬ ਰਹੇ: ਧਰਮਸੋਤ
ਹਰਿੰਦਰ ਸਿੰਘ ਖ਼ਾਲਸਾ ਨੇ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਆਪਣੀ ਸ਼ਕਲ ਤੱਕ ਨਹੀਂ ਦਿਖਾਈ, ਉਹ ਇਲਾਕੇ ਵਿਚੋਂ ਗਾਇਬ ਹੀ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਦੇ ਕੰਮ ਕਰਵਾਉਣਾ ਤਾਂ ਦੂਰ ਹਰਿੰਦਰ ਸਿੰਘ ਖ਼ਾਲਸਾ ਤਾਂ ਕਿਸੇ ਦਾ ਫੋਨ ਤੱਕ ਨਹੀਂ ਚੁੱਕਦੇ।
Check Also
ਸੀਨੀਅਰ ਆਈਏਐਸ ਅਧਿਕਾਰੀ ਵਿਨੀ ਮਹਾਜਨ ਹੋਏ ਸੇਵਾਮੁਕਤ
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਸਨ ਵਿਨੀ ਮਹਾਜਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੀ …