ਜਲੰਧਰ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਮੁੜ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਐਨਡੀਪੀ ਪਾਰਟੀ ਦੇ ਕੌਮੀ ਲੀਡਰ ਜਗਮੀਤ ਸਿੰਘ ਨੂੰ ਖਾਲਿਸਤਾਨੀ ਪੱਖੀ ਦੱਸਿਆ ਹੈ। ਉਨ੍ਹਾਂ ਆਖਿਆ ਕਿ ਜਗਮੀਤ ਸਿੰਘ ਤੇ ਹਰਜੀਤ ਸਿੰਘ ਸੱਜਣ ਸਿਆਸੀ ਲਾਹਾ ਲੈਣ ਲਈ ਅਜਿਹੇ ਬਿਆਨ ਦਿੰਦੇ ਹਨ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ। ਕੈਪਟਨ ਨੇ ਆਖਿਆ ਕਿ ਉਹ ਕਿਸੇ ਵੀ ਕੀਮਤ ‘ਤੇ ਪੰਜਾਬ ਦਾ ਮਹੌਲ ਖਰਾਬ ਨਹੀਂ ਹੋਣ ਦੇਣਗੇ, ਕਿਉਂਕਿ ਪੰਜਾਬ ਪਹਿਲਾਂ ਹੀ ਖਾਲਿਸਤਾਨੀ ਲਹਿਰ ਸਮੇਂ 35 ਹਜ਼ਾਰ ਨੌਜਵਾਨ ਸ਼ਹੀਦ ਕਰਵਾ ਚੁੱਕਿਆ ਹੈ। ਬੇਸ਼ੱਕ ਕੈਪਟਨ ਨੇ ਪੰਜਾਬ ‘ਚ ਆਰਐਸਐਸ ਦੇ ਲੀਡਰਾਂ ਦੇ ਹੋ ਰਹੇ ਕਤਲਾਂ ਨੂੰ ਖਾਲਿਸਤਾਨੀ ਪੱਖੀਆਂ ਦੀ ਕਾਰਵਾਈ ਕਰਾਰ ਦੇਣ ਤੋਂ ਇਨਕਾਰ ਕੀਤਾ, ਪਰ ਉਨ੍ਹਾਂ ਹਰਜੀਤ ਸਿੰਘ ਸੱਜਣ ਤੇ ਜਗਮੀਤ ਸਿੰਘ ਨੂੰ ਪੰਜਾਬ ਤੋਂ ਬਾਹਰੀ ਦੱਸਿਆ। ਧਿਆਨ ਰਹੇ ਕਿ ਕੈਨੇਡਾ ਫੇਰੀ ਮੌਕੇ ਅਮਰਿੰਦਰ ਸਿੰਘ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਉਹ ਗਾਹੇ-ਵਗਾਹੇ ਮੌਕਾ ਮਿਲਣ ‘ਤੇ ਕੈਨੇਡਾ ਦੇ ਸਿੱਖ ਲੀਡਰਾਂ ਨੂੰ ਨਿਸ਼ਾਨੇ ‘ਤੇ ਲੈਂਦੇ ਹਨ।