Breaking News
Home / ਪੰਜਾਬ / ਭਗਵੰਤ ਮਾਨ ਨੇ ਨਿਭਾਇਆ ਵਾਅਦਾ

ਭਗਵੰਤ ਮਾਨ ਨੇ ਨਿਭਾਇਆ ਵਾਅਦਾ

ਕਰੋਨਾ ਯੋਧੇ ਪੀਆਰਟੀਸੀ ਦੇ ਡਰਾਈਵਰ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ
ਕਾਂਗਰਸ ਸਰਕਾਰ ਨੇ ਦਿੱਤੇ ਸਨ 10 ਲੱਖ ਰੁਪਏ
ਮਨਜੀਤ ਸਿੰਘ ਦੀ ਡਿਊਟੀ ਦੌਰਾਨ ਹਾਰਟ ਅਟੈਕ ਨਾਲ ਹੋ ਗਈ ਸੀ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਦੌਰਾਨ ਹਿੰਮਤ ਦਿਖਾਉਣ ਵਾਲੇ ਕਰੋਨਾ ਯੋਧੇ ਮਨਜੀਤ ਸਿੰਘ ਦੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ 50 ਲੱਖ ਰੁਪਏ ਦੇਵੇਗੀ। ਇਹ ਕਰੋਨਾ ਯੋਧਾ ਪੀਆਰਟੀਸੀ ਦਾ ਡਰਾਈਵਰ ਮਨਜੀਤ ਸਿੰਘ ਸੀ, ਜਿਸਦੀ ਡਿਊਟੀ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਵਿਭਾਗ ਨੂੰ ਤੁਰੰਤ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਹ ਮਨਜੀਤ ਸਿੰਘ ਉਹੀ ਡਰਾਈਵਰ ਹੈ, ਜੋ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਸੈਂਕੜੇ ਸਿੱਖਾਂ ਨੂੰ ਪੰਜਾਬ ਲੈ ਕੇ ਆਇਆ ਸੀ। ਇਸਦੇ ਲਈ ਉਸ ਨੇ ਸਰਕਾਰੀ ਬੱਸ ਨਾਲ ਪੰਜਾਬ ਅਤੇ ਮਹਾਰਾਸ਼ਟਰ ਦੇ ਕਈ ਚੱਕਰ ਲਗਾਏ ਸਨ। ਜ਼ਿਕਰਯੋਗ ਹੈ ਕਿ ਮਨਜੀਤ ਸਿੰਘ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੀਐਮ ਬਣੇ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਕਾਂਗਰਸ ਸਰਕਾਰ ਦੇ 10 ਲੱਖ ਰੁਪਏ ਦੇ ਮੁਆਵਜ਼ੇ ਨੂੰ ਨਾਕਾਫੀ ਕਰਾਰ ਦਿੱਤਾ ਸੀ। ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣੇ ਹਨ ਤਾਂ ਉਨ੍ਹਾਂ ਪੰਜਾਬ ਸਰਕਾਰ ਵਲੋਂ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਜਾਰੀ ਕਰਨ ਲਈ ਕਹਿ ਦਿੱਤਾ ਹੈ।

 

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …