Breaking News
Home / ਜੀ.ਟੀ.ਏ. ਨਿਊਜ਼ / ਪੁਲਿਸ ਅਫ਼ਸਰਸ਼ਾਹੀ ਕਬੂਲ ਨਹੀਂ ਕਰ ਪਾ ਰਹੀ ਆਹਲੂਵਾਲੀਆ ਨੂੂੰ

ਪੁਲਿਸ ਅਫ਼ਸਰਸ਼ਾਹੀ ਕਬੂਲ ਨਹੀਂ ਕਰ ਪਾ ਰਹੀ ਆਹਲੂਵਾਲੀਆ ਨੂੂੰ

Amrik Singh alhuwalia copy copyਬਰੈਂਪਟਨ ਅਤੇ ਮਿਸੀਸਾਗਾ ਦੀਆਂ ਮੇਅਰ ਲਿੰਡਾ ਜੈਫਰੀ ਤੇ ਬੌਨੀ ਕਰੌਂਬੀ ਪੀਲ ਪੁਲਿਸ ਸਰਵਿਸ ਬੋਰਡ ਦੇ ਚੇਅਰਮੈਨ ਆਹਲੂਵਾਲੀਆ ਦੇ ਹੱਕ ਵਿਚ ਡਟੀਆਂ
ਬਰੈਂਪਟਨ/ਬਿਊਰੋ ਨਿਊਜ਼ : ਪੀਲ ਪੁਲਿਸ ਸਰਵਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਦੀ ਚੇਅਰਮੈਨੀ ਨੂੰ ਪੀਲ ਰਿਜ਼ਨਲ ਪੁਲਿਸ ਦੇ ਸੀਨੀਅਰ ਅਧਿਕਾਰੀ ਕਬੂਲ ਹੀ ਨਹੀਂ ਕਰ ਪਾ ਰਹੇ। ਧਿਆਨ ਰਹੇ ਕਿ ਇਸ ਅਹੁਦੇ ‘ਤੇ ਪਹੁੰਚਣ ਵਾਲੇ ਅਮਰੀਕ ਸਿੰਘ ਆਹਲੂਵਾਲੀਆ ਪਹਿਲੇ ਪੰਜਾਬੀ ਅਤੇ ਸਿੱਖ ਹਨ। ਇਕ ਪਾਸੇ ਜਿੱਥੇ ਆਹਲੂਵਾਲੀਆ ਦੇ ਹੱਕ ਵਿਚ ਬਰੈਂਪਟਨ ਅਤੇ ਮਿਸੀਸਾਗਾ ਦੀਆਂ ਮੇਅਰਾਂ ਲਿੰਡਾ ਜੈਫਰੀ ਤੇ ਬੌਨੀ ਕਰੌਂਬੀ ਖੁੱਲ੍ਹ ਕੇ ਡਟ ਗਈਆਂ ਹਨ, ਉਥੇ ਦੂਜੇ ਪਾਸੇ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ ਆਹਲੂਵਾਲੀਆ ਤੋਂ ਅਸਤੀਫ਼ੇ ਦੀ ਮੰਗ ਕਰਦੀ ਹੈ। ਇਥੋਂ ਤੱਕ ਪੀਲ ਜ਼ਿਲ੍ਹੇ ਦੀ ਪੁਲਿਸ ਮੁਖੀ ਜੈਨੀਫਰ ਇਵਾਨ ਦਾ ਵਿਰੋਧ ਵੀ ਸਾਹਮਣੇ ਆ ਚੁੱਕਾ ਹੈੇ। ਬੇਸ਼ੱਕ ਪੁਲਿਸ ਦੀ ਅਫ਼ਸਰਸ਼ਾਹੀ ਲੌਬੀ ਨੇ ਮਿਲ ਕੇ ਆਹਲੂਵਾਲੀਆ ਨੂੰ ਅਹੁਦੇ ਤੋਂ ਹਟਾਉਣ ਲਈ ਮੁਹਿੰਮ ਛੇੜ ਲਈ ਹੋਵੇ ਪਰ ਜਿਵੇਂ ਦੋ ਸ਼ਹਿਰਾਂ ਦੀਆਂ ਮੇਅਰਾਂ ਆਹਲੂਵਾਲੀਆ ਦੇ ਹੱਕ ਵਿਚ ਡਟ ਗਈਆਂ ਹਨ ਤੇ ਪੁਲਿਸ ਬੋਰਡ ਦੀਆਂ ਇਨ੍ਹਾਂ ਦੋ ਸ਼ਕਤੀਸ਼ਾਲੀ ਮੈਂਬਰਾਂ ਦਾ ਇਹ ਵੀ ਦਾਅਵਾ ਹੈ ਕਿ ਆਹਲੂਵਾਲੀਆ ਕਿਤੇ ਨਹੀਂ ਜਾ ਰਹੇ। ਉਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਅਮਰੀਕ ਸਿੰਘ ਆਹਲੂਵਾਲੀਆ ਨੂੰ ਚੇਅਰਮੈਨੀ ਤੋਂ ਲਾਂਭੇ ਕਰਨਾ ਆਸਾਨ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਆਹਲੂਵਾਲੀਆ ਲੰਘੇ ਜਨਵਰੀ ਮਹੀਨੇ ਵਿਚ ਸਰਵਸੰਮਤੀ ਨਾਲ ਪੀਲ ਪੁਲਿਸ ਸਰਵਿਸ ਬੋਰਡ ਦੇ ਚੇਅਰਮੈਨ ਚੁਣੇ ਗਏ ਸਨ ਤੇ ਉਨ੍ਹਾਂ ਇਹ ਅਹੁਦਾ ਸਾਂਭਦਿਆਂ ਹੀ ਪੁਲਿਸ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਚਲਦਿਆਂ ਹੀ ਉਨ੍ਹਾਂ ਜ਼ਿਲ੍ਹਾ ਪੁਲਿਸ ਚੀਫ਼ ਦੇ ਇਕ ਖਾਸਮ ਖਾਸ ਅਤੇ ਲੰਮੇ ਸਮੇਂ ਤੋਂ ਬੋਰਡ ਦੇ ਐਗਜੈਕਟਿਵ ਡਾਇਰੈਕਟਰ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਆਹਲੂਵਾਲੀਆ ਨੇ ਤਾਂ ਫੋਰਸ ਦਾ ਡਾਇਵਰਸਿਟੀ ਆਡਿਟ ਕਰਵਾਉਣ ਦੀ ਪੈਰਵੀ ਕੀਤੀ। ਇਸ ਦਾ ਵੀ ਜ਼ਿਲ੍ਹਾ ਪੁਲਿਸ ਮੁਖੀ ਨੇ ਸ਼ੁਰੂ ‘ਚ ਵਿਰੋਧ ਕੀਤਾ ਸੀ।
ਪੁਲਿਸ ‘ਤੇ ਲਗਦੇ ਰਹੇ ਹਨ ਨਸਲੀ ਵਿਤਕਰੇ ਦੇ ਦੋਸ਼
ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਕਈ ਨਸਲਾਂ ਅਤੇ ਦੇਸ਼ਾਂ ਦੇ ਲੋਕ ਵਸਦੇ ਹਨ। ਖਾਸ ਕਰ ਇਸ ਸੂਬੇ ਦੇ ਸ਼ਹਿਰ ਬਰੈਂਪਟਨ ਅਤੇ ਮਿਸੀਸਾਗਾ ਵਿਚ ਪੀਲ ਰਿਜ਼ਨਲ ਪੁਲਿਸ ‘ਤੇ ਨਸਲੀ ਵਿਤਕਰੇ ਦੇ ਦੋਸ਼ ਲਗਦੇ ਰਹੇ ਹਨ। ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ ਕਿ ਪੁਲਿਸ ਆਪਣੀ ਡਿਊਟੀ ਦੌਰਾਨ ਕਈ ਤਰ੍ਹਾਂ ਦੇ ਭੇਦ-ਭਾਵ ਤੇ ਧੱਕੇਸ਼ਾਹੀ ਕਰਦੀ ਰਹੀ ਹੈ। ਇਸ ਨਸਲੀ ਵਿਤਕਰੇ ਖਿਲਾਫ਼ ਆਹਲੂਵਾਲੀਆ ਦੀ ਸਖਤੀ ਤੋਂ ਵੀ ਪੁਲਿਸ ਅਧਿਕਾਰੀ ਨਾਰਾਜ਼ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਇਸ ਨੂੰ ਆਪਣੇ ਅਹਿਮ ਦਾ ਸਵਾਲ ਬਣਾ ਕੇ ਆਹਲੂਵਾਲੀਆ ਨੂੰ ਕੁਰਸੀ ਤੋਂ ਲਾਂਭੇ ਕਰਨ ਦੀ ਮੁਹਿੰਮ ਛੇੜ ਦਿੱਤੀ। ਇਸ ਦੌਰਾਨ ਜਿੱਥੇ ਜੈਨੀਫਰ ਇਵਾਨ ਦਾ ਕਹਿਣਾ ਹੈ ਕਿ ਉਹ ਬੋਰਡ ਨਾਲ ਰਲ ਕੇ ਕੰਮ ਕਰਨ ਲਈ ਵਚਨਬੱਧ ਹੈ। ਉਥੇ ਚੇਅਰਮੈਨ ਆਹਲੂਵਾਲੀਆ ਦਾ ਵੀ ਕਹਿਣਾ ਹੈ ਕਿ ਉਹ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਅੰਜ਼ਾਮ ਦੇ ਰਹੇ ਹਨ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …