ਨਹੀਓਂ ਭੁੱਲਣਾ ਵਿਛੋੜਾ ਤੇਰਾ…
ਨਿੰਦਰ ਘੁਗਿਆਣਵੀ
ਆਸਟਰੇਲੀਆ ਦੇ ਬ੍ਰਿਸਬਨ ਵਿਖੇ ਇੱਕ ਗੋਰੇ ਐਨਥਨੀ ਓ ਡੋਨੋਹੀਉ ਵਲੋਂ ਸਾਡੇ ਪੰਜਾਬੀ ਮੁੰਡੇ ਬਸ ਚਾਲਕ ਮਨਮੀਤ ਅਲੀਸ਼ੇਰ ਨੂੰ ਜਿਊਂਦਾ ਸਾੜੇ ਜਾਣ ਦੀ ਦਿਲ ਵਲੂੰਧਰਵੀਂ ਘਟਨਾ ਨੇ ਦੁਨੀਆਂ ਭਰ ਵਿੱਚ ਲੋਕਾਂ ਨੂੰ ਸੋਗੀ ਕੀਤਾ ਹੋਇਆ ਹੈ। 28 ਅਕਤੂਬਰ ਦੀ ਦੁਪਹਿਰ ਸੀ, ਜਦ ਗੀਤਕਾਰ ਅਮਰਦੀਪ ਗਿੱਲ ਦੀ ਮਾਤਾ ਦੇ ਭੋਗ ਉਪਰੰਤ ਦੇਗ਼ ਲੈ ਕੇ ਗੁਰੂ ਘਰ ‘ਚੋਂ ਬਾਹਰ ਨੂੰ ਆਉਣ ਲੱਗੇ ਤਾਂ ਕੁਝ ਘੰਟੇ ਹੀ ਪਹਿਲਾਂ ਬ੍ਰਿਸਬਨ ਤੋਂ ਪਰਤੇ ਗਾਇਕ ਮਿੱਤਰ ਹਰਜੋਤ ਨੇ ਮੈਨੂੰ ਇਹ ਮਹਨੂਸ ਘਟਨਾ ਸੁਣਾ ਕੇ ਕੰਬਾ ਦਿੱਤਾ ਕਿਉਂਕਿ ਮਨਮੀਤ ਮੇਰਾ ਬਹੁਤ ਨਜ਼ਦੀਕੀ ਮਿੱਤਰ ਸੀ। ਉਹ ਸਾਧਾਰਨ ਮੁੰਡਾ ਨਹੀਂ ਸੀ। ਉਹਦੇ ਵਿੱਚ ਬਹੁਤ ਕੁਝ ਹੋਰਨਾਂ ਨਾਲੋਂ ਵੱਖਰਾ ਸੀ।
2011 ਵਿੱਚ ਜਦ ਮੈਂ ਆਸਟਰੇਲੀਆ ਯਾਤਰਾ ਉਤੇ ਗਿਆ ਤਾਂ ਉਹ ਆਪਣੇ ਸਾਥੀ ਸਤਵੰਤ ਬੋਪਾਰਾਏ ਨਾਲ ਏਅਰਪੋਰਟ ਉਤੇ ਲੈਣ ਆਇਆ ਖੜ੍ਹਾ ਸੀ। ਬੋਪਾਰਾਏ ਨਾਲ ਉਹਦੀ ਚੰਗੀ ਬਣਦੀ ਸੀ। ਬੋਪਾਰਾਏ ਵੱਲੋਂ ਕੱਢੇ ਜਾਂਦੇ ਅਖ਼ਬਾਰ ‘ਦਾ ਪੰਜਾਬ’ ਵਿੱਚ ਉਹਦੀਆਂ ਲਿਖਤਾਂ ਮਨਮੀਤ ਅਲੀਸ਼ੇਰ ਦੇ ਨਾਂ ਹੇਠ ਛਪਦੀਆਂ। ਉਂਝ ਉਹ ਮਨਮੀਤ ਸ਼ਰਮਾ ਸੀ ਪਰ ਕਹਿੰਦਾ ਸੀ ਕਿ ਆਪਣੇ ਪਿੰਡ ਦਾ ਨਾਂ ਉੱਚਾ ਕਰਨ ਖਾਤਰ ਹੀ ‘ਅਲੀਸ਼ੇਰ’ ਨਾਲ ਲਿਖਦਾ ਹੈ। ਬ੍ਰਿਸਬਨ ਦੀ ਪੰਜਾਬੀ ਸਾਹਿਤ ਸਭਾ ਦਾ ਵੀ ਉਹ ਸਰਗਰਮ ਮੈਂਬਰ ਸੀ। ਸੁਰੀਲੀ ਆਵਾਜ਼ ਵਿੱਚ ਗੀਤ ਗਾਉਂਦਾ ਤੇ ਨਾਟਕਾਂ ਵਿੱਚ ਵੀ ਅਦਾਕਾਰੀ ਕਰਦਾ। ਉਸ ਨੂੰ ਪਤਾ ਲੱਗਣ ਦੀ ਦੇਰ ਹੁੰਦੀ ਕਿ ਬ੍ਰਿਸਬਨ ਕੋਈ ਕਲਾਕਾਰ ਜਾਂ ਕਵੀ ਆਇਆ ਹੈ ਤਾਂ ਉਹ ਝਟ ਲੱਭ ਲੈਂਦਾ ਸੀ। ਹੁਣ ਉਸਨੇ ਆਪਣੀ ਕਿਤਾਬ ਛਪਵਾਉਣ ਲਈ ਮੈਥੋਂ ਭੂਮਿਕਾ ਲਿਖਵਾਉਣ ਦੀ ਸਹਿਮਤੀ ਵੀ ਲੈ ਰੱਖੀ ਸੀ। ਪੰਜਾਬ ਰਹਿੰਦੇ ਸਮੇਂ ਮਨਮੀਤ ਨੂੰ ਗੀਤ ਲਿਖਣ, ਗਾਉਣ, ਅਦਾਕਾਰੀ ਕਰਨ ਤੇ ਸਭਿਆਚਾਰਕ ਮੁਕਾਬਲਅਿਾਂ ਵਿਚ ਭਾਗ ਲੈਣ ਦੀ ਬਹੁਤ ਰੁਚੀ ਸੀ, ਜੋ ਆਸਟਰੇਲੀਆ ਆਪਣੀ ਧਰਤੀ ਤੋਂ ਦੂਰ ਜਾ ਕੇ ਕਾਫੀ ਪ੍ਰਫੁਲਤ ਹੋਈ।
ਮਨਮੀਤ 2008 ਵਿੱਚ ਵਿਦਿਆਰਥੀ ਵੀਜ਼ੇ ਉਤੇ ਆਸਟਰੇਲੀਆ ਗਿਆ। ਹੋਰਨਾਂ ਵਿਦਿਆਰਥੀਆਂ ਵਾਂਗ ਕਰੜੀ ਮਿਹਨਤ ਕੀਤੀ। ਟੈਕਸੀ ਚਲਾਉਣੀ ਛੱਡ ਕੇ ਹੁਣ ਉਹ ਬ੍ਰਿਸਬਨ ਦੀ ਬੱਸ ਕੌਂਸਲ ਵਿੱਚ ਡਰਾਇਵਰ ਬਣ ਗਿਆ ਹੋਇਆ ਸੀ। ਸੁਭਾਅ ਦਾ ਬਹੁਤ ਨਿੱਘਾ। ਮੈਨੂੰ ਨਹੀਂ ਵਿਸ਼ਵਾਸ ਆ ਰਿਹਾ ਕਿ ਜਿਹੜੇ ਗੋਰੇ ਨੇ ਉਸਨੂੰ ਜਿੰਦਾ ਜਲਾ ਦਿੱਤਾ ਹੈ, ਉਸ ਨਾਲ ਉਸਦੀ ਕੋਈ ਖਹਿਬਾਜ਼ੀ ਹੋਵੇਗੀ ਜਾਂ ਕੋਈ ਤਕਰਾਰ ਹੋਇਆ ਹੋਵੇਗਾ। ਮਨਮੀਤ ਗੁੱਸੇਖੋਰ ਬਿਲਕੁਲ ਨਹੀਂ ਸੀ। ਮੈਂ ਉਹਦੇ ਘਰ 12 ਦਿਨ ਰਿਹਾ। ਉਹ ਹਰ ਥਾਂ ‘ਤੇ ਮੇਰੇ ਨਾਲ ਪ੍ਰੋਗਰਾਮਾਂ ਵਿੱਚ ਜਾਂਦਾ ਤੇ ਬ੍ਰਿਸਬਨ ਦੀਆਂ ਖ਼ਾਸ-ਖ਼ਾਸ ਥਾਵਾਂ ਦਿਖਾਉਂਦਾ ਰਿਹਾ। ਬੋਪਾਰਾਏ ਵੀ ਅਕਸਰ ਸਾਡੇ ਨਾਲ ਹੀ ਹੁੰਦਾ ਤੇ ਖ਼ੂਬ ਰੌਣਕ ਲੱਗਦੀ। ਉਮਰ ਵਿੱਚ ਸਾਥੋਂ ਦੋਵਾਂ ਤੋਂ ਕਾਫੀ ਵੱਡਾ ਹੋਣ ਕਰ ਕੇ ਅਸੀਂ ਦੋਵੇਂ ਬੋਪਾਰਾਏ ਨੂੰ ‘ਚਾਚਾ’ ਆਖਦੇ। ਮਨਮੀਤ ਦੀਆਂ ਕਾਵਿ ਰਚਨਾਵਾਂ ਦਿਲ ਨੂੰ ਟੁੰਬਣ ਵਾਲੀਆਂ ਹੁੰਦੀਆਂ ਤੇ ਖ਼ਾਸ ਕਰਕੇ ਆਪਣਾ ਵਤਨ ਛੱਡਕੇ ਪਰਦੇਸੀ ਹੋਣ ਦਾ ਝੋਰਾ ਤੇ ਉਦਾਸੀ ਉਹਦੇ ਗੀਤਾਂ ਵਿੱਚੋਂ ਝਲਕਦੀ ਸੀ। ਮਨਮੀਤ ਦੇ ਪਿਤਾ ਮਾਸਟਰ ਰਾਮ ਸਰੂਪ ਸ਼ਰਮਾ ਤੇ ਮਾਂ ਕ੍ਰਿਸ਼ਨਾ ਦੇਵੀ ਤੇ ਵੱਡੇ ਭਰਾ ਅਮਿਤ ਅਲੀਸ਼ੇਰ ਨੂੰ ਉਹਦੇ ਉੱਤੇ ਬਹੁਤ ਆਸਾਂ ਸਨ, ਜਿਨ੍ਹਾਂ ਉੱਤੇ ਪਾਣੀ ਫਿਰ ਗਿਆ ਹੈ। ਪਿੱਛੇ ਜਿਹੇ ਮਨਮੀਤ ਨੇ ਫੇਸਬੁੱਕ ਉੱਤੇ ਮੈਨੂੰ ਸੁਨੇਹਾ ਭੇਜ ਕੇ ਤਾਕੀਦ ਕੀਤੀ ਸੀ ਕਿ ਦਸੰਬਰ ਵਿੱਚ ਮੇਰੀ ਮੰਗਣੀ ਹੋਣੀ ਹੈ, ਮੈਂ ਨਵੰਬਰ ਵਿੱਚ ਪੰਜਾਬ ਪੁੱਜਾਂਗਾ, ਤੂੰ ਆਉਣਾ ਜ਼ਰੂਰ। ਕਿੰਨਾ ਸਿਤਮ ਭਰਿਆ ਸਮਾਂ ਹੈ ਕਿ ਮਾਂ ਕ੍ਰਿਸ਼ਨਾ ਦੇਵੀ ਆਪਣੇ ਪੁੱਤ ਨੂੰ ਚਾਵਾਂ ਨਾਲ ਉਡੀਕ ਰਹੀ ਸੀ ਤੇ ਹੁਣ ਹੌਕਿਆਂ ਤੇ ਹੰਝੂਆਂ ਨਾਲ ਉਹਦਾ ਬਕਸਾ ਉਡੀਕ ਰਹੀ ਹੈ। ਇਹ ਪੰਜਾਬਣ ਮਾਵਾਂ ਦੀ ਹੋਣੀ ਹੈ ਕਿ ਉਹ ਗਲਵੱਕੜੀਆਂ ਵਿੱਚ ਲੈ ਆਪਣੇ ਪੁੱਤਾਂ ਨੂੰ ਤੇ ਭਿੱਜੀਆਂ ਅੱਖਾਂ ਨਾਲ ਸਿਰ ਪਲੋਸਦੀਆਂ ਪਰਦੇਸ ਤੋਰਦੀਆਂ ਨੇ ਤੇ ਫਿਰ ਪੁੱਤ ਇੱਕ ਬਕਸੇ ਦੇ ਰੂਪ ਵਿੱਚ ਘਰ ਪਰਤਦਾ ਹੈ, ਹਾਏ ਓ ਮੇਰੇ ਡਾਢਿਆਂ ਰੱਬਾ ਤੈਂ ਕੁਹੇ ਲੇਖ ਲਿਖਾਏ ਨੇ ਅਜਿਹੀਆਂ ਮਾਵਾਂ ਤੇ ਅਜਿਹੇ ਪੁੱਤਾਂ ਦੇ? ਚੰਗਾ ਬਈ… ਮਨਮੀਤ ਮਿੱਤਰਾ, ਨਾ ਤੇਰੀ ਮੰਗਣੀ ਦੇਖਣ ਦਾ ਸੁਭਾਗ ਮਿਲਿਆ ਤੇ ਨਾ ਤੇਰੀ ਕਿਤਾਬ ਦੀ ਭੂਮਿਕਾ ਲਿਖਣ ਦਾ! ਵਿਛੋੜਾ ਪਾ ਕੇ ਤੁਰ ਗਿਉਂ! ਜਦ ਵੀ ਲਹਿਰੇਗਾਗੇ ਕੋਲ ਦੀ ਲੰਘਾਂਗਾ, ਤੇਰੀ ਯਾਦ ਮਨ ਨੂੰ ਧੂਹ ਪਾਊਗੀ-ਨਹੀਓਂ ਭੁੱਲਣਾ ਵਿਛੋੜਾ ਤੇਰਾ, ਸਾਰੇ ਦੁੱਖ ਭੁੱਲ ਜਾਣਗੇ!
[email protected]
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …