ਪਟਿਆਲਾ/ਬਿਊਰੋ ਨਿਊਜ਼
ਸੰਸਦ ਮੈਂਬਰ ਤੇ ‘ਆਪ’ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਪਾਣੀਆਂ ‘ਤੇ ਪਹਿਰੇਦਾਰੀ ਦੀ ਗੱਲ ਕਿਹੜੇ ਮੂੰਹ ਨਾਲ ਕਰ ਰਹੇ ਹਨ, ਕਿਉਂਕਿ ਉਹ ਖੁਦ ਹਰਿਆਣਾ ਨੂੰ ਪਾਣੀ ਦੇਣ ਮੌਕੇ ਚਾਂਦੀ ਦੀ ਕਹੀ ਲੈ ਕੇ ਗਏ ਸਨ। ਮਾਨ ਪੰਜਾਬੀ ਯੂਨੀਵਰਸਿਟੀ ਵਿਚ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਰੋਸ ਧਰਨੇ ਵਿਚ ਸ਼ਿਰਕਤ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਜਦੋਂ ਐੱਸਵਾਈਐੱਲ ਨਹਿਰ ਦਾ ਪਿੰਡ ਕਪੂਰੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਦਘਾਟਨ ਕੀਤਾ ਸੀ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਸੰਸਦ ਮੈਂਬਰ ਹੁੰਦਿਆਂ ਉਨਾਂ ਲਈ ਚਾਂਦੀ ਦੀ ਕਹੀ ਲੈ ਕੇ ਗਏ ਸਨ। ਮਾਨ ਨੇ ਆਖਿਆ ਕਿ ਅਸਲ ਵਿਚ ਪਾਣੀਆਂ ਦੇ ਮਾਮਲੇ ਵਿਚ ਸਾਰੇ ਰਲੇ ਹੋਏ ਹਨ। ਆਪੋ ਆਪਣੀ ਸਿਆਸਤ ਜ਼ਰੀਏ ਇੱਕ ਦੂਜੇ ਨੂੰ ਬਚਾਉਂਦੇ ਫਿਰਦੇ ਹਨ। ਅਕਸਰ ਚੋਣਾਂ ਵੇਲੇ ਪਾਣੀਆਂ ਦੇ ਮਸਲੇ ‘ਤੇ ਕੁਰਬਾਨੀਆਂ ਲਈ ਪੰਜਾਬੀਆਂ ਨੂੰ ਅੱਗੇ ਕੀਤਾ ਜਾਂਦਾ ਹੈ, ਪ੍ਰੰਤੂ ਸੱਤਾ ਪ੍ਰਾਪਤੀ ਮਗਰੋਂ ਇਹ ਲੋਕ ਫਿਰ ਇਕੱਠੇ ਹੋ ਜਾਂਦੇ ਹਨ। ਉਨਾਂ ਆਖਿਆ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਦੀ ਇੱਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ। ਉਨਾਂ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਇੱਕ ਦਿਨ ਦਾ ਸੱਦਣ ਲਈ ਕੈਪਟਨ ਸਰਕਾਰ ਨੂੰ ਰਗੜੇ ਲਾਏ ਅਤੇ ਆਖਿਆ ਕਿ ਅਸਲ ਵਿਚ ਸਰਕਾਰ ਕੋਲ ਸੱਚਾਈ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਬਚੀ।
ਉਨਾਂ ਆਖਿਆ ਕਿ ਪੰਜਾਬ ਦੇ ਲੋਕਾਂ ਦੇ ਜੋ ਭਖਵੇਂ ਮਸਲੇ ਹਨ, ਉਨਾਂ ਦੇ ਮੱਦੇਨਜ਼ਰ ਇਜਲਾਸ ਘੱਟੋ ਘੱਟ 20 ਦਿਨ ਦਾ ਸੱਦਿਆ ਜਾਵੇ। ਉਨਾਂ ਆਖਿਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਲਈ ਘਰੋਂ ਬਾਹਰ ਹੀ ਨਹੀਂ ਨਿਕਲਣਾ, ਫਿਰ ਉਹ ਆਪਣੇ ਸਿਸਵਾਂ ਫਾਰਮ ਹਾਊਸ ਵਿਚ ਹੀ ਇਜਲਾਸ ਸੱਦ ਲੈਂਦੇ। ਉਨਾਂ ਆਖਿਆ ਕਿ ਪੰਜਾਬ ਵਿਚ ਕੋਵਿਡ-19 ਵਜੋਂ ਅਮਰਿੰਦਰ ਸਿੰਘ ਨੇ ਜੋ ਮਿਸ਼ਨ ਫਤਹਿ ਦਾ ਨਾਂ ਦਿੱਤਾ ਹੈ, ਉਹ ਝੂਠਾ ਪੈ ਗਿਆ ਹੈ, ਕਿਉਂਕਿ ਮਿਸ਼ਨ ਬੁਰੀ ਤਰਾਂ ਫੇਲ ਹੋ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਲੋਕ ਕਰੋਨਾ ਪਾਜ਼ੇਟਿਵ ਆ ਰਹੇ ਹਨ ਤੇ ਮੌਤਾਂ ਵੀ ਵਧ ਰਹੀਆਂ ਹਨ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …