23.3 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼'ਗੁਰੂ ਨਾਨਕ ਸਟਰੀਟ ਦਾ ਹੋਇਆ ਉਦਘਾਟਨ, 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ 550...

‘ਗੁਰੂ ਨਾਨਕ ਸਟਰੀਟ ਦਾ ਹੋਇਆ ਉਦਘਾਟਨ, 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ 550 ਰੁੱਖ

ਸਿਟੀ ਕਾਊਂਸਲ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਵਾਤਾਵਰਣ ਨਾਲ ਜੋੜ ਕੇ ਮਨਾਉਣ ਦੀ ਕੀਤੀ ਮੇਜ਼ਬਾਨੀ
‘ਈਕੋ ਸਿੱਖਸ’,’ਖ਼ਾਲਸਾ ਏਡ’, ਪੀਲ ਪੁਲਿਸ, ਬਰੈਂਪਟਨ ਫ਼ਾਇਰ ਸਰਵਿਸ ਤੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਹੋਈਆਂ ਸ਼ਾਮਲ
ਬਰੈਂਪਟਨ/ਡਾ. ਝੰਡ
ਲੰਘੇ ਸ਼ਨੀਵਾਰ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਉਤਸਵ ਵਾਤਾਵਰਣ ਦੇ ਅਹਿਮ ਮੁੱਦੇ ਨਾਲ ਜੋੜ ਕੇ ਮਨਾਉਣ ਲਈ ਕੀਤੇ ਗਏ ਸਮਾਗਮ ਦੀ ਮੇਜ਼ਬਾਨੀ ਕੀਤੀ ਗਈ। ਇਹ ਸਮਾਗਮ ਗੋਰ ਰੋਡ ‘ਤੇ ਕੈਸਮਮੋਰ ਇੰਟਰਸੈੱਕਸ਼ਨ ਨੇੜੇ ਸਥਿਤ ਗੋਰ ਮੀਡੋਜ਼ ਲਾਇਬ੍ਰੇਰੀ ਤੇ ਕਮਿਊਨਿਟੀ ਸੈਂਟਰ ਨੇੜੇ ਇਕ ਵਿਸ਼ਾਲ ਓਪਨ-ਹਾਲ ਵਿਚ ਕੀਤਾ ਗਿਆ ਜਿਸ ਵਿਚ ‘ਈਕੋ ਸਿੱਖਸ’, ‘ਖ਼ਾਲਸਾ ਏਡ’, ਪੀਲ ਪੁਲਿਸ, ਬਰੈਂਪਟਨ ਫ਼ਾਇਰ ਸਰਵਿਸਿਜ਼ ਅਤੇ ਕੈਨੇਡੀਅਨ ਬਾਰਡਰ ਸਰਵਿਸਿਜ਼ ਵਰਗੀਆਂ ਅਹਿਮ ਸੰਸਥਾਵਾਂ ਨੇ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਤੋਂ ਉਚੇਚੇ ਤੌਰ ‘ਤੇ ਆਏ ਸਮਾਗ਼ਮ ਦੇ ਮੁੱਖ-ਬੁਲਾਰੇ ਡਾ. ਰਾਜਵੰਤ ਸਿੰਘ ਨੇ ਆਪਣੇ ਸੰਬੋਧਨ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਦਰਜ ਕੁਦਰਤ ਦੇ ਸੰਕਲਪ ਨੂੰ ਅਜੋਕੇ ਹਾਲਾਤ ਨਾਲ ਜੋੜ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੀ ਲੋੜ ਬਾਰੇ ਭਾਵਪੂਰਤ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਸਾਫ਼ ਵਾਤਾਵਰਣ ਸਾਡੀ ਮੁੱਖ ਜ਼ਰੂਰਤ ਹੈ ਪਰ ਅਸੀਂ ਇਸ ਦੀ ਅਹਿਮੀਅਤ ਨੂੰ ਨਹੀਂ ਸਮਝ ਰਹੇ। ਵਿਕਾਸ ਦੇ ਨਾਂ ઑਤੇ ਅਸੀਂ ਰੁੱਖ ਧੜਾਧੜ ਵੱਢੀ ਜਾ ਰਹੇ ਹਾਂ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਰੁੱਖ ਲਗਾਉਣ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਆਖਿਆ ਕਿ ਇਨ੍ਹਾਂ ਵਿਕਸਿਤ ਮੁਲਕਾਂ ਵਿਚ ਤਾਂ ਫਿਰ ਵੀ ਸਰਕਾਰਾਂ ਇਸ ਮੁੱਦੇ ਵੱਲ ਕਾਫ਼ੀ ਧਿਆਨ ਦੇ ਰਹੀਆਂ ਹਨ ਪਰ ਸਾਡੇ ਦੱਖਣੀ-ਏਸ਼ੀਆਈ ਦੇਸ਼ ਵਿਚ ਸਰਕਾਰਾਂ ਇਸ ਅਹਿਮ ਮੁੱਦੇ ਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰ੍ਹੇ ਦੌਰਾਨ ਭਾਰਤ ਦੇ ਹਰੇਕ ਪਿੰਡ ਵਿਚ ਲੋਕਾਂ ਨੂੰ ਖ਼ਾਲੀ ਥਾਵਾਂ ‘ਤੇ ਘੱਟੋ-ਘੱਟ 550 ਰੁੱਖਾਂ ਦਾ ਜੰਗਲ ਤਿਆਰ ਕਰਨਾ ਚਾਹੀਦਾ ਹੈ ਅਤੇ ਐੱਨ.ਆਰ.ਆਈਜ਼ ਨੂੰ ਇਸ ਦਿਸ਼ਾ ਵਿਚ ਪਹਿਲ-ਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਪੰਜਾਬੀ ਭੈਣਾਂ-ਭਰਾਵਾਂ ਨੂੰ ਇਸ ਦੇ ਬਾਰੇ ਵਿਸ਼ੇਸ਼ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ-ਪੁਰਬ ਨੂੰ ਮਨਾਉਣ ਦਾ ਏਹੀ ਸੱਭ ਤੋਂ ਵਧੀਆ ਤਰੀਕਾ ਹੋ ਸਕਦਾ ਹੈ।
ਇਸ ਸਮਾਗ਼ਮ ਵਿਚ ਬੋਲਦਿਆਂ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਨੇ ਉਨ੍ਹਾਂ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਹੋਇਆਂ ਕਿਹਾ ਕਿ ਬਰੈਂਪਟਨ ਸਿਟੀ ਕਾਊਂਸਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਯਾਦ ਕਰਦਿਆਂ ਹੋਇਆਂ ਪਿਛਲੇ ਦਿਨੀਂ ਹੋਈ ਆਪਣੀ ਮੀਟਿੰਗ ਵਿਚ ਪੀਟਰ ਰੌਬਰਟਸਨ ਬੁਲੇਵਾਰਡ ਦੇ ਡਿਕਸੀ ਰੋਡ ਤੋਂ ਗਰੇਟ ਲੇਕਸ ਦੇ ਹਿੱਸੇ ਨੂੰ ‘ਗੁਰੂ ਨਾਨਕ ਸਟਰੀਟ’ ਦਾ ਨਾਂ ਦੇਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਇਸ ਮੌਕੇ ‘ਗੁਰੂ ਨਾਨਕ ਸਟਰੀਟ’ ਦੀ ਸਟੈਂਡ ਉੱਪਰ ਲੱਗੀ ਹੋਈ ਨੇਮ-ਪਲੇਟ ਉੱਪਰੋਂ ਪਰਦਾ ਹਟਾ ਕੇ ਇਸ ਦਾ ਰਸਮੀ ਉਦਘਾਟਨ ਵੀ ਕੀਤਾ ਜਿਸ ਦਾ ਸਮਾਗ਼ਮ ਵਿਚ ਹਾਜ਼ਰੀਨ ਵੱਲੋਂ ਭਰਪੂਰ ਤਾੜੀਆਂ ਨਾਲ ਸੁਆਗ਼ਤ ਕੀਤਾ ਗਿਆ।
ਇਸ ਮੌਕੇ ‘ਈਕੋ ਸਿੱਖਸ’,ਖ਼ਾਲਸਾ ਏਡ’,ਪੀਲ ਪੁਲਿਸ, ਬਰੈਂਪਟਨ ਫ਼ਾਇਸਰ ਸਰਵਿਸਿਜ਼, ਅਤੇ ਕੈਨੇਡੀਅਨ ਬਾਰਡਰ ਸਰਵਿਸਿਜ਼ ਦੇ ਨੁਮਾਇੰਦਿਆਂ ਵੱਲੋਂ ਗੋਰ ਮੀਡੋਜ਼ ਲਾਇਬ੍ਰੇਰੀ ਤੇ ਕਮਿਊਨਿਟੀ ਸੈਂਟਰ ਦੀ ਵਿਸ਼ਾਲ ਇਮਾਰਤ ਦੇ ਸਾਹਮਣੇ ਵਾਲੀ ਪਾਰਕਿੰਗ ਦੇ ਪੱਛਮ ਵਾਲੇ ਪਾਸੇ ਹਰੇ-ਭਰੇ ਜੰਗਲ ਵਿਚ ਹੋਰ ਵਾਧਾ ਕਰਨ ਲਈ ਉੱਥੇ 550 ਰੁੱਖ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਲਗਾਏ ਗਏ। ਉਨ੍ਹਾਂ ਵਿੱਚੋਂ ਕਈ ਵਿਅੱਕਤੀ ਬੇਲਚਿਆਂ ਨਾਲ ਰੁੱਖਾਂ ਲਈ ਟੋਏ ਪੁੱਟ ਰਹੇ ਸਨ ਅਤੇ ਕਈ ਹੋਰ ਉਨ੍ਹਾਂ ਵਿਚ ਰੁੱਖ ਲਗਾ ਕੇ ਵੱਖ-ਵੱਖ ਥੈਲਿਆਂ ਅਤੇ ਬਾਲਟੀਆਂ ਵਿੱਚੋਂ ਉਪਜਾਊ-ਮਿੱਟੀ ਅਤੇ ਰੂੜੀ ਕੱਢ ਕੇ ਉਨ੍ਹਾਂ ਉੱਪਰ ਪਾ ਰਹੇ ਸਨ। ਕਈ ਉਨ੍ਹਾਂ ਪੌਦਿਆਂ ਨੂੰ ਪਾਣੀ ਪਾਉਣ ਦੀ ਸੇਵਾ ਨਿਭਾਅ ਰਹੇ ਸਨ। ਸਾਰਿਆਂ ਨੂੰ ਇਹ ਦ੍ਰਿਸ਼ ਬੜਾ ਸੁਹਾਵਣਾ ਅਤੇ ਮਨਮੋਹਕ ਲੱਗ ਰਿਹਾ ਹੈ।

RELATED ARTICLES
POPULAR POSTS