9.8 C
Toronto
Tuesday, October 28, 2025
spot_img
Homeਭਾਰਤਅਯੁੱਧਿਆ 'ਚ ਰਾਮ ਮੰਦਰ ਉਸਾਰੀ ਦਾ ਐਲਾਨ ਕੁੰਭ ਮੇਲੇ ਮੌਕੇ

ਅਯੁੱਧਿਆ ‘ਚ ਰਾਮ ਮੰਦਰ ਉਸਾਰੀ ਦਾ ਐਲਾਨ ਕੁੰਭ ਮੇਲੇ ਮੌਕੇ

ਅਯੁੱਧਿਆ ਵਿਚ ਵਿਸ਼ਵ ਹਿੰਦੂ ਪਰਿਸ਼ਦ ਤੇ ਹਿੰਦੂ ਜਥੇਬੰਦੀਆਂ ਦਾ ਇਕੱਠ ਸ਼ਾਂਤੀਪੂਰਵਕ ਸਮਾਪਤ
ਅਯੁੱਧਿਆ/ਬਿਊਰੋ ਨਿਊਜ਼ : ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਬੁਲਾਈ ਧਰਮ ਸਭਾ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਆਖਿਆ ਕਿ ਮੰਦਰ ਨਿਰਮਾਣ ਲਈ ਤਰੀਕਾਂ ਦਾ ਐਲਾਨ ਅਗਲੇ ਸਾਲ ਹੋਣ ਵਾਲੇ ਕੁੰਭ ਮੇਲੇ ਦੌਰਾਨ ਕੀਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਵੀਐਚਪੀ ਆਗੂ ਰਾਮਜੀ ਦਾਸ ਨੇ ਆਖਿਆ ”ਰਾਮ ਮੰਦਰ ਦੇ ਨਿਰਮਾਣ ਲਈ ਤਰੀਕ ਦਾ ਐਲਾਨ 2019 ਦੇ ਕੁੰਭ ਮੇਲੇ ਦੌਰਾਨ ਕੀਤਾ ਜਾਵੇਗਾ ਜੋ ਪ੍ਰਯਾਗਰਾਜ ਵਿਚ ਕੀਤਾ ਜਾਵੇਗਾ। ਇਹ ਕੁਝ ਦਿਨਾਂ ਦੀ ਹੀ ਗੱਲ ਹੈ ਤੇ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਥੋੜ੍ਹਾ ਸਬਰ ਰੱਖੋ।” ਰਾਮ ਜਨਮਭੂਮੀ ਨਿਆਸ ਦੇ ਮੁਖੀ ਨ੍ਰਿਤਿਆ ਗੋਪਾਲਦਾਸ ਨੇ ਆਪਣੇ ਭਾਸ਼ਣ ਵਿਚ ਆਖਿਆ ਕਿ ਸੁੰਨੀ ਵਕਫ਼ ਬੋਰਡ ਨੂੰ ਬਾਬਰੀ ਮਸਜਿਦ-ਰਾਮਜਨਮਭੂਮੀ ਵਿਵਾਦ ਵਿਚੋਂ ਆਪਣਾ ਕੇਸ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਮੁੱਦੇ ‘ਤੇ ਕੋਈ ਚਰਚਾ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ”ਜ਼ਮੀਨ ਦੀ ਵੰਡ ਸਾਨੂੰ ਪ੍ਰਵਾਨ ਨਹੀਂ ਹੈ ਅਤੇ ਭਗਵਾਨ ਰਾਮ ਲਈ ਸਾਰੀ ਜ਼ਮੀਨ ਚਾਹੁੰਦੇ ਹਾਂ। ਹਿੰਦੂ ਇਹ ਪ੍ਰਵਾਨ ਨਹੀਂ ਕਰਨਗੇ ਕਿ ਵਿਵਾਦਪੂਰਨ ਜ਼ਮੀਨ ਦੇ ਕਿਸੇ ਵੀ ਟੁਕੜੇ ‘ਤੇ ਨਮਾਜ਼ ਅਦਾ ਕੀਤੀ ਜਾਵੇ।” ਰਾਮ ਜਨਮ ਭੂਮੀ ਨਿਆਸ ਦੇ ਮੁਖੀ ਨ੍ਰਿਤਿਆ ਗੋਪਾਲਦਾਸ ਨੇ ਆਖਿਆ ”ਇਸ ਤਰ੍ਹਾਂ ਦੀ ਇਕੱਤਰਤਾ ਦਰਸਾਉਂਦੀ ਹੈ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਰਾਮ ਮੰਦਰ ਨਾਲ ਜੁੜੇ ਹੋਏ ਹਨ। ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ। ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਬਹੁਤ ਉਮੀਦਾਂ ਹਨ। ਮੈਂ ਆਦਿਤਿਆਨਾਥ ਨੂੰ ਬੇਨਤੀ ਕਰਦਾ ਹਾਂ ਕਿ ਰਾਮ ਮੰਦਰ ਦੇ ਨਿਰਮਾਣ ਦਾ ਰਾਹ ਸਾਫ਼ ਕੀਤਾ ਜਾਵੇ।”
ਐਤਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕਰਵਾਈ ਗਈ ਧਰਮ ਸਭਾ ਦੌਰਾਨ ਪੁਲੀਸ ਵੱਲੋਂ ਹਨੂਮਾਨਗੜ੍ਹੀ ਨੇੜੇ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਝਲਕ। ਫੋਟੋ: ਪੀਟੀਆਈ
ਧਰਮ ਸਭਾ ਵਾਲੀ ਜਗ੍ਹਾ ‘ਤੇ ਤਰ੍ਹਾਂ ਤਰ੍ਹਾਂ ਦੇ ਭਗਵੇਂ ਰੰਗ ਦੀਆਂ ਝੰਡੀਆਂ, ਬੈਨਰ ਤੇ ਪਗੜੀਆਂ ਨਜ਼ਰ ਆ ਰਹੀਆਂ ਸਨ ਤੇ ਉਹ ਮੰਦਰ ਨਿਰਮਾਣ ਲਈ ਅਹਿਦ ਲੈਂਦੇ ਨਜ਼ਰ ਆ ਰਹੇ ਸਨ। ਇਕ ਧਾਰਮਿਕ ਆਗੂ ਰਾਮ ਭਦਰਚਾਰੀਆ ਨੇ ਆਖਿਆ ” 23 ਨਵੰਬਰ ਨੂੰ ਮੇਰੀ ਕੇਂਦਰ ਦੇ ਇਕ ਸੀਨੀਅਰ ਮੰਤਰੀ ਨਾਲ ਗੱਲਬਾਤ ਹੋਈ ਸੀ ਜਿਸ ਨੇ ਭਰੋਸਾ ਦਿਵਾਇਆ ਸੀ ਕਿ 11 ਦਸੰਬਰ ਨੂੰ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਬੈਠਣਗੇ ਤੇ ਕੋਈ ਫ਼ੈਸਲਾ ਲੈਣਗੇ ਤਾਂ ਕਿ ਰਾਮ ਮੰਦਰ ਦੀ ਊਸਾਰੀ ਹੋ ਸਕੇ। ਸਾਨੂੰ ਇਹ ਵੀ ਦੱਸਿਆ ਗਿਆ ਕਿ ਸਾਡੇ ਨਾਲ ਧੋਖਾ ਨਹੀਂ ਕੀਤਾ ਜਾਵੇਗਾ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਪਾਰਲੀਮੈਂਟ ਦੇ ਸਰਦ ਰੁੱਤ ਦੇ ਇਜਲਾਸ ਦੌਰਾਨ ਆਰਡੀਨੈਂਸ ਵਾਲਾ ਰਸਤਾ ਅਖਤਿਆਰ ਕੀਤਾ ਜਾ ਸਕਦਾ ਹੈ। ਅਸੀਂ ਅਦਾਲਤ ਤੋਂ ਨਿਰਾਸ਼ ਹਾਂ। ਲੋਕਾਂ ਦੀ ਕਚਹਿਰੀ ਸਾਡੇ ਨਾਲ ਧੋਖਾ ਨਹੀਂ ਕਰੇਗੀ।” ਉਂਜ, ਇਸ ਮੌਕੇ ਫਿਰਕੂ ਸਦਭਾਵਨਾ ਦਾ ਝਓਲਾ ਪਾਉਣ ਲਈ ਕੁਝ ਮੁਸਲਮਾਨ ਵੀ ਨਜ਼ਰ ਆ ਰਹੇ ਸਨ। ਅਯੁੱਧਿਆ ਜ਼ਿਲਾ ਪੰਚਾਇਤ ਦੇ ਮੈਂਬਰ ਬਬਲੂ ਖ਼ਾਨ ਨੇ ਕਿਹਾ ਕਿ ਤਿੰਨ ਸਾਲਾਂ ਤੋਂ ਉਹ ਮੰਦਰ ਅੰਦੋਲਨ ਨਾਲ ਜੁੜੇ ਹਨ ਤੇ ਇਹ ਇਸ ਸ਼ਹਿਰ ਦੇ ਮਿਲੇ ਜੁਲੇ ਸਭਿਆਚਾਰ ਦਾ ਪ੍ਰਤੀਕ ਹੈ। ‘ਧਰਮ ਸਭਾ’ ਕਰੀਬ ਪੰਜ ਘੰਟੇ ਚੱਲੀ ਤੇ ਵੱਖ ਵੱਖ ਆਸ਼ਰਮਾਂ ਤੇ ਅਖਾੜਿਆਂ ਦੇ 50 ਦੇ ਕਰੀਬ ਮਹੰਤ ਸ਼ਾਮਲ ਹੋਏ।

RELATED ARTICLES
POPULAR POSTS