ਕਵੀ-ਦਰਬਾਰ ਵੀ ਹੋਵੇਗਾ
ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੀ ਲੰਘੇ ਦਿਨੀਂ ਹੋਈ ਮੀਟਿੰਗ ਵਿੱਚ ਡਾ. ਸਵਰਾਜਬੀਰ ਨੂੰ ਉਨ੍ਹਾਂ ਦੇ ਨਾਟਕ ‘ਮੱਸਿਆ ਦੀ ਰਾਤ’ ਨੂੰ ਸਾਹਿਤ ਅਕੈਡਮੀ ਇਨਾਮ ਮਿਲਣ ‘ਤੇ ਵਧਾਈ ਦਿੱਤੀ ਗਈ ਅਤੇ ਇਸ ਮਹੀਨੇ 15 ਜਨਵਰੀ ਨੂੰ ਹੋਣ ਵਾਲੇ ਮਹੀਨਾਵਾਰ ਸਮਾਗ਼ਮ ਵਿੱਚ ਉਨ੍ਹਾਂ ਦੇ ਨਾਟਕਾਂ, ਸ਼ਖਸੀਅਤ ਅਤੇ ਨਾਟਕ-ਕਲਾ ਬਾਰੇ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਡਾਕਟਰੀ ਪੇਸ਼ੇ ਨੂੰ ਛੱਡ ਕੇ ਮੈਘਾਲਿਆ ਕੇਡਰ ਦੇ ਆਈ.ਪੀ.ਐੱਸ. ਕੇਡਰ ਵਿੱਚ ਜਾ ਕੇ ਉਥੋਂ ਦੇ ਪੋਲੀਸ ਮਹਿਕਮੇ ਵਿੱਚ ਉੱਚ-ਅਹੁਦਿਆਂ (ਅੱਜਕੱਲ੍ਹ ਡੀ.ਜੀ.ਪੀ.) ‘ਤੇ ਕੰਮ ਕਰਦਿਆਂ ਹੋਇਆਂ ਡਾ. ਸਵਰਾਜਬੀਰ ਨੇ ਸਾਹਿਤ ਅਕੈਡਮੀ ਇਨਾਮ-ਜੇਤੂ ਨਾਟਕ ‘ਮੱਸਿਆ ਦੀ ਰਾਤ’ ਤੋਂ ਇਲਾਵਾ ‘ਧਰਮਯੁੱਧ’, ‘ਅਗਨੀਕੁੰਡ’, ‘ਕ੍ਰਿਸ਼ਨਾ’, ‘ਮੇਦਨੀ’ ਅਤੇ ‘ਸ਼ਾਇਰੀ’ ਵਰਗੇ ਵਧੀਆ ਨਾਟਕ ਲਿਖੇ ਜੋ ਕਈ ਮੰਚਾਂ ‘ਤੇ ਖੇਡੇ ਗਏ। ਉਨ੍ਹਾਂ ਦੇ ਆਉਣ ਵਾਲੇ ਨਾਟਕਾਂ ਵਿੱਚ ‘ਹੀਰਾ ਮੰਡੀ’, ‘ਯਾਤਰਾ’ ਅਤੇ ‘ਕੱਚੀ ਗੜ੍ਹੀ’ ਸ਼ਾਮਲ ਹਨ।
ਸਮਾਗ਼ਮ ਦੌਰਾਨ ਗੱਲਬਾਤ ਵਿੱਚ ਡਾ. ਸਵਰਾਜਬੀਰ ਦੇ ਅਤਿ-ਨਜ਼ਦੀਕੀ ਪ੍ਰੋੜ੍ਹ-ਪੱਤਰਕਾਰ ਸੁਰਜਣ ਸਿੰਘ ਜ਼ੀਰਵੀ ਤੇ ਸੁਖਚੈਨ ਸਿੰਘ ਢਿੱਲੋਂ, ਨਾਟਕਕਾਰ ਹੀਰਾ ਰੰਧਾਵਾ ਤੇ ਨਾਹਰ ਸਿੰਘ ਔਜਲਾ, ਪੱਤਰਕਾਰ ਸ਼ਮੀਲ ਜਸਵੀਰ, ਪ੍ਰੋ.ਜਗੀਰ ਸਿੰਘ ਕਾਹਲੋਂ ਤੇ ਹੋਰ ਭਾਗ ਲੈਣਗੇ। ਉਪਰੰਤ, ਕੁਝ ਸਮੇਂ ਲਈ ਕਵੀ-ਦਰਬਾਰ ਵੀ ਹੋਵੇਗਾ। ਸਭਾ ਦਾ ਇਹ ਮਹੀਨਾਵਾਰ ਸਮਾਗ਼ਮ ਆਪਣੀ ਨਿਸਚਿਤ ਜਗ੍ਹਾ 2250 ਬੋਵੇਰਡ ਡਰਾਈਵ (ਈਸਟ) ‘ਹੋਮ ਲਾਈਫ਼ ਰਿਅਲਟੀ ਦੇ ਮੀਟਿੰਗ-ਹਾਲ (ਬੇਸਮੈਂਟ) ਵਿੱਚ 15 ਜਨਵਰੀ ਦਿਨ ਐਤਵਾਰ ਨੂੰ ਬਾਦ ਦੁਪਹਿਰ 2.00 ਵਜੇ ਹੋਵੇਗਾ। ਸਾਹਿਤ-ਪ੍ਰੇਮੀਆਂ ਅਤੇ ਨਾਟਕਾਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਇਹ ਅਹਿਮ ਸਮਾਗ਼ਮ ਜਲਦੀ ਸ਼ੁਰੂ ਕੀਤਾ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ 15 ਜਨਵਰੀ ਦੇ ਸਮਾਗ਼ਮ ਵਿੱਚ ਡਾ. ਸਵਰਾਜਬੀਰ ਦੇ ਨਾਟਕਾਂ ਅਤੇ ਨਾਟਕ-ਕਲਾ ਬਾਰੇ ਗੱਲਬਾਤ ਹੋਵੇਗੀ
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …