Breaking News
Home / ਦੁਨੀਆ / ਅਮਰੀਕਾ ‘ਚ ਭਾਰਤੀਆਂ ਦੀ ਹੋ ਰਹੀ ਹੈ ਪ੍ਰਸੰਸਾ

ਅਮਰੀਕਾ ‘ਚ ਭਾਰਤੀਆਂ ਦੀ ਹੋ ਰਹੀ ਹੈ ਪ੍ਰਸੰਸਾ

ਅਮਰੀਕਾ ਵਿਚ ਭਾਰਤੀ ਵਿਅਕਤੀ ਟੈਕਸਾਂ ਵਿਚ ਪਾਉਂਦੇ ਹਨ 6 ਫੀਸਦੀ ਹਿੱਸਾ : ਰਿਕ ਮੈਕਰਮਿਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਜਾਰਜੀਆ ਤੋਂ ਅਮਰੀਕੀ ਪ੍ਰਤੀਨਿੱਧ ਸਦਨ ਦੇ ਮੈਂਬਰ ਰਿਕ ਮੈਕਰਮਿਕ ਨੇ ਭਾਰਤੀਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਪ੍ਰਸੰਸਾ ਕੀਤੀ ਹੈ। ਰਿਕ ਮੈਕਰਮਿਕ ਨੇ ਭਾਰਤੀਆਂ ਨੂੰ ਗਰੀਨ ਕਾਰਡ ਮਿਲਣ ਵਿਚ ਹੋ ਰਹੀ ਦੇਰੀ ਦਾ ਮੁੱਦਾ ਉਠਾਉਂਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਸੁਧਾਰ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ ਹੈ। ਇਸ ਸਮੇਂ 3,69,000 ਭਾਰਤੀ ਗਰੀਨ ਕਾਰਡਾਂ ਦੀ ਉਡੀਕ ਵਿਚ ਹਨ। ਰਿਕ ਮੈਕਰਮਿਕ ਨੇ ਕਿਹਾ ਕਿ ਭਾਰਤੀ ਅਮਰੀਕਾ ਦੀ ਕੁੱਲ ਆਬਾਦੀ ਦਾ ਕੇਵਲ 1.4 ਫੀਸਦੀ ਹਿੱਸਾ ਹਨ ਪਰੰਤੂ ਟੈਕਸਾਂ ਵਿਚ ਉਨ੍ਹਾਂ ਦਾ ਯੋਗਦਾਨ 6 ਫੀਸਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬਹੁਤ ਹੀ ਵਧੀਆ ਸ਼ਹਿਰੀ ਹਨ। ਮੈਕਰਮਿਕ ਨੇ ਕਿਹਾ ਕਿ ਉਨ੍ਹਾਂ ਦੇ ਜਾਰਜੀਆ ਰਾਜ ਦੇ ਐਟਲਾਂਟਾ ਖ਼ੇਤਰ ਵਿਚ 1,37,000 ਏਸ਼ੀਅਨ ਭਾਰਤੀ ਰਹਿੰਦੇ ਹਨ। ਉਹ ਕਾਨੂੰਨਾਂ ਦਾ ਸਨਮਾਨ ਕਰਦੇ ਹਨ ਤੇ ਉਨ੍ਹਾਂ ਨੇ ਕਦੇ ਵੀ ਕੋਈ ਸਮੱਸਿਆ ਪੈਦਾ ਨਹੀਂ ਕੀਤੀ। ਮੈਕਰਮਿਕ ਜੋ ਪੇਸ਼ੇ ਵਜੋਂ ਡਾਕਟਰ ਹਨ, ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਯੋਗ ਵਿਅਕਤੀਆਂ ਨੂੰ ਸਥਾਈ ਨਿਵਾਸ ਦਾ ਰੁਤਬਾ ਨਾ ਮਿਲਣਾ ਅਫਸੋਸਨਾਕ ਹੈ। ਧਿਆਨ ਰਹੇ ਕਿ ਕਾਂਗਰਸ ਦੇ ਪਿਛਲੇ ਇਜਲਾਸ ਵਿਚ ਭਾਰਤੀਆਂ ਨੂੰ ਵਧੇਰੇ ਗਰੀਨ ਕਾਰਡ ਦੇਣ ਲਈ ਇਕ ਬਿੱਲ ਲਿਆਂਦਾ ਗਿਆ ਸੀ, ਜੋ ਪਾਸ ਨਹੀਂ ਸੀ ਹੋ ਸਕਿਆ। ਬਿੱਲ ਜਿਸਦੀ ਦੋਵਾਂ ਪਾਰਟੀਆਂ ਦੇ ਮੈਂਬਰ ਸਮਰਥਨ ਕਰਦੇ ਹਨ, ਵਿਚ ਕੁੱਝ ਛੋਟਾਂ ਸਮੇਤ ਹਰ ਇਕ ਦੇਸ਼ ਦੇ ਲੋਕਾਂ ਨੂੰ 20,000 ਗਰੀਨ ਕਾਰਡ ਪ੍ਰਤੀ ਸਾਲ ਦੇਣ ਦੀ ਹੱਦ ਖ਼ਤਮ ਕਰਨ ਦੀ ਵਿਵਸਥਾ ਹੈ। ਕਾਂਗਰਸ ਦੇ ਮੌਜੂਦਾ ਇਜਲਾਸ ਵਿਚ ਵੀ ਇਹ ਮੁੱਦਾ ਉੱਠਣ ਦੀ ਪੂਰੀ ਸੰਭਾਵਨਾ ਹੈ। ਉਧਰ ਦੂਜੇ ਪਾਸੇ ਅਮਰੀਕਾ ਦੀ ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ਮੰਤਰੀ ਜੂਲੀ ਸਟਫਟ ਨੇ ਕਿਹਾ ਕਿ ਅਮਰੀਕਾ ਭਾਰਤ ਵਿੱਚ ਵੀਜ਼ਾ ਇੰਟਰਵਿਊ ਲਈ ਸਮਾਂ ਤੈਅ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਸਟਫਟ ਨੇ ਕਿਹਾ ਕਿ ਇਨ੍ਹਾਂ ਯਤਨਾਂ ਵਿੱਚ ਭਾਰਤ ਵਿੱਚ ਕੌਂਸਲਰ ਅਫਸਰਾਂ ਨੂੰ ਭੇਜਣਾ ਅਤੇ ਭਾਰਤੀ ਵੀਜ਼ਾ ਬਿਨੈਕਾਰਾਂ ਲਈ ਜਰਮਨੀ ਅਤੇ ਥਾਈਲੈਂਡ ਵਿੱਚ ਆਪਣੇ ਹੋਰ ਵਿਦੇਸ਼ੀ ਦੂਤਾਵਾਸ ਖੋਲ੍ਹਣਾ ਸ਼ਾਮਲ ਹੈ।
ਆਸਟਰੇਲੀਆ ਤਿੰਨ ਲੱਖ ਪਰਵਾਸੀਆਂ ਦੇ ਸਵਾਗਤ ਲਈ ਤਿਆਰ
ਸਿਡਨੀ : ਆਸਟਰੇਲੀਆ ਇਸ ਸਾਲ ਤਿੰਨ ਲੱਖ ਤੋਂ ਵੱਧ ਪਰਵਾਸੀਆਂ ਦਾ ਸਵਾਗਤ ਕਰਨ ਜਾ ਰਿਹਾ ਹੈ। ਖਜ਼ਾਨਾ ਮੰਤਰੀ ਜਿਮ ਚੈਲਮਰਜ਼ ਨੇ ਕਿਹਾ ਕਿ 2022-23 ਦੇ ਸਾਲਾਨਾ ਬਜਟ ਵਿੱਚ ਇਹ ਗਿਣਤੀ 2,35,000 ਸੀ। ਸਰਕਾਰ ਵੀਜ਼ੇ ਦੇ ਵੱਡੇ ਬੈਕਲਾਗ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੁਲਕ ਵਿੱਚ ਹੁਨਰਮੰਦਾਂ ਦੀ ਘਾਟ ਚੱਲ ਰਹੀ ਹੈ। ਪਿਛਲੇ ਕੁਝ ਸਾਲਾਂ ‘ਚ ਕਰੋਨਾ ਕਾਰਨ ਪਰਵਾਸੀਆਂ ਦੀ ਆਮਦ ਵਿੱਚ ਕਾਫੀ ਕਮੀ ਆਈ ਹੈ। ਆਸਟਰੇਲੀਆ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਵਰਗਾਂ ਵਿੱਚ ਸਾਲਾਨਾ ਲਗਪਗ ਦੋ ਲੱਖ ਵੀਜ਼ੇ ਜਾਰੀ ਕਰਦਾ ਹੈ। ਦੇਸ਼ ‘ਚ ਹਸਪਤਾਲਾਂ, ਮਕਾਨ ਉਸਾਰੀ ਤੇ ਕਾਰੋਬਾਰੀ ਥਾਵਾਂ ‘ਤੇ ਸਿਖਲਾਈ ਪ੍ਰਾਪਤ ਕਾਮਿਆਂ ਦੀ ਜ਼ਰੂਰਤ ਹੈ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …