ਮੋਗਾ ਦੇ ਜਵਾਨ ਸਮੇਤ ਦੋ ਸ਼ਹੀਦ, ਫੌਜ ਨੇ ਬੁਲਟ ਪਰੂਫ ਗੱਡੀਆਂ ਰਾਹੀਂ 217 ਬੱਚਿਆਂ ਨੂੰ ਸੁਰੱਖਿਅਤ ਕੱਢਿਆ
ਰਾਜੌਰੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ‘ਚ ਭਾਰਤੀ ਫੌਜੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਰਾਜੌਰੀ ਦੇ ਸਰਹੱਦੀ ਇਲਾਕਿਆਂ ਵਿਚ ਸਥਿਤ ਸਕੂਲਾਂ ‘ਤੇ ਮੋਰਟਾਰ ਦਾਗੇ। ਤਿੰਨ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦਰਮਿਆਨ ਫੌਜ, ਪੁਲਿਸ ਤੇ ਪ੍ਰਸ਼ਾਸਨ ਨੇ ਬੁਲਟ ਪਰੂਫ ਗੱਡੀਆਂ ਵਿਚ 217 ਬੱਚਿਆਂ ਨੂੰ ਸੁਰੱਖਿਆ ਕੱਢਆ। ਇਸ ਦਰਮਿਆਨ ਗੋਲੀਬਾਰੀ ਵਿਚ ਰਾਜੌਰੀ ਦੇ ਨੌਸ਼ਹਿਰਾ ਤੇ ਉਤਰੀ ਕਸ਼ਮੀਰ ਦੇ ਨੌਗਾਮ ਸੈਕਟਰ ਵਿਚ ਦੋ ਜਵਾਨ ਸ਼ਹੀਦ ਤੇ ਛੇ ਜ਼ਖ਼ਮੀ ਹੋ ਗਏ।
ਭਾਰਤ ਨੇ ਵੀ ਪਾਕਿ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਜੁਲਾਈ ਦੇ 18 ਦਿਨਾਂ ਵਿਚ ਹੁਣ ਤੱਕ ਛੇ ਤੇ ਤਿੰਨ ਮਹੀਨਿਆਂ ਵਿਚ 11 ਜਵਾਨ ਸ਼ਹੀਦ ਹੋ ਚੁੱਕੇ ਹਨ। ਮੰਗਲਵਾਰ ਸਵੇਰੇ ਛੇ ਵਜੇ ਪਾਕਿ ਫੌਜ ਨੇ ਰਾਜੌਰੀ ਤੇ ਪੁਛਣ ਸੈਕਟਰਾਂ ਵਿਚ ਭਾਰੀ ਗੋਲੀਬਾਰੀ ਕੀਤੀ। ਨੌਸ਼ਹਿਰਾ ਵਿਚ ਬੰਕਰ ‘ਤੇ ਮੋਰਟਾਰ ਡਿੱਗਣ ਨਾਲ ਇਕ ਜਵਾਨ ਸ਼ਹੀਦ ਹੋ ਗਿਆ ਤੇ ਪੰਜ ਜਵਾਨ ਜ਼ਖ਼ਮੀ ਹੋ ਗਏ। ਸ਼ਹੀਦ ਜਵਾਨ ਦੀ ਪਛਾਣ ਅੱਠ ਸਿੱਖਲਾਈ ਦੇ ਸਿਪਾਹੀ ਜਸਪ੍ਰੀਤ ਸਿੰਘ ਨਿਵਾਸੀ ਮੋਗਾ (ਪੰਜਾਬ) ਦੇ ਰੂਪ ਵਿਚ ਹੋਈ ਹੈ। ਦੂਜੇ ਪਾਸੇ ਮੇਂਡਰ ਸੈਕਟਰ ਵਿਚ ਵੀ ਫੌਜ ਦੀ 21 ਪੰਜਾਬ ਯੂਨਿਟ ਦੇ ਲਾਂਸ ਨਾਇਕ ਨਵਜੋਤ ਸਿੰਘ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਫੌਜ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬਾਲਾਕੋਟ ਸੈਕਟਰ ਵਿਚ ਪਾਕਿ ਫੌਜ ਵਲੋਂ ਦਾਗੇ ਗਏ ਮੋਰਟਾਰ ਰਿਹਾਇਸ਼ੀ ਇਲਾਕਿਆਂ ਵਿਚ ਆ ਕੇ ਡਿੱਗੇ। ਇਸ ਤੋਂ ਬਾਅਦ ਪਾਕਿ ਫੌਜ ਨੇ ਨੌਸ਼ਹਿਰਾ ‘ਚ ਸਕੂਲਾਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
19 ਸਾਲ ਦੀ ਉਮਰ ‘ਚ ਭਰਤੀ ਹੋਇਆ ਸੀ ਜਸਪ੍ਰੀਤ
ਮੋਗਾ : ਕਸ਼ਮੀਰ ‘ਚ ਸ਼ਹੀਦ ਹੋਇਆ ਮੋਗਾ ਜ਼ਿਲ੍ਹੇ ਦਾ ਯੋਧਾ ਜਸਪ੍ਰੀਤ ਸਿੰਘ ਮਹਿਜ 19 ਸਾਲ ਦੀ ਉਮਰ ਵਿਚ ਹੀ ਫੌਜ ਵਿਚ ਭਰਤੀ ਹੋ ਗਿਆ ਸੀ। ਜਸਪ੍ਰੀਤ ਸਿੰਘ (24) ਵਾਸੀ ਤਲਵੰਡੀ ਨਲੀਆਂ (ਧਰਮਕੋਟ) ਪੰਜ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। ਪਿਛਲੇ ਸਾਲ ਦਸੰਬਰ ਵਿਚ ਹੀ ਉਸਦੀ ਤਾਇਨਾਤੀ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਹੋਈ ਸੀ। ਜਸਪ੍ਰੀਤ ਦੇ ਤਿੰਨ ਭੈਣ-ਭਰਾ ਹਨ। ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ, ਜਦਕਿ ਦੋ ਭਰਾ ਹਾਲੇ ਛੋਟੇ ਹਨ। ਜਸਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …