-11.5 C
Toronto
Friday, January 23, 2026
spot_img
Homeਨਜ਼ਰੀਆਕੈਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ

ਕੈਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ

ਸਾਧੂ ਬਿਨਿੰਗ
ਇਸ ਮਹੀਨੇ ਦੀ 21 (ਅਕਤੂਬਰ, 2019) ਤਰੀਕ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਹਰ ਪਾਸੇ ਚੋਣ ਪਰਚਾਰ ਹੋ ਰਿਹਾ ਹੈ। ਇਹ ਵਧੀਆ ਗੱਲ ਹੈ ਕਿ ਹਮੇਸ਼ਾ ਵਾਂਗ ਪੰਜਾਬੀ ਭਾਈਚਾਰੇ ਦੇ ਲੋਕ ਵੀ ਪੂਰੀ ਸਰਗਰਮੀ ਨਾਲ ਇਸ ਵਿਚ ਜੁੱਟੇ ਹੋਏ ਹਨ। ਕੈਨੇਡਾ ਦੀ ਤਕਰੀਬਨ ਹਰ ਪਾਰਟੀ ਵਲੋਂ ਚੋਣ ਲੜ ਰਹੇ ਪੰਜਾਬੀ ਉਮੀਦਵਾਰਾਂ ਦੀ ਗਿਣਤੀ ਕਈ ਦਰਜਨਾਂ ਹੈ। ਜਿੱਥੇ ਜਿੱਥੇ ਵੀ ਪੰਜਾਬੀਆਂ ਦੀ ਜ਼ਿਕਰਯੋਗ ਗਿਣਤੀ ਹੈ ਉੱਥੇ ਉਹ ਜਾਂ ਤਾਂ ਕਿਸੇ ਪੰਜਾਬੀ ਉਮੀਦਵਾਰ ਨੂੰ ਜਿਤਾਉਣ ਦੇ ਆਹਰ ਵਿਚ ਹਨ ਜਾਂ ਪੰਜਾਬੀ ਭਾਈਚਾਰੇ ਨਾਲ ਨੇੜਤਾ ਰੱਖਣ ਵਾਲੇ ਕਿਸੇ ਹੋਰ ਉਮੀਦਵਾਰ ਨੂੰ।
ਪੰਜਾਬੀਆਂ ਵਲੋਂ ਬੇਸ਼ੁਮਾਰ ਪੈਸਾ ਅਤੇ ਹਰ ਕਿਸਮ ਦੀ ਸ਼ਕਤੀ ਅਤੇ ਸੋਮੇ ਇਸ ਚੋਣ ਵਿਚ ਲਾਏ ਜਾ ਰਹੇ ਹਨ। ਉਹ ਫੰਡ ਇਕੱਠੇ ਕਰ ਰਹੇ ਹਨ, ਸੜਕਾਂ ‘ਤੇ ਉਮੀਦਵਾਰਾਂ ਦੇ ਬੋਰਡ ਲਾ ਰਹੇ ਹਨ, ਲੋਕਾਂ ਦੇ ਘਰੀਂ ਜਾ ਕੇ ਉਨ੍ਹਾਂ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ, ਫੋਨ ਕਰ ਰਹੇ ਹਨ, ਲਿਸਟਾਂ ਬਣਾ ਰਹੇ ਹਨ, ਇਕ ਦੂਜੇ ਨਾਲ ਬਹਿਸਾਂ ਕਰ ਰਹੇ ਹਨ, ਵੱਖਰੀਆਂ ਵੱਖਰੀਆਂ ਪਾਰਟੀਆਂ ਦਾ ਨਜ਼ਰੀਆ ਇੱਕ ਦੂਜੇ ਨੂੰ ਦੱਸ ਰਹੇ ਹਨ। ਭਾਈਚਾਰੇ ਦੀਆਂ ਅਖਬਾਰਾਂ, ਰੇਡੀਓ ਅਤੇ ਟੀ ਵੀ ਰਾਹੀਂ ਚੋਣ ਸੰਬੰਧੀ ਹਰ ਕਿਸਮ ਦੀ ਜਾਣਕਾਰੀ ਪੇਸ਼ ਹੋ ਰਹੀ ਹੈ। ਇਹ ਸਭ ਕੁਝ ਕਰਨ ਲਈ ਉਹ ਪੰਜਾਬੀ ਬੋਲੀ ਦੀ ਵੀ ਵਰਤੋਂ ਕਰ ਰਹੇ ਹਨ।
ਕਈ ਥਾਵਾਂ ‘ਤੇ, ਜਿਵੇਂ ਸਰੀ ਦੇ ਕਈ ਚੋਣ ਹਲਕਿਆਂ ਵਿਚ, ਜਿੱਥੇ ਹਰ ਪਾਸੇ ਪੰਜਾਬੀ ਉਮੀਦਵਾਰ ਖੜ੍ਹੇ ਹਨ, ਉੱਥੇ ਪੰਜਾਬੀ ਬੋਲੀ ਦੀ ਵਰਤੋਂ ਸ਼ਾਇਦ ਅੰਗਰੇਜ਼ੀ ਬੋਲੀ ਦੇ ਮੁਕਾਬਲੇ ਕਿਤੇ ਵੱਧ ਹੋ ਰਹੀ ਹੋਵੇ। ਬੋਲੀ ਦੀ ਇਹ ਵਰਤੋਂ ਵੱਖ ਵੱਖ ਥਾਵਾਂ ‘ਤੇ ਘੱਟ ਵੱਧ ਹੋ ਸਕਦੀ ਹੈ ਪਰ ਇੱਕ ਗੱਲ ਸਾਫ ਹੈ ਕਿ ਕਨੇਡਾ ਦੀਆਂ ਫੈਡਰਲ ਚੋਣਾਂ ਵਿਚ ਪੰਜਾਬੀ ਬੋਲੀ ਦੀ ਵਰਤੋਂ ਹੋ ਰਹੀ ਹੈ। ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪੰਜਾਬੀ ਬੋਲੀ ਦੇ ਸਬੰਧ ਵਿਚ ਇਸ ਵਾਰ ਇਕ ਗੱਲ ਪਹਿਲਾਂ ਦੇ ਮੁਕਾਬਲੇ ਵਧੀਆ ਤੇ ਵੱਖਰੀ ਇਹ ਹੋ ਰਹੀ ਹੈ ਕਿ ਸਿਆਸੀ ਲੀਡਰਾਂ ਦੀ ਟੀ ਵੀ ਤੇ ਹੋਣ ਵਾਲੀ ਬਹਿਸ ਦੂਜੀਆਂ ਬੋਲੀਆਂ ਦੇ ਨਾਲ ਨਾਲ ਪੰਜਾਬੀ ਵਿਚ ਵੀ ਸੁਣੀ ਜਾ ਸਕੇਗੀ।
ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਅਸਲੀਅਤ ਇਹ ਹੈ ਕਿ ਪੰਜਾਬੀ ਬੋਲੀ ਕਨੇਡਾ ਵਿਚ ਇਕ ਵਿਦੇਸ਼ੀ ਬੋਲੀ ਹੈ।
ਜਿਨ੍ਹਾਂ ਸਿਫਤਾਂ ਕਰਕੇ ਕੈਨੇਡਾ ਦੀ ਦੁਨੀਆਂ ਭਰ ਵਿਚ ਇੱਜ਼ਤ ਹੈ ਉਨ੍ਹਾਂ ਵਿਚ ਸੱਭ ਤੋਂ ਵੱਡੀ ਸਿਫਤ ਇਥੇ ਸਾਰੇ ਸਭਿਆਚਾਰਾਂ ਨੂੰ ਮਿਲਦਾ ਸਤਿਕਾਰ ਹੈ। ਇਹ ਸੱਚਮੁੱਚ ਮਾਣ ਕਰਨ ਵਾਲੀ ਗੱਲ ਹੈ। ਕੈਨੇਡਾ ਦਾ ਬਹੁਸਭਿਆਚਾਰਕ ਢਾਂਚਾ ਦੁਨੀਆਂ ਭਰ ਵਿਚ ਇਕ ਮਾਡਲ ਵਜੋਂ ਦੇਖਿਆ ਜਾਂਦਾ ਹੈ। ਪਰ ਅਸਲੀਅਤ ਇਹ ਹੈ ਕਿ ਕੈਨੇਡਾ ਦਾ ਬਹੁਸਭਿਆਚਾਰਵਾਦ ਪਿਛਲੇ ਕਈ ਦਹਾਕਿਆਂ ਦੌਰਾਨ ਇਕ ਵਿਸ਼ੇਸ਼ ਹੱਦ ਤੋਂ ਅੱਗੇ ਵੱਲ ਨਹੀਂ ਸਰਕਿਆ। ਇਸ ਤੱਥ ਦੇ ਬਾਵਜੂਦ ਕਿ ਕੋਈ ਵੀ ਸਭਿਆਚਾਰ ਉਸ ਦੀ ਭਾਸ਼ਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ, ਕੈਨੇਡਾ ਦਾ ਬਹੁਸਭਿਆਚਾਰਕ ਢਾਂਚਾ ਅੰਗ੍ਰੇਜ਼ੀ ਅਤੇ ਫਰਾਂਸੀਸੀ ਤੋਂ ਬਿਨਾਂ ਕਿਸੇ ਵੀ ਹੋਰ ਭਾਸ਼ਾ ਨੂੰ ਸਰਕਾਰੀ ਤੌਰ ‘ਤੇ ਕੈਨੇਡੀਅਨ ਭਾਸ਼ਾ ਮੰਨਣ ਤੋਂ ਇਨਕਾਰੀ ਹੈ। ਦੂਜੀਆਂ ਬੋਲੀਆਂ ਦੀ ਤਾਂ ਗੱਲ ਇਕ ਪਾਸੇ ਰਹੀ, ਅੰਗਰੇਜ਼ੀ ਦੇ ਪੈਰੋਕਾਰ ਫਰਾਂਸੀਸੀ ਨੂੰ ਅਤੇ ਫਰਾਂਸੀਸੀ ਦੇ ਪੈਰੋਕਾਰ ਅੰਗਰੇਜ਼ੀ ਨੂੰ ਕਈ ਵਾਰੀ ਬਰਾਬਰ ਦਾ ਦਰਜਾ ਦੇਣ ਤੋਂ ਇਨਕਾਰੀ ਹੋ ਜਾਂਦੇ ਹਨ।
ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬੀ ਬੋਲੀ ਕੈਨੇਡਾ ਵਿਚ ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਤੀਜੇ ਨੰਬਰ ‘ਤੇ ਆ ਰਹੀ ਹੈ। ਕਿਸੇ ਮੁਲਕ ਵਿਚ ਬੋਲੀਆਂ ਜਾਂਦੀਆਂ ਦੋ ਸੌ ਤੋਂ ਵੱਧ ਬੋਲੀਆਂ ਵਿਚੋਂ ਤੀਜੇ ਨੰਬਰ ‘ਤੇ ਆਉਣਾ ਕੋਈ ਨਿੱਕੀ ਜਾਂ ਆਮ ਗੱਲ ਨਹੀਂ। (ਇਹ ਵੀ ਪੱਕੀ ਗੱਲ ਹੈ ਤੇ ਚੇਤੇ ਰੱਖਣੀ ਚਾਹੀਦੀ ਹੈ ਕਿ ਇਸ ਦਾ ਇਹ ਸਥਾਨ ਸਦਾ ਨਹੀਂ ਰਹੇਗਾ)। ਪਿਛਲੇ ਤਕਰੀਬਨ ਸਵਾ ਸੌ ਸਾਲ ਤੋਂ ਇਸ ਦੀ ਏਥੇ ਹੋਂਦ ਹੈ ਅਤੇ ਇਸ ਨੇ ਕੈਨੇਡਾ ਦੇ ਵਿਕਾਸ ਵਿਚ ਲਗਾਤਾਰ ਆਪਣਾ ਹਿੱਸਾ ਪਾਇਆ ਹੈ। ਪੰਜਾਬੀ ਬੋਲੀ ਦੇ ਯੋਗਦਾਨ ਨੂੰ ਅੱਖੋਂ ਉਹਲੇ ਕਰਨਾ ਅਤੇ ਇਸ ਨੂੰ ਇਕ ਕੈਨੇਡੀਅਨ ਬੋਲੀ ਨਾ ਮੰਨਣਾ ਭਾਸ਼ਾਈ (ਲਿੰਗੂਸਿਜ਼ਮ) ਵਿਤਕਰਾ ਹੈ। ਇਹ ਵੀ ਸੱਚ ਹੈ ਕਿ ਇਹ ਵਿਤਕਰੇ ਵਾਲਾ ਵਰਤਾਅ ਸਿਰਫ ਪੰਜਾਬੀ ਨਾਲ ਹੀ ਨਹੀਂ ਹੋ ਰਿਹਾ, ਦੋ ਸਰਕਾਰੀ ਬੋਲੀਆਂ ਤੋਂ ਬਿਨਾਂ ਬਾਕੀ ਸਭ ਬੋਲੀਆਂ ਨੂੰ ਵਿਦੇਸ਼ੀ ਹੀ ਸਮਝਿਆ ਜਾਂਦਾ ਹੈ। ਕਿਉਂਕਿ ਦੂਜੀਆਂ ਬੋਲੀਆਂ ਨਾਲ ਵੀ ਇਹ ਵਿਤਕਰਾ ਹੁੰਦਾ ਹੈ ਇਸ ਕਰਕੇ ਇਸ ਬਾਰੇ ਗੱਲ ਨਾ ਕੀਤੀ ਜਾਵੇ? ਇਹ ਇਕ ਬੇਹੱਦ ਪੇਚੀਦਾ ਸਵਾਲ ਹੈ ਅਤੇ ਇਸ ਨੂੰ ਉਠਾਉਣ ਤੋਂ ਹਰ ਕੋਈ ਡਰਦਾ ਹੈ, ਖਾਸ ਕਰ ਸਿਆਸੀ ਲੋਕ।
ਦੂਜੀਆਂ ਬੋਲੀਆਂ ਦੇ ਮੁਕਾਬਲੇ ਪੰਜਾਬੀ ਦੀ ਸਥਿਤੀ ਵੱਖਰੀ ਹੈ ਅਤੇ ਇਸ ਦੀਆਂ ਵੱਖਰੀਆਂ ਲੋੜਾਂ ਹਨ। ਆਪਣੇ ਮੁੱਢਲੇ ਮੁਲਕਾਂ ਵਿਚ ਸਰਕਾਰੀ ਬੋਲੀਆਂ ਹੋਣ ਕਾਰਨ ਦੂਜੀਆਂ ਬਹੁਤੀਆਂ ਬੋਲੀਆਂ ਨੂੰ ਹਰ ਕਿਸਮ ਦੀ ਲੋੜੀਂਦੀ ਇਮਦਾਦ ਹਾਸਲ ਹੈ। ਉਨ੍ਹਾਂ ਬੋਲੀਆਂ ਨੂੰ ਬੋਲਣ ਵਾਲੇ ਲੋਕ ਕੈਨੇਡਾ ਵਿਚ ਵੀ ਆਪਣੀਆਂ ਬੋਲੀਆਂ ਦੇ ਵਿਕਾਸ ਵਾਸਤੇ ਬੇਸ਼ੁਮਾਰ ਵਸੀਲੇ ਲਾਉਂਦੇ ਹਨ। ਉਨ੍ਹਾਂ ਵਾਸਤੇ ਮੁਕਾਬਲਤਨ ਇਹ ਗੱਲ ਇਨੀ ਅਹਿਮੀਅਤ ਨਹੀਂ ਰੱਖਦੀ ਕਿ ਉਨ੍ਹਾਂ ਦੀ ਬੋਲੀ ਨੂੰ ਕਨੇਡਾ ਵਿਚ ਮਾਨਤਾ ਮਿਲਦੀ ਹੈ ਕਿ ਨਹੀਂ। ਉਹ ਖੁਦ ਆਪਣੀ ਬੋਲੀ ਨੂੰ ਸਰਕਾਰੀ ਮਾਨਤਾ ਨਾਲੋਂ ਕਿਤੇ ਜ਼ਿਆਦਾ ਮਾਣ ਸਤਿਕਾਰ ਦਿੰਦੇ ਹਨ ਅਤੇ ਉਸ ਦੇ ਵਿਕਾਸ ਲਈ ਲੋੜੀਂਦਾ ਹਰ ਵਸੀਲਾ ਖੁਦ ਮੁਹੱਈਆ ਕਰਦੇ ਹਨ। ਪਰ ਪੰਜਾਬੀ ਦੀ ਸਥਿਤੀ ਵੱਖਰੀ ਹੈ। ਇਹ ਬੋਲੀ ਦੁਨੀਆਂ ਵਿਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਵੀ ਦਸਵਾਂ ਜਾਂ ਗਿਆਰਵਾਂ ਜਸਥਾਨ ਰੱਖਦੀ ਹੈ ਅਤੇ ਦੁਨੀਆਂ ਦੇ 125 ਤੋਂ ਵੱਧ ਮੁਲਕਾਂ ਵਿਚ ਬੋਲੀ ਵਰਤੀ ਜਾਂਦੀ ਇਸ ਬੋਲੀ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ 150 ਮਿਲੀਆਨ ਤੋਂ ਵੀ ਵੱਧ ਹੈ। ਪਰ ਇਨ੍ਹਾਂ ਤੱਥਾਂ ਦੇ ਬਾਵਜੂਦ ਇਸ ਬੋਲੀ ਪਿੱਛੇ ਸਹੀ ਅਰਥਾਂ ਵਿਚ ਕਿਸੇ ਸਟੇਟ ਦੀ ਤਾਕਤ ਨਹੀਂ ਹੈ ਜੋ ਇਸ ਦੇ ਵਿਕਾਸ ਦਾ ਫਿਕਰ ਕਰੇ। ਇਸ ਨੂੰ ਬੋਲਣ ਵਾਲੇ ਲੋਕ ਇਸ ਨੂੰ ਪਿਆਰ ਤਾਂ ਕਰਦੇ ਹਨ ਪਰ ਸਭਿਆਚਾਰ ਵਾਸਤੇ ਉਹ ਇਸ ਦੀ ਓਨੀ ਮਹੱਤਤਾ ਨਹੀਂ ਸਮਝਦੇ ਜਿੰਨੀ ਉਹ ਧਰਮ ਦੀ ਸਮਝਦੇ ਹਨ। ਇਕ ਭਾਈਚਾਰੇ ਵਜੋਂ ਅਸੀਂ ਅਜੇ ਵੀ ਦਿਮਾਗੀ ਤੌਰ ‘ਤੇ ਬਸਤੀਵਾਦੀ ਸੋਚ ਤੋਂ ਪਿੱਛਾ ਨਹੀਂ ਛੁਡਾ ਸਕੇ ਅਤੇ ਸਭਿਆਚਾਰ ਲਈ ਬੋਲੀ ਵਰਗੀ ਮਹੱਤਵਪੂਰਨ ਚੀਜ਼ ਨੂੰ ਬੇਲੋੜਾ ਸਮਝਿਆ ਜਾ ਰਿਹਾ ਹੈ। ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨੂੰ ਕੈਨੇਡਾ ਵਿਚ ਵਿਕਾਸ ਕਰਨ ਲਈ ਬਾਹਰੀ ਮਦਦ ਦੀ ਲੋੜ ਹੈ।
ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਏਥੇ ਸਰਕਾਰੀ ਤੌਰ ‘ਤੇ ਮਾਨਤਾ ਮਿਲੇ। ਇਸ ਤਰ੍ਹਾਂ ਹੋਣ ਨਾਲ ਪੰਜਾਬੀਆਂ ਦੇ ਮਨਾਂ ਅੰਦਰ ਵੀ ਇਸ ਦਾ ਸਤਿਕਾਰ ਵਧੇਗਾ ਅਤੇ ਉਹ ਇਸ ਵਾਸਤੇ ਹੋਰ ਯਤਨਸ਼ੀਲ ਹੋਣਗੇ। ਨਾਲ ਹੀ ਕਨੇਡਾ ਦੀ ਸਰਕਾਰ ਵੀ ਇਸ ਦੇ ਵਿਕਾਸ ਵਾਸਤੇ ਕੁਝ ਹੱਦ ਤੱਕ ਜ਼ਿੰਮੇਵਾਰ ਹੋਵੇਗੀ। ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਬੀ ਸੀ ਵਿਚ 1994 ਤੋਂ ਪੰਜਾਬੀ ਬੋਲੀ ਨੂੰ ਮਾਨਤਾ ਮਿਲਣ ਕਾਰਨ ਇਸ ਦੇ ਸਕੂਲਾਂ ਵਿਚ ਪੜ੍ਹਾਏ ਜਾਣ ਦੇ ਨਾਲ ਨਾਲ ਇਸ ਦੇ ਵਿਕਾਸ ਲਈ ਹੋਰ ਕਈ ਰਾਹ ਬਣੇ ਹਨ। ਇਸੇ ਤਰ੍ਹਾਂ ਜੇ ਇਸ ਨੂੰ ਕੌਮੀ ਪੱਧਰ ‘ਤੇ ਮਾਨਤਾ ਮਿਲੇ ਤਾਂ ਇਸ ਦੇ ਵਿਕਾਸ ਲਈ ਅਨੇਕਾਂ ਸੰਭਾਵਨਾਵਾਂ ਬਣਨਗੀਆਂ।
ਪੰਜਾਬੀ ਬੋਲੀ ਨੂੰ ਕਨੇਡਾ ਵਿਚ ਮਾਨਤਾ ਦੁਆਉਣ ਦੇ ਮਸਲੇ ਨੂੰ ਉਠਾਉਣ ਦੇ ਮੌਕੇ ਸਾਡੇ ਹੱਥੋਂ ਹੌਲ਼ੀ ਹੌਲ਼ੀ ਖਿਸਕ ਰਹੇ ਹਨ। ਸਾਲ 2015 ਵਿਚ ਹੋਈ ਫੈਡਰਲ ਚੋਣ ਵਿਚ ਵੀਹ ਤੋਂ ਉੱਪਰ ਪੰਜਾਬੀ ਪਿਛੋਕੜ ਦੇ ਵਿਅਕਤੀ ਪਾਰਲੀਮੈਂਟ ਲਈ ਚੁਣੇ ਗਏ ਸਨ। ਉਨ੍ਹਾਂ ਵਿਚੋਂ ਕਈ ਮੈਂਬਰ ਵੱਡੀਆਂ ਤਾਕਤਵਰ ਮਨਿਸਟਰੀਆਂ ‘ਤੇ ਵੀ ਕਾਬਜ ਰਹੇ। ਪਰ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਵਿਚੋਂ ਕਿਸੇ ਨੇ ਵੀ ਪੰਜਾਬੀ ਬੋਲੀ ਦੀ ਮਾਨਤਾ ਦੇ ਮਸਲੇ ਨੂੰ ਉਠਾਉਣ ਦਾ ਹੌਸਲਾ ਨਹੀਂ ਕੀਤਾ। ਹੁਣ ਫੇਰ ਸਾਨੂੰ ਫੈਡਰਲ ਚੋਣਾਂ ਵਿਚ ਖੜ੍ਹੇ ਪੰਜਾਬੀ ਪਿਛੋਕੜ ਵਾਲੇ ਉਮੀਦਵਾਰਾਂ ਅੱਗੇ ਤਾਂ ਹਰ ਹਾਲਤ ਵਿਚ ਇਹ ਸਵਾਲ ਪਾਉਣਾ ਚਾਹੀਦਾ ਹੈ ਕਿ ਉਹ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕੀ ਕਰਨਗੇ? ਇਨ੍ਹਾਂ ਵਿਚੋਂ ਬਹੁਤੇ ਲੋਕ ਆਪਣੀਆਂ ਚੋਣ ਮੁਹਿੰਮਾਂ ਦੌਰਾਨ ਪੰਜਾਬੀ ਬੋਲੀ ਦੀ ਵਰਤੋਂ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਦੀ ਵੀ ਇਸ ਦੇ ਬੋਲੀ ਦੇ ਵਿਕਾਸ ਵਲਾਂ ਜ਼ਿੰਮੇਵਾਰੀ ਹੈ। ਇਹ ਵੀ ਅਸਲੀਅਤ ਹੈ ਕਿ ਸਿਆਸੀ ਲੋਕ ਉਸੇ ਗੱਲ ਦੀ ਜ਼ਿੰਮੇਵਾਰੀ ਸਮਝਦੇ ਹਨ ਜਿਸ ਬਾਰੇ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕ ਉਨ੍ਹਾਂ ਨੂੰ ਮਜਬੂਰ ਕਰਨ। ਸੋ ਅਸਲੀ ਜ਼ਿੰਮੇਵਾਰੀ ਪੰਜਾਬੀਆਂ ਦੀ ਹੈ ਕਿ ਸਿਆਸੀ ਲੋਕਾਂ ਨੂੰ ਬੋਲੀ ਦੇ ਮਸਲੇ ਬਾਰੇ ਦੱਸਣ। ਇਹ ਕੰਮ ਇਸ ਸਮੇਂ ਕੀਤਾ ਜਾ ਸਕਦਾ ਹੈ ਜਦੋਂ ਇਹ ਸਿਆਸੀ ਉਮੀਦਾਵਾਰ ਵੋਟ ਮੰਗਣ ਤੁਹਾਡੇ ਕੋਲ ਆਉਣ ਤਾਂ ਇਨ੍ਹਾਂ ਅੱਗੇ ਬੋਲੀ ਦਾ ਮਸਲਾ ਰੱਖਿਆ ਜਾ ਸਕਦਾ ਹੈ ਕਿ ਚੁਣੇ ਜਾਣ ਬਾਅਦ ਉਹ ਕਨੇਡਾ ਵਿਚ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕੀ ਉਪਰਾਲੇ ਕਰਨਗੇ। ਇਹ ਜ਼ਰੂਰੀ ਹੈ ਕਿ ਇਨ੍ਹਾਂ ਕੋਲੋਂ ਇਹ ਗੱਲ ਪੰਜਾਬੀ ਵਿਚ ਪੁੱਛੀ ਜਾਵੇ ਅਤੇ ਇਨ੍ਹਾਂ ਵਲੋਂ ਦਿੱਤੇ ਜਵਾਬਾਂ ਨੂੰ ਵੋਟ ਪਾਉਣ ਵੇਲੇ ਚੇਤੇ ਰੱਖਿਆ ਜਾਵੇ।
ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਇਹ ਕੋਈ ਏਨੀ ਸੁਖਾਲੀ ਗੱਲ ਨਹੀਂ ਤੇ ਸ਼ਾਇਦ ਇਸ ਨੂੰ ਹਾਸਲ ਕਰਨ ਵਿਚ ਸਮਾਂ ਲੱਗੇ। ਪਰ ਘੱਟੋ ਘੱਟ ਇਸ ਸਮੇਂ ਇਸ ਮਸਲੇ ਨੂੰ ਕਿਸੇ ਦੇ ਇਜੰਡੇ ‘ਤੇ ਤਾਂ ਲਿਆਂਦਾ ਜਾਵੇ। ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਨਾ ਤਾਂ ਅੰਗਰੇਜ਼ੀ ਜਾਂ ਫਰਾਂਸੀਸੀ ਦੇ ਬਰਾਬਰ ਦੇ ਹੱਕ ਦੀ ਮੰਗ ਕਰ ਰਹੇ ਹਾਂ ਅਤੇ ਨਾ ਹੀ ਇਹ ਕਹਿ ਰਹੇ ਹਾਂ ਕਿ ਇਹ ਬੋਲੀਆਂ ਸਾਨੂੰ ਕਿਸੇ ਤਰ੍ਹਾਂ ਮਨਜ਼ੂਰ ਨਹੀਂ। ਅਸੀਂ ਇਨ੍ਹਾਂ ਦੋਵਾਂ ਹੀ ਸਰਕਾਰੀ ਬੋਲੀਆਂ ਦਾ ਸਤਿਕਾਰ ਕਰਦੇ ਹਾਂ।
ਅੰਗਰੇਜ਼ੀ ਬਿਨਾਂ ਕਿਸੇ ਵੀ ਵਿਅਕਤੀ ਦਾ ਇਕ ਪੱਲ ਲਈ ਵੀ ਗੁਜ਼ਾਰਾ ਨਹੀਂ ਹੋ ਸਕਦਾ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਪੰਜਾਬੀ ਬੋਲੀ ਨੂੰ ਵੀ ਕਿਸੇ ਨਾ ਕਿਸੇ ਪੱਧਰ ‘ਤੇ ਕਨੇਡਾ ਦੀ ਕੁਝ ਲੱਗਦੀ ਮੰਨਿਆ ਜਾਵੇ ਅਤੇ ਇਸ ਦੀ ਸਿਹਤ ਵਾਸਤੇ ਵੀ ਸਾਡੇ ਟੈਕਸ ਦੇ ਪੈਸਿਆਂ ਵਿਚੋਂ ਕੁਝ ਖਰਚਿਆ ਜਾਵੇ। ਇਹ ਕੋਈ ਏਨੀ ਗਲਤ ਮੰਗ ਨਹੀਂ ਹੈ। ਸਾਨੂੰ ਇਹ ਮੰਗ ਕਰਦੇ ਸਮੇਂ ਡਰਨਾ ਨਹੀਂ ਚਾਹੀਦਾ।
ਸਾਨੂੰ ਇਸ ਮੁਲਕ ਵਿਚ ਵਸਦਿਆਂ ਨੂੰ ਸਵਾ ਸੌ ਸਾਲ ਦਾ ਸਮਾਂ ਹੋ ਗਿਆ ਹੈ। ਅਸੀਂ ਕਾਮਾਗਾਟਾ ਮਾਰੂ ਦੇ ਸਮੇਂ ਤੋਂ ਲੈ ਕੇ ਬੜਾ ਲੰਮਾ ਸਫਰ ਤੈਅ ਕੀਤਾ ਹੈ। ਇਸ ਵੇਲੇ ਪੰਜਾਬੀ ਭਾਈਚਾਰਾ ਕੈਨੇਡੀਅਨ ਭਾਈਚਾਰੇ ਦਾ ਅਟੁੱਟ ਅੰਗ ਹੈ। ਏਥੇ ਰਹਿੰਦਿਆਂ ਅਸੀਂ ਆਪਣਾ ਅੱਗਾ ਪਿੱਛਾ ਕਾਫੀ ਸੋਹਣਾ ਬਣਾ ਲਿਆ ਹੈ ਅਤੇ ਉਮੀਦ ਹੈ ਕਿ ਆਉਣ ਵਾਲਾ ਸਮਾਂ ਸਾਡੇ ਭਾਈਚਾਰੇ ਲਈ ਪਹਿਲਾਂ ਨਾਲੋਂ ਵੀ ਕਾਮਯਾਬੀ ਵਾਲਾ ਹੋਵੇਗਾ। ਪਰ ਸਾਡੀ ਮਾਂ ਬੋਲੀ ਨੂੰ ਕਨੇਡਾ ਦੇ ਕੇਂਦਰੀ ਢਾਂਚੇ ਵਿਚ ਕੋਈ ਸਥਾਨ ਪ੍ਰਾਪਤ ਨਹੀਂ ਹੈ। ਅਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਏਥੇ ਆਉਣ ਵਿਚ ਤੇ ਪੱਕੇ ਹੋਣ ਵਿਚ ਪੂਰੀ ਮਦਦ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਨੂੰ ਆਪਣੀ ਮਾਂ (ਬੋਲੀ) ਨੂੰ ਵੀ ਇਸ ਮੁਲਕ ਵਿਚ ਪੱਕੀ ਕਰਵਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS

CLEAN WHEELS

CLEAN WHEELS