ਨਿਤੀਸ਼ ਕੁਮਾਰ ਨੇ ਕਿਹਾ, ਜੋ ਪੀਏਗਾ ਉਹ ਮਰੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਿਹਾਰ ਦੇ ਜ਼ਿਲ੍ਹਾ ਛਪਰਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਤਿੰਨ ਦਰਜਨ ਤੋਂ ਵੀ ਟੱਪ ਚੁੱਕੀ ਹੈ ਅਤੇ 30 ਦੇ ਕਰੀਬ ਵਿਅਕਤੀਆਂ ਦਾ ਇਲਾਜ ਵੀ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੌਤਾਂ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ। ਜਿਸ ਮਸ਼ਰਕ ਇਲਾਕੇ ਵਿਚ ਇਹ ਘਟਨਾ ਵਾਪਰੀ ਹੈ, ਉਥੋਂ ਦੇ ਥਾਣੇਦਾਰ ਆਰ. ਮਿਸ਼ਰਾ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ।
ਇਸ ਘਟਨਾ ਦੀ ਜਾਂਚ ਲਈ ਐਸ.ਆਈ.ਟੀ. ਵੀ ਬਣਾ ਦਿੱਤੀ ਗਈ ਹੈ ਅਤੇ 20 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸੇ ਦੌਰਾਨ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਕਹਿਣਾ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਤਾਂ ਸ਼ੁਰੂ ਤੋਂ ਹੀ ਲੋਕ ਮਰਦੇ ਹਨ।
ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਤਾਂ ਹੋਰ ਸੂਬਿਆਂ ‘ਚ ਵੀ ਮੌਤਾਂ ਹੁੰਦੀਆਂ ਹਨ। ਨਿਤੀਸ਼ ਕੁਮਾਰ ਦਾ ਕਹਿਣਾ ਸੀ ਕਿ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਜਦੋਂ ਸ਼ਰਾਬ ਬੰਦੀ ਹੈ ਤਾਂ ਘਟੀਆ ਸ਼ਰਾਬ ਮਿਲੇਗੀ ਹੀ। ਨਿਤੀਸ਼ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ, ਜੋ ਸ਼ਰਾਬ ਪੀਏਗਾ ਉਹ ਮਰੇਗਾ ਹੀ।