Breaking News
Home / ਭਾਰਤ / ਜੰਮੂ ਕਸ਼ਮੀਰ ‘ਚ ਭਾਰਤੀ ਫੌਜ ਨੂੰ ਕੋਝੀ ਜੰਗ ਦਾ ਕਰਨਾ ਪੈ ਰਿਹਾ ਹੈ ਸਾਹਮਣਾ

ਜੰਮੂ ਕਸ਼ਮੀਰ ‘ਚ ਭਾਰਤੀ ਫੌਜ ਨੂੰ ਕੋਝੀ ਜੰਗ ਦਾ ਕਰਨਾ ਪੈ ਰਿਹਾ ਹੈ ਸਾਹਮਣਾ

ਮੇਜਰ ਲੀਤੁਲ ਗੋਗੋਈ ਨੂੰ ਸਨਮਾਨ ਦੇਣ ਦਾ ਮੰਤਵ ਫੌਜ ਦਾ ਮਨੋਬਲ ਉਚਾ ਕਰਨਾ : ਜਨਰਲ ਰਾਵਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਨੌਜਵਾਨ ਫੌਜੀ ਅਫ਼ਸਰ ਵੱਲੋਂ ਇਕ ਕਸ਼ਮੀਰੀ ਨੂੰ ‘ਮਨੁੱਖੀ ਢਾਲ’ ਵਜੋਂ ਵਰਤਣ ਦਾ ਦ੍ਰਿੜ੍ਹਤਾ ਨਾਲ ਬਚਾਅ ਕਰਦਿਆਂ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਨੂੰ ‘ਕੋਝੀ ਜੰਗ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੀ ਨਵੇਂ ਤਰੀਕਿਆਂ ਨਾਲ ਲੜਨੀ ਪਵੇਗੀ।ਗੱਲਬਾਤ ਦੌਰਾਨ ਜਨਰਲ ਰਾਵਤ ਨੇ ਕਿਹਾ ਕਿ ਜਿਸ ਸਮੇਂ ਮਨੁੱਖੀ ਢਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ ਤਾਂ ਮੇਜਰ ਲੀਤੁਲ ਗੋਗੋਈ ਨੂੰ ਸਨਮਾਨ ਦੇਣ ਦਾ ਮੁੱਖ ਮੰਤਵ ਫੌਜ ਦੇ ਨੌਜਵਾਨ ਅਫ਼ਸਰਾਂ ਦਾ ਮਨੋਬਲ ਉੱਚਾ ਕਰਨਾ ਹੈ, ਜਿਨ੍ਹਾਂ ਨੂੰ ਅੱਤਵਾਦ ਪ੍ਰਭਾਵਤ ਇਸ ਰਾਜ ਵਿੱਚ ਬਹੁਤ ਮੁਸ਼ਕਲ ਮਾਹੌਲ ਵਿੱਚ ਕੰਮ ਕਰਨਾ ਪੈ ਰਿਹਾ ਹੈ।
ਇਸ ਮੁੱਦੇ ਉਤੇ ਮੀਡੀਆ ਵਿੱਚ ਆਈਆਂ ਜਨਰਲ ਦੀਆਂ ਸਭ ਤੋਂ ਵਿਆਪਕ ਟਿੱਪਣੀਆਂ ਵਿੱਚ ਉਨ੍ਹਾਂ ਕਿਹਾ, ”ਇਹ ਅਸਿੱਧੀ ਜੰਗ ਹੈ ਅਤੇ ਅਸਿੱਧੀ ਲੜਾਈ ਕੋਝੀ ਹੁੰਦੀ ਹੈ। ਇਹ ਕੋਝੇ ਤਰੀਕੇ ਨਾਲ ਹੀ ਲੜੀ ਜਾਵੇਗੀ। ਦੁਸ਼ਮਣ ਵੱਲੋਂ ਸਿੱਧਾ ਤੁਹਾਡਾ ਸਾਹਮਣਾ ਕਰਨ ਵਾਲੀ ਲੜਾਈ ਦੇ ਨਿਯਮ ਹਨ। ਜਦੋਂ ਕੋਝੀ ਜੰਗ ਦੀ ਗੱਲ ਆਉਂਦੀ ਹੈ ਤਾਂ ਇਸ ਵਿੱਚ ਨਿਵੇਕਲੇ ਤਰੀਕੇ ਸਾਹਮਣੇ ਆਉਂਦੇ ਹਨ। ਤੁਸੀਂ ઠਨਵੇਂ ਤਰੀਕਿਆਂ ਨਾਲ ਹੀ ਇਹ ਕੋਝੀ ਜੰਗ ਲੜੋਗੇ।”
ਪਿਛਲੇ ਮਹੀਨੇ ਪੱਥਰਬਾਜ਼ਾਂ ਤੋਂ ਬਚਣ ਲਈ ਇਕ ਕਸ਼ਮੀਰੀ ਨੂੰ ਫੌਜ ਦੀ ਜੀਪ ਨਾਲ ਬੰਨ੍ਹਣ ਵਾਲੇ ਗੋਗੋਈ ਨੂੰ ਥਲ ਸੈਨਾ ਮੁਖੀ ਵੱਲੋਂ ਪ੍ਰਸੰਸਾ ਪੱਤਰ ਦੇਣ ਦੀ ਮਨੁੱਖੀ ਅਧਿਕਾਰ ਕਾਰਕੁਨਾਂ, ਕਸ਼ਮੀਰੀ ਗਰੁੱਪਾਂ ਅਤੇ ਕੁਝ ਸੇਵਾਮੁਕਤ ਫੌਜੀ ਜਨਰਲਾਂ ਨੇ ਨੁਕਤਾਚੀਨੀ ਕੀਤੀ।
ਇਸ ਘਟਨਾ ਦੀ ਵੀਡੀਓ ਉਤੇ ਕਾਫੀ ਰੌਲਾ ਪਿਆ ਸੀ।ਜਨਰਲ ਰਾਵਤ ਨੇ ਕਿਹਾ, ”ਲੋਕ ਸਾਡੇ ਪੱਥਰ ਮਾਰਦੇ ਹਨ, ਸਾਡੇ ਉਤੇ ਪੈਟਰੋਲ ਬੰਬ ਸੁੱਟਦੇ ਹਨ।
ਜੇ ਮੇਰਾ ਕੋਈ ਜਵਾਨ ਮੈਨੂੰ ਪੁੱਛਦਾ ਹੈ ਕਿ ਅਸੀਂ ਕੀ ਕਰੀਏ, ਤਾਂ ਕੀ ਮੈਂ ਇਹ ਕਹਾਂ ਕਿ ਮੌਤ ਦਾ ਇੰਤਜ਼ਾਰ ਕਰ? ਮੈਂ ਕੌਮੀ ਝੰਡੇ ਵਾਲਾ ਵਧੀਆ ਜਿਹਾ ਤਾਬੂਤ ਲੈ ਕੇ ਆਵਾਂਗਾ ਅਤੇ ਤੁਹਾਡੀਆਂ ਲਾਸ਼ਾਂ ਨੂੰ ਪੂਰੇ ਸਨਮਾਨ ਨਾਲ ਤੁਹਾਡੇ ਘਰ ਭੇਜਾਂਗਾ। ਕੀ ਮੁਖੀ ਵਜੋਂ ਮੈਥੋਂ ਇਹ ਤਵੱਜੋ ਕੀਤੀ ਜਾਂਦੀ ਹੈ? ਮੈਨੂੰ ਉਥੇ ਤਾਇਨਾਤ ਆਪਣੇ ਜਵਾਨਾਂ ਦਾ ਮਨੋਬਲ ਬਰਕਰਾਰ ਰੱਖਣਾ ਪਵੇਗਾ। ਰਾਜ ਵਿੱਚ ਸੁਰੱਖਿਆ ਚੁਣੌਤੀ ਦੀ ਗੁੰਝਲ ਬਾਰੇ ਗੱਲ ਕਰਦਿਆਂ ਜਨਰਲ ਰਾਵਤ ਨੇ ਸੰਕੇਤ ਦਿੱਤਾ ਕਿ ਸੁਰੱਖਿਆ ਦਸਤਿਆਂ ਲਈ ਸਥਿਤੀ ਉਦੋਂ ਵੱਧ ਸੁਖਾਵੀਂ ਹੁੰਦੀ ਹੈ, ਜਦੋਂ ਮੁਜ਼ਾਹਰਾਕਾਰੀ ਪੱਥਰ ਦੀ ਬਜਾਏ ਹਥਿਆਰ ਚਲਾਉਣ।
ਉਨ੍ਹਾਂ ਕਿਹਾ ਕਿ ”ਮੈਂ ਚਾਹੁੰਦਾ ਹਾਂ ਕਿ ਇਹ ਲੋਕ ਪੱਥਰ ਦੀ ਥਾਂ ਸਾਡੇ ਉਤੇ ਹਥਿਆਰ ਚਲਾਉਣ। ਉਦੋਂ ਮੈਂ ਬਹੁਤ ਖ਼ੁਸ਼ ਹੋਵਾਂਗਾ। ਉਦੋਂ ਹੀ ਮੈਂ ਉਹ ਚੀਜ਼ ਕਰ ਸਕਾਂਗਾ, ਜੋ ਮੈਂ ਕਰ ਸਕਦਾ ਹਾਂ।” ਜੰਮੂ ਕਸ਼ਮੀਰ ਵਿੱਚ ਲੰਮਾ ਸਮਾਂ ਤਾਇਨਾਤ ਰਹੇ ਜਨਰਲ ਰਾਵਤ ਨੇ ਕਿਹਾ ਕਿ ਜੇ ਕਿਸੇ ਮੁਲਕ ਦੀ ਜਨਤਾ ਫੌਜ ਤੋਂ ਨਹੀਂ ਡਰਦੀ ਤਾਂ ਉਸ ਦੇਸ਼ ਦਾ ਸਰਬਨਾਸ਼ ਹੋ ਜਾਂਦਾ ਹੈ।

Check Also

ਪੰਜਾਬ ’ਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ

ਕੈਪਟਨ ਦੀ ਪਾਰਟੀ ਨੂੰ 37 ਅਤੇ ਢੀਂਡਸਾ ਦੀ ਪਾਰਟੀ ਨੂੰ ਮਿਲੀਆਂ 15 ਸੀਟਾਂ ਨਵੀਂ ਦਿੱਲੀ/ਬਿਊੁਰੋ …