ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ ‘ਚ ਫਰੰਟਲਾਈਨ ਪੋਸਟ ‘ਤੇ ਪਹਿਲੀ ਵਾਰ ਫ਼ੌਜ ਦੀ ਇੰਜੀਨੀਅਰ ਕੋਰ ਦੀ ਮਹਿਲਾ ਅਧਿਕਾਰੀ ਕੈਪਟਨ ਸ਼ਿਵਾ ਚੌਹਾਨ ਨੂੰ ਤਾਇਨਾਤ ਕੀਤਾ ਗਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹਿਲਾ ਅਧਿਕਾਰੀ ਨੂੰ ਸਖਤ ਸਿਖਲਾਈ ਉਪਰੰਤ ਸੋਮਵਾਰ ਨੂੰ ਸਿਆਚਿਨ ‘ਚ ਕਰੀਬ 15,660 ਫੁੱਟ ਦੀ ਉਚਾਈ ‘ਤੇ ਸਥਿਤ ਕੁਮਾਰ ਪੋਸਟ ‘ਤੇ 3 ਮਹੀਨਿਆਂ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਫ਼ੌਜ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਕੈਪਟਨ ਸ਼ਿਵਾ ਚੌਹਾਨ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ‘ਤੇ ਕਾਰਜਸ਼ੀਲ ਤੌਰ ‘ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਕੈਪਟਨ ਚੌਹਾਨ ਨੂੰ ਸ਼ੁਭ-ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਹੋਰ ਮਹਿਲਾਵਾਂ ਦੇ ਹਥਿਆਰਬੰਦ ਬਲਾਂ ‘ਚ ਸ਼ਾਮਿਲ ਹੋਣ ਤੇ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਦਿਆ ਵੇਖ ਕੇ ਖੁਸ਼ ਹਨ।
ਜ਼ਿਕਰਯੋਗ ਹੈ ਕਿ ਰਾਜਸਥਾਨ ਤੋਂ ਕੈਪਟਨ ਸ਼ਿਵਾ ਚੌਹਾਨ ਬੰਗਾਲ ਸੈਪਰ ਅਫ਼ਸਰ ਹੈ। ਉਸ ਦਾ ਪਾਲਣ-ਪੋਸ਼ਣ ਤੇ ਪੜ੍ਹਾਈ ਉਸ ਦੀ ਮਾਤਾ ਦੀ ਨਿਗਰਾਨੀ ‘ਚ ਹੋਈ ਹੈ ਕਿਉਂਕਿ ਉਸ ਦੇ ਪਿਤਾ ਦਾ ਦਿਹਾਂਤ ਉਸ ਸਮੇਂ ਹੋ ਗਿਆ ਸੀ, ਜਦੋਂ ਉਹ ਕੇਵਲ 11 ਸਾਲ ਦੀ ਸੀ।