12.3 C
Toronto
Saturday, April 18, 2026
spot_img
Homeਭਾਰਤਐਨਡੀਏ ਨੂੰ ਪਹਿਲਾਂ ਨਾਲੋਂ ਵੱਧ ਸੀਟਾਂ ਮਿਲਣਗੀਆਂ : ਮੋਦੀ

ਐਨਡੀਏ ਨੂੰ ਪਹਿਲਾਂ ਨਾਲੋਂ ਵੱਧ ਸੀਟਾਂ ਮਿਲਣਗੀਆਂ : ਮੋਦੀ

ਕਿਹਾ – ਵੱਖੋ-ਵੱਖਰੇ ਧੜਿਆਂ ਦਾ ਗੈਰ ਵਿਚਾਰਧਾਰਕ ਗੱਠਜੋੜ ‘ਮਹਾਂਗਠਬੰਧਨ’ ਨਹੀਂ ਹੋ ਸਕਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ਦੇ ਮਹਾਗੱਠਜੋੜ ਨੂੰ ਰਾਜਨੀਤਕ ਮੌਕਾਪ੍ਰਸਤੀ ਅਤੇ ਨਾਕਾਮ ਵਿਚਾਰ ਗਰਦਾਨਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਹਮੇਸ਼ਾ ਨਾਲੋਂ ਵਧ ਸੀਟਾਂ ਮਿਲਣਗੀਆਂ ਅਤੇ 2019 ਲੋਕ ਸਭਾ ਚੋਣਾਂ ਵਿੱਚ ਸਾਰੇ ਰਿਕਾਰਡ ਟੁੱਟ ਜਾਣਗੇ। ਉਨ੍ਹਾਂ ਐਨਡੀਏ ਵਿੱਚ ਕਿਸੇ ਤਰ੍ਹਾਂ ਦੀ ਦਰਾੜ ਨੂੰ ਖਾਰਜ ਕਰਦਿਆਂ ਕਿਹਾ ਕਿ ਗੱਠਜੋੜ ਪੂਰੀ ਤਰ੍ਹਾਂ ਮਜ਼ਬੂਤ ਹੈ। ਉਨ੍ਹਾਂ ਕਿਹਾ ਲੋਕ ਸਭਾ ਵਿੱਚ ਅਵਿਸ਼ਵਾਸ ਮਤੇ ‘ਤੇ ਸਰਕਾਰ ਦੀ ਜਿੱਤ ਅਤੇ ਰਾਜ ਸਭਾ ਵਿੱਚ ਡਿਪਟੀ ਚੇਅਰਮੈਨ ਦੀ ਚੋਣ ਇਸ ਦਾ ਪ੍ਰਤੱਖ ਸਬੂਤ ਹਨ। ਇਕ ਇੰਟਰਵਿਊ ਵਿੱਚ ਉਨ੍ਹਾਂ ਹਜੂਮੀ ਕਤਲ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ, ”ਅਸੀਂ ਪਿਛਲੀ ਵਾਰ ਦੇ ਮੁਕਾਬਲੇ ਵਧ ਸੀਟਾਂ ਹਾਸਲ ਕਰਾਂਗੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਐਨਡੀਏ ਵੱਲੋਂ ਪਿਛਲੀਆਂ ਚੋਣਾਂ ਵਿੱਚ ਹਾਸਲ ਕੀਤੀਆਂ ਸੀਟਾਂ ਦੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿਆਂਗੇ।” 30 ਸਾਲਾਂ ਬਾਅਦ ਭਾਜਪਾ ਨੇ ਦੇਸ਼ ਨੂੰ ਕੰਮ ਕਰਨ ਵਾਲੀ ਮਜ਼ਬੂਤ ਅਤੇ ਸਥਿਰ ਸਰਕਾਰ ਦਿੱਤੀ ਹੈ। ਉਨ੍ਹਾਂ ਕਿਹਾ, ”ਭਾਰਤੀ ਵੋਟਰ ਹਮੇਸ਼ਾ ਕੌਮੀ ਹਿੱਤਾਂ ਨੂੰ ਅਹਿਮੀਅਤ ਦਿੰਦੇ ਹਨ। ਮੈਨੂੰ ਭਰੋਸਾ ਹੈ ਕਿ ਉਹ ਖਿੰਡੇ ਹੋਏ ਧੜੇ ਜੋ ਸਿਰਫ ਮੋਦੀ ਨੂੰ ਹਟਾਉਣਾ ਚਾਹੁੰਦੇ ਹਨ, ਨੂੰ ਵੋਟ ਦੇ ਕੇ ਸਮਝੌਤਾ ਨਹੀਂ ਕਰਨਗੇ।” ਉਨ੍ਹਾਂ ਕਿਹਾ ਕਿ ਲਾਚਾਰ ਅਤੇ ਵੱਖੋ-ਵੱਖਰੇ ਧੜਿਆਂ ਦਾ ਗੈਰ ਵਿਚਾਰਧਾਰਕ ਗੱਠਜੋੜ ‘ਮਹਾਂਗਠਬੰਧਨ’ ਨਹੀਂ ਹੋ ਸਕਦਾ। ਇਹ ਰਾਜਨੀਤਕ ਮੌਕਾਪ੍ਰਸਤੀ ਅਤੇ ਨਾਕਾਮ ਕੋਸ਼ਿਸ਼ ਹੈ ਜੋ ਕਦੇ ਸਫਲ ਨਹੀਂ ਹੋਈ, ਭਾਵੇਂ ਉਹ 1979, 1990 ਜਾਂ 1996 ਹੋਵੇ। ਐਨਡੀਏ ਭਾਈਵਾਲਾਂ ਵਿਚ ਬੇਚੈਨੀ ਬਾਰੇ ਪੁੱਛੇ ਜਾਣ ‘ਤੇ ਮੋਦੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਚੋਣ ਨਾਲ ਅਜਿਹੇ ਖਦਸ਼ਿਆਂ ‘ਤੇ ਰੋਕ ਲੱਗ ਗਈ ਹੈ। ਹਜੂਮੀ ਕਤਲਾਂ ਬਾਰੇ ਪੁੱਛੇ ਜਾਣ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਇਕ ਵੀ ਘਟਨਾ ਉਨ੍ਹਾਂ ਨੂੰ ਉਦਾਸ ਕਰ ਦਿੰਦੀ ਹੈ ਅਤੇ ਇਸ ਦੀ ਸਖ਼ਤ ਆਵਾਜ਼ ਵਿੱਚ ਨਿਖੇਧੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਜੂਮੀ ਕਤਲ ਅਪਰਾਧ ਹੈ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਤੇ ਹਿੰਸਾ ਦਾ ਅਧਿਕਾਰ ਨਹੀਂ ਹੈ। ਰਾਫ਼ਾਲ ਸਮਝੌਤੇ ਵਿੱਚ ਘਪਲੇ ਦੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਬੋਫੋਰਸ ਦੇ ਜਿੰਨ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਹੈ।
ਮੈਂ ਟਰੰਪ ਦਾ ਵਿਚਾਰ ਪ੍ਰਗਟਾਇਆ: ਮੋਦੀ : ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰ ਅਤੇ ਵੀਜ਼ਾ ਪਾਲਿਸੀ ਬਾਰੇ ਅਨਿਸ਼ਚਤਤਾ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਟਰੰਪ ਦੇ ਅਮਰੀਕਾ ਅਤੇ ਭਾਰਤ ਦੇ ਖੁਸ਼ਹਾਲੀ ਬਾਰੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਟਰੰਪ ਨੂੰ ਕਈ ਵਾਰ ਮਿਲੇ ਹਨ ਤੇ ਉਨ੍ਹਾਂ ਨੂੰ ਅਮਰੀਕਾ ਅਤੇ ਭਾਰਤ ਦੀ ਮਜ਼ਬੂਤ ਭਾਈਵਾਲੀ ਨਾਲ ਇਥੋਂ ਦੇ ਲੋਕਾਂ ਦੇ ਖੁਸ਼ਹਾਲ ਹੋਣ ਦੇ ਵਿਚਾਰ ਬਾਰੇ ਦੱਸਿਆ ਹੈ।

RELATED ARTICLES
POPULAR POSTS