ਨਵੀਂ ਦਿੱਲੀ : ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਫਰਾਂਸ ਨਾਲ ਰਾਫ਼ਾਲ ਜਹਾਜ਼ਾਂ ਦੀ ਖ਼ਰੀਦ ਵਿੱਚ ਹੋਏ ਕਥਿਤ ਘਪਲੇ ਬਾਰੇ ਜਵਾਬ ਦੇਵੇ। ਲੋਕ ਸਭਾ ਵਿੱਚ ਕਾਂਗਰਸ ਨੇ ਇਸ ਮੁੱਦੇ ਉੱਤੇ ਵਾਕਆਊਟ ਕੀਤਾ। ਸੰਸਦ ਭਵਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਰੋਸ ਮੁਜ਼ਾਹਰੇ ਦੀ ਅਗਵਾਈ ਕਾਂਗਰਸ ਦੀ ਆਗੂ ਤੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕੀਤੀ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਜਿਨ੍ਹਾਂ ਵਿੱਚ ਰਾਜ ਬੱਬਰ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਅੰਬਿਕਾ ਸੋਨੀ, ਸੀਪੀਆਈ ਦੇ ਡੀ ਰਾਜਾ, ਆਪ ਦੇ ਸੁਸ਼ੀਲ ਗੁਪਤਾ ਸ਼ਾਮਲ ਸਨ, ਨੇ ਸੰਸਦ ਦੇ ਬਾਹਰ ਮੁਜ਼ਾਹਰਾ ਕੀਤਾ ਤੇ ਰਾਫ਼ਾਲ ਸੌਦੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਉਣ ਦੀ ਮੰਗ ਕਰਦਿਆਂ ਤਖ਼ਤੀਆਂ ਦਿਖਾਈਆਂ ਤੇ ਨਾਅਰੇਬਾਜ਼ੀ ਕੀਤੀ।
ਲੋਕ ਸਭਾ ਵਿੱਚ ਕਾਂਗਰਸ ਮੈਂਬਰਾਂ ਨੇ ਰਾਫ਼ਾਲ ਸੌਦੇ ਦੀ ਜਾਂਚ ਸੰਸਦ ਦੀ ਸਾਂਝੀ ਕਮੇਟੀ ਕੋਲੋਂ ਕਰਵਾਉਣ ਦੀ ਮੰਗ ਖਾਤਰ ਕਾਰਵਾਈ ਵਿੱਚ ਵਿਘਨ ਪਾਇਆ ਸੀ। ਇਨ੍ਹਾਂ ਨੇ ਰਾਫ਼ਾਲ ਸੌਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਦੀ ਵੀ ਮੰਗੀ ਕੀਤੀ ਸੀ।
ਮੈਂ ਵਧੀਆ ਰਾਫ਼ਾਲ ਬਣਾ ਸਕਦਾ ਹਾਂ: ਜਾਖੜ : ਨਵੀਂ ਦਿੱਲੀ: ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਉੱਤੇ ਰਾਫ਼ਾਲ ਲੜਾਕੂ ਜਹਾਜ਼ਾਂ ਦੇ ਸੌਦੇ ਨੂੰ ਲੈ ਕੇ ਲੋਕ ਸਭਾ ਵਿੱਚ ਤਿੱਖਾ ਹਮਲਾ ਕਰਦਿਆਂ ਕਾਂਗਰਸ ਦੇ ਮੈਂਬਰ ਸੁਨੀਲ ਜਾਖੜ ਨੇ ਕਿਹਾ, ”ਮੈਂ ਬਿਹਤਰ ਰਾਫ਼ਾਲ ਬਣਾ ਸਕਦਾ ਹਾਂ ਤੇ ਮੈਨੂੰ ਇਹ ਅਧਿਕਾਰ ਦਿਓ।” ਇਸ ਤੋਂ ਬਾਅਦ ਕਾਂਗਰਸ ਦੇ ਮੈਂਬਰਾਂ ਨੇ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਨੂੰ ਲੈ ਕੇ ਲੋਕ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ। ਕਾਂਗਰਸ ਮੰਗ ਕਰ ਰਹੀ ਹੈ ਕਿ ਰਾਫ਼ਾਲ ਜਹਾਜ਼ਾਂ ਦੀ ਖ਼ਰੀਦ ਵਿੱਚ ਹੋਏ ਘਪਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਨੂੰ ਸੌਂਪੀ ਜਾਵੇ। ਜਾਖੜ ਨੇ ਸਿਫ਼ਰ ਕਾਲ ਦੌਰਾਨ ਸਦਨ ਵਿੱਚ ਕਾਗਜ਼ ਦਾ ਬਣਾਇਆ ਜੰਗੀ ਜਹਾਜ਼ ਵੀ ਉਛਾਲ ਕੇ ਦਿਖਾਇਆ। ਕਾਂਗਰਸ ਦੇ ਲੋਕ ਸਭਾ ਵਿੱਚ ਆਗੂ ਮਲਿਕਾਰਜੁਨ ਖੜਗੇ ਨੇ ਸਦਨ ਵਿੱਚ ਦੋਸ਼ ਲਾਇਆ ਕਿ ਇਸ ਸੌਦੇ ਵਿੱਚ ਕਥਿਤ ਤੌਰ ਉੱਤੇ ਹਜ਼ਾਰਾਂ ਕਰੋੜ ਦਾ ਘਪਲਾ ਹੋਇਆ ਹੈ। ਇਸ ਮੌਕੇ ਕਾਂਗਰਸ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …