ਮੇਰੇ ਨਾਲ ਹੱਥੋਪਾਈ ਮੁਨੀਸ਼ ਸਿਸੋਦੀਆ ਦੇ ਇਸ਼ਾਰੇ ‘ਤੇ ਹੋਈ : ਕਪਿਲ ਮਿਸ਼ਰਾ
ਨਵੀਂ ਦਿੱਲੀ : ਜੀਐਸਟੀ ਬਿੱਲ ਨੂੰ ਲੈ ਕੇ ਇਕ ਦਿਨੀਂ ਵਿਧਾਨ ਸਭਾ ਸੈਸ਼ਨ ਦੌਰਾਨ ਕਪਿਲ ਮਿਸ਼ਰਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਰਮਿਆਨ ਉਦੋਂ ਖਿੱਚ-ਧੂਹ ਹੋ ਗਈ ਜਦੋਂ ਬਾਗ਼ੀ ਵਿਧਾਇਕ ਨੇ ਦਿੱਲੀ ਵਿਧਾਨ ਸਭਾ ਵਿੱਚ ਇਕ ਬੈਨਰ ਲਹਿਰਾਉਣਾ ਚਾਹਿਆ। ਬੈਨਰ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਕਥਿਤ ਭ੍ਰਿਸ਼ਟਾਚਾਰ ਦੀ ਟਿੱਪਣੀ ਲਿਖੀ ਹੋਈ ਸੀ। ਹੰਗਾਮੇ ਮਗਰੋਂ ਸਦਨ ਕੁੱਝ ਸਮੇਂ ਲਈ ਮੁਅੱਤਲ ਕਰਨਾ ਪਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਪਿਲ ਮਿਸ਼ਰਾ ਨੇ ਦੋਸ਼ ਲਾਇਆ ਕਿ ਉਸ ‘ਤੇ ਹਮਲਾ ਮਨੀਸ਼ ਸਿਸੋਦੀਆ ਦੇ ਇਸ਼ਾਰੇ ‘ਤੇ ਕੀਤਾ ਗਿਆ। ਉਧਰ, ਸਪੀਕਰ ਰਾਮ ਨਿਵਾਸ ਗੋਇਲ ਨੇ ਜ਼ੋਰ-ਜ਼ਬਰਦਸਤੀ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਕਪਿਲ ਖ਼ਿਲਾਫ਼ ਕਾਰਵਾਈ ਦੇ ਸੰਕੇਤ ਦਿੱਤੇ ਹਨ।ਜਿਵੇਂ ਹੀ ਕਪਿਲ ਮਿਸ਼ਰਾ ਬੈਨਰ ਲਹਿਰਾਉਣ ਲਗਿਆ ਤਾਂ ਸਪੀਕਰ ਨੇ ਮਾਰਸ਼ਲਾਂ ਨੂੰ ਉਸ ਨੂੰ ਸਦਨ ਵਿੱਚੋਂ ਕੱਢਣ ਦੀ ਹਦਾਇਤ ਕੀਤੀ। ਇੰਨੇ ਨੂੰ ‘ਆਪ’ ਵਿਧਾਇਕ ਮਦਨ ਲਾਲ, ਜਰਨੈਲ ਸਿੰਘ ਤੇ ਹੋਰ ਕਪਿਲ ਮਿਸ਼ਰਾ ਨੂੰ ਸਦਨ ਵਿੱਚੋਂ ਬਾਹਰ ਧੂਹਣ ਲੱਗੇ। ਬਾਅਦ ਵਿਚ ਕਪਿਲ ਮਿਸ਼ਰਾ ਨੇ ਕਿਹਾ ਕਿ ਉਸ ਨੇ ਸਪੀਕਰ ਤੋਂ ਬੋਲਣ ਦਾ ਸਮਾਂ ਮੰਗਿਆ ਸੀ ਤੇ ਚਿੱਠੀ ਵੀ ਲਿਖੀ ਸੀ ਪਰ ਉਸ ਨੂੰ ਬੋਲਣ ਨਹੀਂ ਦਿੱਤਾ ਗਿਆ। ਸਪੀਕਰ ਨੇ ‘ਆਪ’ ਵਿਧਾਇਕਾਂ ਦੀ ਹਰਕਤ ਦੀ ਨਿੰਦਾ ਕਰਦਿਆਂ ਘਟਨਾ ਨੂੰ ਮੰਦਭਾਗੀ ਤੇ ਦੁਖਦਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 49 ਦਿਨ ਦੀ ਸਰਕਾਰ ਵੇਲੇ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ। ਉਨ੍ਹਾਂ ਕਿਹਾ ਕਿ ਰਾਮਲੀਲਾ ਮੈਦਾਨ ਵਿਚ ਇਜਲਾਸ ਸੱਦੇ ਜਾਣ ਦੀ ਮੰਗ ਵਾਜਿਬ ਨਹੀਂ ਹੈ।
Check Also
ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਮੈਡੀਸਿਨ 2024 ਦਾ ਨੋਬਲ ਪੁਰਸਕਾਰ
ਵਿਕਟਰ ਐਂਬਰੋਸ ਅਤੇ ਗੇਰੀ ਰੁਵਕੋਨ ਨੂੰ ਮਾਈਕਰੋ ਆਰਐਨਏ ਦੀ ਖੋਜ ਲਈ ਮਿਲਿਆ ਸਨਮਾਨ ਸਟਾਕਹੋਮ/ਬਿਊਰੋ ਨਿਊਜ਼ …