Parvasi News, Ontario ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਓਨਟਾਰੀਓ ਕਿਊਬਿਕ ਦੀ ਤਰਜ਼ ਉੱਤੇ ਕੋਵਿਡ-19 ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਖਿਲਾਫ ਟੈਕਸ ਨਹੀਂ ਲਾਵੇਗਾ। ਟੋਰਾਂਟੋ ਜ਼ੂ ਵਿੱਚ ਖੋਲ੍ਹੇ ਗਏ ਵੈਕਸੀਨੇਸ਼ਨ ਕਲੀਨਿਕ ਦਾ ਜਾਇਜ਼ਾ ਲੈਣ ਗਏ ਫੋਰਡ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਵੱਖਰੀ ਤਰ੍ਹਾਂ ਦੀ ਪਹੁੰਚ ਅਪਣਾ ਰਹੇ ਹਾਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਨੇ ਆਖਿਆ ਕਿ ਕਿਊਬਿਕ ਦੀ ਯੋਜਨਾ ਉਨ੍ਹਾਂ ਨੂੰ ਦੰਡ ਦੇਣ ਵਰਗੀ ਲੱਗ ਰਹੀ ਹੈ ਤੇ ਉਨ੍ਹਾਂ ਦੇ ਪ੍ਰੋਵਿੰਸ ਵੱਲੋਂ ਇਸ ਤਰ੍ਹਾਂ ਦੇ ਮਾਪਦੰਡ ਲਿਆਉਣ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਡਾ· ਕੀਰਨ ਮੂਰ ਨੇ ਆਖਿਆ ਕਿ ਸਾਡੇ ਵੱਲੋਂ ਮਹਾਂਮਾਰੀ ਦੌਰਾਨ ਇਸ ਤਰ੍ਹਾਂ ਦੀ ਕੋਈ ਵੀ ਸਿਫਾਰਿਸ਼ ਸਰਕਾਰ ਨੂੰ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਅਸੀਂ ਬਾਲਗਾਂ ਨੂੰ ਹਮੇਸ਼ਾਂ ਵੈਕਸੀਨੇਸ਼ਨ ਦੇ ਫਾਇਦੇ ਦੱਸ ਕੇ ਹੀ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਤੇ ਇਸੇ ਤਰ੍ਹਾਂ ਹੀ ਅਸੀਂ ਉਪਲਬਧਤਾ ਤੇ ਪਹੁੰਚ ਨੂੰ ਵਧਾਉਣਾ ਚਾਹੁੰਦੇ ਹਾਂ। ਗੌਰਤਲਬ ਹੈ ਕਿ ਸਤੰਬਰ ਵਿੱਚ ਓਨਟਾਰੀਓ ਵਿੱਚ ਵੈਕਸੀਨੇਸ਼ਨ ਦੇ ਸਬੂਤ ਸਬੰਧੀ ਸਿਸਟਮ ਸੁ਼ਰੂ ਕੀਤਾ ਗਿਆ ਸੀ, ਇਸ ਤਹਿਤ ਉਨ੍ਹਾਂ ਓਨਟਾਰੀਓ ਵਾਸੀਆਂ ਨੂੰ ਵੈਕਸੀਨੇਸ਼ਨ ਤੋਂ ਛੋਟ ਦਿੱਤੀ ਗਈ ਸੀ ਜਿਹੜੇ ਮੈਡੀਕਲ ਕਾਰਨਾਂ ਕਰਕੇ ਸ਼ੌਟਸ ਨਹੀਂ ਸਨ ਲਵਾ ਸਕਦੇ।
Read More »