ਬਰੈਂਪਟਨ/ਬਿਊਰੋ ਨਿਊਜ਼
ਰੈੱਡ ਵਿੱਲੋ ਕਲੱਬ ਬਰੈਂਪਟਨ ਦੀ ਬਹੁਤ ਹੀ ਸਰਗਰਮ ਸੀਨੀਅਰਜ਼ ਕਲੱਬ ਹੈ ਜਿਹੜੀ ਆਪਣੇ ਮੈਂਬਰਾਂ ਦੇ ਮਨੋਰੰਜਨ ਅਤੇ ਵਧੀਆ ਟੂਰਾਂ ਦਾ ਪਰਬੰਧ ਕਰਦੀ ਹੈ ਤਾਂ ਜੋ ਹਮਉਮਰ ਸੀਨੀਅਰਜ਼ ਰਲ ਮਿਲ ਕੇ ਵਧੀਆ ਦਿਨ ਗੁਜਾਰਨ। ਇਸੇ ਲੜੀ ਵਿੱਚ 11 ਸਤੰਬਰ ਨੂੰ ਕਲੱਬ ਦੇ ਲੱਗ ਪੱਗ 100 ਮੈਂਬਰਾਂ ਨੇ ਟੋਰਾਂਟੋ ਜ਼ੂ ਦਾ ਟਰਿੱਪ ਲਾਇਆ। ਕਲੱਬ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ ਪਰਮਜੀਤ ਬੜਿੰਗ, ਅਮਰਜੀਤ ਸਿੰਘ, ਮਹਿੰਦਰ ਕੌਰ ਪੱਡਾ , ਬਲਜੀਤ ਗਰੇਵਾਲ, ਨਿਰਮਲਾ ਪਰਾਸ਼ਰ, ਸ਼ਿਵਦੇਵ ਸਿੰਘ ਰਾਏ, ਜੋਗਿੰਦਰ ਪੱਡਾ ਅਤੇ ਬਲਵੰਤ ਕਲੇਰ ਨੇ ਮੈਂਬਰਾਂ ਨੂੰ ਲਿਜਾਣ ਦਾ ਪਰਬੰਧ ਬੜੀ ਮਿਹਨਤ ਅਤੇ ਸਲੀਕੇ ਨਾਲ ਕੀਤਾ। ਪਹੁੰਚਣ ਤੋਂ ਬਾਦ ਸਾਰਿਆਂ ਨੇ ਰਲਕੇ ਗਰਮਾ ਗਰਮ ਕੌਫ਼ੀ ਪੀ ਕੇ ਜ਼ੂ ਵੱਲ ਚਾਲੇ ਪਾਏ।
ਕੈਨੇਡਾ ਵਿੱਚ ਜਿਸ ਤਰ੍ਹਾਂ ਅਨੇਕ ਮੁਲਕਾਂ ਦੇ ਬੰਦੇ ਵਸਦੇ ਹਨ। ਉਸੇ ਤਰ੍ਹਾਂ ਅਨੇਕਾਂ ਦੇਸ਼ਾ ਦੇ ਜਾਨਵਰ ਵੀ ਇੱਥੇ ਦੇਖਣ ਨੂੰ ਮਿਲੇ। ਛੋਟੇ ਤੋਂ ਛੋਟੇ ਹਰੇ ਡੱਡੂ ਤੋਂ ਲੈ ਕੇ ਵੱਡ ਆਕਾਰੇ ਹਾਥੀ ਅਤੇ ਲੰਬੀਆਂ ਧੌਣਾਂ ਵਾਲੇ ਜਿਰਾਫ਼ ਇੱਥੇ ਸਨ।
ਇਸ ਤੋਂ ਬਿਨਾਂ ਕੁਗਾਰ ( ਖਤਰਨਾਕ ਬਿੱਲੀ), ਜੰਗਲੀ ਝੋਟੇ, ਭੂਰੇ ਰਿੱਛ, ਮਾਸਾਹਾਰੀ ਰਿੱਛ, ਕੈਨੇਡੀਅਨ ਬਾਘੜ ਬਿੱਲੇ, ਗੈਂਡੇ, ਪੋਲਰ ਬੀਅਰ, ਜ਼ੈਬਰੇ, ਅਫਰੀਕਨ ਚੀਤੇ ਅਤੇ ੳਹਨਾਂ ਦੇ ਨਵਜਾਤ ਬੱਚੇ, ਅਫਰੀਕਨ ਸਫੈਦ ਬੱਬਰ ਸ਼ੇਰ, ਜ਼ੈਤੂਨ ਰੰਗੇ ਲੰਗੂਰ, ਸ਼ੂਤਰ ਮੁਰਗ, ਸਾਰਸ, ਗਿਰਝਾਂ, ਗੁਲਾਬੀ ਬੱਤਖਾਂ, ਜਲ ਕੁੱਕੜ ਅਤੇ ਅਣਗਿਣਤ ਪਰਕਾਰ ਦੇ ਜਾਨਵਰ ਅਤੇ ਪੰਛੀ ਦੇਖੇ। ਚੀਨੀ ਜਾਨਵਰ ਪੰਡੇ ਬਹੁਤੇ ਲੋਕਾਂ ਦਾ ਧਿਆਨ ਖਿੱਚ ਰਹੇ ਸਨ ਉਹ ਉਸ ਸਮੇਂ ਬਾਂਸ ਵਰਗੀਆਂ ਟਾਹਣੀਆਂ ਤੇ ਉਹਨਾਂ ਦੇ ਪੱਤੇ ਖਾ ਰਹੇ ਸਨ।
ਇਸ ਤਰ੍ਹਾਂ ਲੱਗਪੱਗ ਚਾਰ ਘੰਟੇ ਦਾ ਸਮਾਂ ਵੰਨ ਸੁਵੰਨੇ ਜਾਨਵਰ ਤੱਕਦਿਆਂ ਅਤੇ ਹਰਿਆਵਲ ਵਿੱਚ ਵਿਚਰ ਕੇ ਗੁਜਾਰਿਆ। ਅਖੀਰ ਤੇ ਵਾਪਸੀ ਲਈ ਬੱਸਾਂ ਦੀ ਉਡੀਕ ਵਿੱਚ ਮਰਦਾਂ ਨੇ ਆਪਸ ਵਿੱਚ ਗੱਲਾਂ ਬਾਤਾਂ ਅਤੇ ਬੀਬੀਆਂ ਨੇ ਗਿੱਧਾ ਪਾ ਕੇ ਮਨ ਖੁਸ਼ ਕੀਤਾ। ਇਸ ਤਰ੍ਹਾਂ ਜਿੰਦਗੀ ਦਾ ਇੱਕ ਹੋਰ ਹੁਸੀਨ ਦਿਨ ਮਾਣਿਆ।
ਵਾਪਸੀ ਤੇ 23 ਸਤੰਬਰ ਦੇ ਇੱਕ ਹੋਰ ਟੂਰ-ਕਮ -ਪਿਕਨਿਕ ਅਤੇ 7 ਅਕਤੂਬਰ ਦੀ ਇੰਡੀਆ ਜਾਣ ਵਾਲੇ ਕਲੱਬ ਮਿੱਤਰਾਂ ਲਈ ਵਿਦਾਇਗੀ ਪਾਰਟੀ ਬਾਰੇ ਜਾਣਕਾਰੀ ਦਿੱਤੀ ਗਈ। ਕਲੱਬ ਦੇ ਪ੍ਰੋਗਰਾਮਾਂ ਸਬੰਧੀ ਕਿਸੇ ਵੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ ਪ੍ਰਧਾਨ 416-908-1300, ਅਮਰਜੀਤ ਸਿੰਘ ਉੱਪ ਪਰਧਾਨ 416-268-6821 ਜਾਂ ਹਰਜੀਤ ਸਿੰਘ ਬੇਦੀ 647-924-9087 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …