ਬਰੈਂਪਟਨ/ਬਿਊਰੋ ਨਿਊਜ਼
ਕਹਾਣੀ ਵਿਚਾਰ-ਮੰਚ ਸਾਲ ਦੀ ਦੂਜੀ ਮੀਟਿੰਗ ਅਪ੍ਰੈਲ 16 ਨੂੰ ਬਲਜੀਤ ਤੇ ਬਲਰਾਜ ਧਾਲੀਵਾਲ ਦੇ ਗ੍ਰਹਿ ਵਿਖੇ ਹੋਈ। ਬਹੁਤ ਸਾਰੇ ਮੈਂਬਰ ਇੰਡੀਆ ਤੋਂ ਮੁੜੇ ਹਨ। ਬਲਬੀਰ ਸੰਘੇੜਾ ਨੇ ਵਿਸਤਾਰ ਨਾਲ ਪੰਜਾਬ ਵਿਚ ਬੀਤੀਆਂ ਸਾਹਿਤਕ ਸਰਗਰਮੀਆਂ ਦਾ ਜ਼ਿਕਰ ਕੀਤਾ। ਮੇਜਰ ਮਾਂਗਟ ਨੂੰ ਵਧਾਈ ਵੀ ਦਿੱਤੀ ਗਈ। ਇਹ ਮੀਟਿੰਗ ਵਿਚ ਚਾਰ ਕਹਾਣੀਆਂ ਪੜ੍ਹੀਆਂ ਗਈਆਂ ਤੇ ਕੁਝ ਭਵਿਖ ਵਿਚ ਹੋਣ ਵਾਲੇ ਮਸਲੇ ਵਿਚਾਰੇ ਗਏ। ਗਿਣਤੀ ਪੱਖੋਂ ਵੀ ਮੀਟਿੰਗ ਭਰਪੂਰ ਸੀ, ਲਗਭਰ ਤੀਹ ਕੁ ਮੈਂਬਰਜ਼, ਦੋਸਤ ਤੇ ਹਮਦਰਦ ਸੱਜਣਾਂ ਨੇ ਹਿੱਸਾ ਲਿਆ।
ਸਭ ਤੋਂ ਪਹਿਲਾਂ ਸੁੰਦਰਪਾਲ ਰਾਜਾਸਾਂਸੀ ਨੇ ਕਹਾਣੀ ਪੜ੍ਹੀ ਜਿਸਦਾ ਨਾਮ ਸੀ ਪਿਆਰ ਨੂੰ ਪਿਆਰ ਦਾ ਸਹਾਰਾ। ਨਾਮ ਤੋਂ ਸਪਸ਼ਟ ਹੈ ਕਿ ਇਹ ਇੱਕ ਰਵਾਇਤੀ ਕਹਾਣੀ ਸੀ, ਜਿਸ ਵਿਚ ਆਏ ਉਤਰਾਅ ਚੜਾਅ ਵੇਖਦਿਆਂ, ਸੁੰਦਰਪਾਲ ਦਾ ਕਹਾਣੀ ਵਿਚ ਪੈਰ ਧਰਾਵਾ ਹੀ ਕਿਹਾ ਜਾ ਸਕਦਾ ਹੈ।
ਇਸ ਤੋਂ ਬਾਅਦ ਨਵੇਂ ਜੁੜੇ ਮੈਂਬਰ ਜਗਮੋਹਨ ਸੰਘਾ ਦੀ ਜਾਣ ਪਛਾਣ ਕਰਵਾਈ ਗਈ। ਸੰਘਾ ਜੀ ਸਾਹਿਤ ਨਾਲ ਜੁੜੇ ਹੋਏ ਹਨ ਬਹੁਤਾ ਕਵਿਤਾ ਹੀ ਲਿਖਦੇ ਹਨ ਤੇ ਰੇਡੀਉ ਨਾਲ ਜੁੜੇ ਹੋਏ ਹਨ।
ਅਗਲੀ ਕਹਾਣੀ ਰਛਪਾਲ ਗਿਲ ਦੀ “ਹਰਾ ਸ਼ਾਲ” ਸੀ।ਪਹਿਲਾਂ ਗੁਲਾਬੀ ਸੂਟ ਕਹਾਣੀ ਲਿਖੀ ਸੀ ਜੋ ਬਹੁਤ ਸਰਾਹੀ ਗਈ ਤੇ ਹੁਣ ਹਰਾ ਸ਼ਾਲ। ਇਸ ਕਹਾਣੀ ਦਾ ਸਬੰਧ ਲਹਿੰਦੇ ਤੇ ਚੜ੍ਹਦੇ ਪੰਜਾਬੀ ਸਭਿਆਚਾਰ ਨਾਲ ਹੈ, ਪਾਰਟੀਸ਼ਨ ਨੇ ਮੁਹਬਤ ਵਿਚ ਜੋ ਸੰਨ੍ਹ ਲਾਈ ਉਸਦਾ ਝੋਰਾ ਸਥਾਈ ਹੈ। ਦੋ ਸਹੇਲੀਆਂ ਵਿਚਲੇ ਪਿਆਰ ਦਾ ਬਿੰਬ ਹਰਾ ਸ਼ਾਲ ਰਾਹੀਂ ਪ੍ਰਗਟ ਹੁੰਦਾ ਹੈ। ਭਾਵਪੂਰਨ ਵਿਸ਼ੇ ਨੇ ਇੱਕ ਸੰਵਾਦ ਵੀ ਤੋਰਿਆ ਤੇ ਮੈਂਬਰਜ਼ ਨੇ ਆਪੋ ਆਪਣੇ ਵਿਚਾਰ ਵੀ ਪੇਸ਼ ਕੀਤੇ। ਤਲਤ ਜਾਹਰਾ ਸਾਡੀ ਮੈਂਬਰ ਲਹਿੰਦੇ ਪੰਜਾਬ ਤੋਂ ਹੈ ਤੇ ਜੋ ਕਹਾਣੀ ਵਿਚ ਅਕਸਰ ਤਜ਼ਰਬੇ ਕਰਦੇ ਹਨ। ਮਾਈਕਰੋ ਫਿਕਸ਼ਨ ਹੀ ਕਿਹਾ ਸੀ ਤਲਤ ਨੇ ਜੋ ਪਾਕਿਸਤਾਨ ਵਿਚ ਇੱਕ ਕੰਨਸੈਪਟ ਹੈ, ਅਸੀਂ ਉਸਨੂੰ ਮਿੰਨੀ ਕਹਾਣੀ ਕਹਿ ਸਕਦੇ ਹਾਂ। ਮੀਠਾ ਰੋਗ, ਨੌਟ ਹੰਗਰੀ, ਅਬੌਰਸ਼ਨ, ਤੇ ਬ੍ਰਹਮਾ ਚਾਰ ਮਿੰਨੀ ਕਹਾਣੀਆਂ ਸੁਣਾਈਆ ਜੋ ਆਪਣੇ ਆਪ ਵਿਚ ਇੱਕ ਚੰਗਾ ਸੁਨੇਹਾ ਲੈਕੇ ਹਾਜ਼ਰ ਸਨ।
ਦੋ ਨਵੀਆਂ ਕਿਤਾਬਾਂ ਦੀ ਜਾਣਕਾਰੀ ਤੇ ਦਰਸ਼ਨ ਵੀ ਹੋਏ। ਪਹਿਲੀ ਮੇਜਰ ਮਾਂਗਟ ਰਚਿਤ, ‘ਮਨ ਮੌਸਮ ਦੀ ਰੰਗਤ’ ਇਹ ਕਹਾਣੀ ਸੰਗ੍ਰਹਿ ਹੈ ਤੇ ਦੂਜਾ ਕਹਾਣੀ ਸੰਗ੍ਰਹਿ ਮਿੰਨੀ ਗਰੇਵਾਲ ‘ਕੱਚ ਦੀਆਂ ਕੰਧਾਂ’ ਦਾ ਸਭਾ ਵਲੋ ਸੁਆਗਤ ਕੀਤਾ ਗਿਆ। ਅੱਗੇ ਤੋਂ ਕਿਤਾਬ ਮੁੱਲ ਹੀ ਮਿਲੇਗੀ, ਇਹ ਫੈਸਲਾ ਵੀ ਹੋਇਆ। ਅੰਡਰ ਦੀ ਟੇਬਲ ਕਿਤਾਬ ਦੇਣਾ, ਲੈਣਾ ਚੰਗਾ ਨਹੀ ਹੈ,ਇਹ ਸਭ ਦੀ ਸਾਂਝੀ ਰਾਏ ਸੀ।
ਸੁਰਜੀਤ ਕੌਰ ਨੇ ਜੈਪੁਰ ਸਾਹਿਤਕ ਟੂਰ ਬਾਰੇ ਵਿਚਾਰ ਰੱਖੇ, ਚੌਥੀ ਕਹਾਣੀ ਜਤਿੰਦਰ ਢਿਲੋਂ ਰੰਧਾਵਾ ਦੀ ਸੀ ਜਿਸਦਾ ਨਾਮ ‘ਉਨੀਦੀਆਂ ਅੱਖਾਂ ਦਾ ਰਹੱਸ’ ਹੈ। ਇੱਕ ਵਧੀਆ ਕਹਾਣੀ ਤੇ ਇੱਕ ਖਾਸ ਮਸਲੇ ਨਾਲ ਸਬੰਧਿਤ ਸੀ।
ਜਤਿੰਦਰ ਰੰਧਾਵਾ ਦੀ ਕਹਾਣੀ ਵਿਚ ਕੈਨੇਡਾ ਵਿਚ ਵਸਦੀ ਮੇਹਨਤ ਕਸ਼ ਔਰਤ ਦੇ ਤਣਾਉ, ਵਿਅਸਤ ਜੀਵਨ-ਸ਼ੈਲੀ ਅਤੇ ਜ਼ਿੰਦਗੀ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਪੂਰੀ ਕਰਨ ਦੀ ਜਦੋ-ਜਹਿਦ ਪੇਸ਼ ਕੀਤੀ ਗਈ। ਇਸ ਮੀਟਿੰਗ ਵਿਚ ਬਲਰਾਜ ਚੀਮਾ, ਸੁਰਜਨ ਜੀਰਵੀ, ਲਾਲ ਸਿੰਘ ਸੰਘੇੜਾ, ਮਨਮੋਹਨ ਤੇ ਬਰਜਿੰਦਰ ਗੁਲਾਟੀ, ਅਜਾਇਬ ਟੱਲੇਵਾਲੀਆ ਬਲਦੇਵ ਦੂਹੜੇ, ਗੁਰਦਿਆਲ ਸਿੰਘ ਬੱਲ, ਕਮਲਜੀਤ ਨੱਤ, ਨੀਟਾ ਬਲਵਿੰਦਰ ਹਾਜ਼ਰ ਸਨ। ਇੰਦਰ ਸਿੰਘ ਧਾਲੀਵਾਲ ਜੋ ਧਾਲੀਵਾਲ ਪਰਿਵਾਰ ਦੇ ਵਡੇਰੇ ਹਨ ਉਨ੍ਹਾਂ ਨੇ ਸ਼ਾਇਰੀ ਦੀ ਛਹਿਬਰ ਲਾਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …