4.8 C
Toronto
Thursday, October 16, 2025
spot_img
Homeਕੈਨੇਡਾ'ਚਿੱਲੀ ਹਾਫ਼-ਮੈਰਾਥਨ ਬਰਲਿੰਗਟਨ' ਵਿਚ ਇਕਲੌਤਾ ਦਸਤਾਰ-ਧਾਰੀ ਧਿਆਨ ਸਿੰਘ ਸੋਹਲ ਬਣਿਆ ਦਰਸ਼ਕਾਂ ਦੀ...

‘ਚਿੱਲੀ ਹਾਫ਼-ਮੈਰਾਥਨ ਬਰਲਿੰਗਟਨ’ ਵਿਚ ਇਕਲੌਤਾ ਦਸਤਾਰ-ਧਾਰੀ ਧਿਆਨ ਸਿੰਘ ਸੋਹਲ ਬਣਿਆ ਦਰਸ਼ਕਾਂ ਦੀ ਖਿੱਚ ਦਾ ਕਾਰਨ

ਬਰੈਂਪਟਨ/ਡਾ. ਝੰਡ
ਟੀ.ਪੀ.ਏ.ਆਰ. ਕਲੱਬ ਦੇ ਸੰਚਾਲਕ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਰੱਨਰਜ਼ ਕਲੱਬ ਦੇ ਸਰਗ਼ਰਮ ਮੈਂਬਰ 64 ਸਾਲਾ ਧਿਆਨ ਸਿੰਘ ਸੋਹਲ ਸਿੰਘ ਨੇ ਲੰਘੇ ਐਤਵਾਰ 4 ਮਾਰਚ ਨੂੰ ਬਰਲਿੰਗਟਨ ਵਿਚ ਹੋਈ ‘ਚਿੱਲੀ ਹਾਫ਼-ਮੈਰਾਥਨ’ ਵਿਚ ਭਾਗ ਲਿਆ। ਉਨ੍ਹਾਂ ਨੇ ਇਹ 21 ਕਿਲੋ ਮੀਟਰ ਦੌੜ ਇਕ ਘੰਟਾ 46 ਮਿੰਟਾਂ ਵਿਚ ਸਫ਼ਲਤਾ-ਪੂਰਵਕ ਸੰਪੰਨ ਕਰਕੇ ਆਪਣੇ ਪਿਛਲੇ ਰਿਕਾਰਡ ਵਿਚ 6 ਮਿੰਟ ਦਾ ਸੁਧਾਰ ਕੀਤਾ।
ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਅਕਤੂਬਰ 2017 ਵਿਚ ਟੋਰਾਂਟੋ ਡਾਊਨ ਟਾਊਨ ਵਿਖੇ ਹੋਈ ‘ਸਕੋਸ਼ੀਆ ਬੈਂਕ ਵਾਟਰਫ਼ਰੰਟ ਮੈਰਾਥਨ’ ਵਿਚ ਉਨ੍ਹਾਂ ਨੇ ਇਹ ਹਾਫ਼ ਮੈਰਾਥਨ ਇਕ ਘੰਟਾ 52 ਮਿੰਟ ਵਿਚ ਪੂਰੀ ਕੀਤੀ ਸੀ। ਇਸ ਤਰ੍ਹਾਂ ਇਹ ਚਿੱਲੀ ਹਾਫ਼ ਮੈਰਾਥਨ ਧਿਆਨ ਸਿੰਘ ਸੋਹਲ ਲਈ ਇਸ ਉਮਰ (64 ਸਾਲ) ਵਿਚ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਇਸ 60-64 ਸਾਲ ਉਮਰ ਵਰਗ ਵਿਚ ਪਹਿਲੇ ਨੰਬਰ ‘ਤੇ ਆਉਣ ਵਾਲੇ ਰਿਚਰਡ ਵੈੱਸਵੁੱਡ ਨੇ ਇਹ ਦੌੜ ਇੱਕ ਘੰਟਾ 29 ਮਿੰਟ ਵਿਚ ਪੂਰੀ ਕੀਤੀ।
ਇਸ ‘ਚਿੱਲੀ ਹਾਫ਼-ਮੈਰਾਥਨ’ ਜਿਸ ਵਿਚ 4750 ਦੌੜਾਕਾਂ ਨੇ ਭਾਗ ਲਿਆ, ਵਿਚ ਓਵਰ-ਆਲ ਪਹਿਲੇ ਨੰਬਰ ‘ਤੇ ਰਹਿਣ ਵਾਲੇ 38 ਸਾਲਾ ਰੀਡ ਕੂਲਸੈਟ ਨੇ ਬੇਸ਼ਕ ਇਹ ਦੌੜ ਇਕ ਘੰਟਾ 5 ਮਿੰਟ ਵਿਚ ਪੂਰੀ ਕੀਤੀ ਅਤੇ ਉੱਥੇ ਮੌਜੂਦ ਲੋਕਾਂ ਦੀ ਖ਼ੂਬ ‘ਵਾਹ-ਵਾਹ’ ਖੱਟੀ ਪਰ ਧਿਆਨ ਸਿੰਘ ਸੋਹਲ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਵੀ ਅਤੇ ਇਸ ਦੇ ਖ਼ਤਮ ਹੋਣ ਤੋਂ ਬਾਅਦ ਵੀ ਦਰਸ਼ਕਾਂ ਦੀ ਖਿੱਚ ਦਾ ਵੱਡਾ ਕਾਰਨ ਬਣੇ ਰਹੇ। ਇਹ ਉਨ੍ਹਾਂ ਦੀ ਖੁੱਲ੍ਹੀ ਦਾਹੜੀ ਅਤੇ ਕੇਸਰੀ ਦਸਤਾਰ ਦਾ ਹੀ ਵਿਸ਼ੇਸ਼ ਪ੍ਰਭਾਵ ਸੀ ਕਿ ਲੋਕ ਉਨ੍ਹਾਂ ਦੇ ਨਾਲ ਹੱਥ ਮਿਲਾਉਣ ਅਤੇ ਫ਼ੋਟੋ ਖਿੱਚਵਾਉਣ ਵਿਚ ਮਾਣ ਮਹਿਸੂਸ ਕਰ ਰਹੇ ਸਨ। ਕਈਆਂ ਨੂੰ ਤਾਂ ਉਨ੍ਹਾਂ ਦੀ ਇਸ ਦਿੱਖ ਵਿੱਚੋਂ ਬਾਬਾ ਫ਼ੌਜਾ ਸਿੰਘ ਦਾ ਵੀ ਭੁਲੇਖਾ ਪੈ ਰਿਹਾ ਸੀ। ਇਸ ਦੌੜ ਦੀ ਸਮਾਪਤੀ ਤੋਂ ਅੱਧਾ ਘੰਟਾ ਬਾਅਦ ਵੀ ਉਹ ਇਹ ਫ਼ੋਟੋਆਂ ਖਿੱਚਵਾਉਣ ਵਿਚ ਹੀ ਰੁੱਝੇ ਰਹੇ।

RELATED ARTICLES

ਗ਼ਜ਼ਲ

POPULAR POSTS