ਮਹਿਲਾਵਾਂ ਦੀ ਮਹਾਨਤਾ, ਸਮਾਨਤਾ ਤੇ ਸਤਿਕਾਰ ਬਾਰੇ ਹੋਈ ਵਿਸ਼ੇਸ਼ ਚਰਚਾ
ਬਰੈਂਪਟਨ/ਪੰਡਤ ਸ਼ੰਭੂ ਦੱਤ ਸ਼ਰਮਾ
‘ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ’ ਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੋਰ ਮੀਡੋ ਕਮਿਊਨਿਟੀ ਸੈਂਟਰ ਵਿਚ ਮਿਤੀ 20 ਮਾਰਚ ਨੂੰ ਸ਼ਾਮ ਤਿੰਨ ਤੋਂ ਸਾਡੇ ਪੰਜ ਵਜੇ ਤੱਕ ਪੂਰੀ ਸਜ ਧਜ ਤੇ ਸ਼ਾਨੋ ਸ਼ੌਕਤ ਨਾਲ਼ ਸਮਾਗਮ ਕੀਤਾ ਗਿਆ। ਇਸ ਵਾਰ ਦਾ ਇਹ ਸਮਾਗਮ ਹੋਲੀ ਦੇ ਤਿਉਹਾਰ ਨੂੰ ਸਮਰਪਿਤ ਸੀ। ਸੰਸਾਰ ਵਿਚ ਇਸਤਰੀ ਜਾਤੀ ਦੀ ਮਹਾਨਤਾ, ਸਮਾਨਤਾ ਤੇ ਸਤਿਕਾਰ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਕਲੱਬ ਦੇ ਪ੍ਰਧਾਨ ਸੰਭੂ ਦੱਤ ਸ਼ਰਮਾ ਨੇ ਸਟੇਜ ਦਾ ਸੰਚਾਲਨ ਕਰਦਿਆਂ ਹੋਲੀ ਦੇ ਤਿਉਹਾਰ ਦੀ ਵਿਸਤ੍ਰਿਤ ਇਤਿਹਾਸਕ ਜਾਣਕਾਰੀ ਦਿੱਤੀ। ਗੁਰਦੇਵ ਸਿੰਘ ਮਾਨ ਨੇ ਇਸਤਰੀ ਜਾਤੀ ਦੀ ਸੰਸਾਰ ਵਿਚ ਦਸ਼ਾ ਤੇ ਦਿਸ਼ਾ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਇਸ ਵਾਰ ਇਸ ਕਲੱਬ ਵਿਚ ਪੰਜਾਬੀ ਦੀਆਂ ਦੋ ਪ੍ਰਸਿੱਧ ਕਵਿੱਤਰੀਆਂ ਡਾਕਟਰ ਜਤਿੰਦਰ ਕੌਰ ਰੰਧਾਵਾ ਤੇ ਨੀਟਾ ਬਲਵਿੰਦਰ ਇਸ ਸਮਾਗਮ ਦੀਆਂ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਦਾ ਕਲੱਬ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਨਮਾਨ ਕੀਤਾ ਗਿਆ। ਸਾਹਿਤਕਾਰ ਪੂਰਨ ਸਿੰਘ ਪਾਂਧੀ ਨੇ ਇਨ੍ਹਾਂ ਕਵਿੱਤਰੀਆਂ ਦੀ ਕਾਵਿ-ਕਲਾ ਦੀ ਉੱਚੀ ਖਿਆਲ ਉਡਾਰੀ, ਡੂੰਘੇ ਤਖਈਅਲ, ਸਾਹਿਤਕ ਪ੍ਰਾਪਤੀਆਂ ਅਤੇ ਸਮਾਜਕ ਸੇਵਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਪਣੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ; ਜੋ ਸਰੋਤਿਆਂ ਵੱਲੋਂ ਬਹੁਤ ਸਲਾਹੀਆਂ ਗਈਆਂ। ਆਕਿਊਪ੍ਰੈਸ਼ਰ ਵਿਧੀ ਦੇ ਮਾਹਰ ਡਾਕਟਰ ਹਰਬੰਸ ਸਿੰਘ ਨੇ ਸਮਾਗਮ ਵਿਚ ਇਕੱਤਰ ਰੋਗੀ ਇਸਤਰੀ ਪੁਰਸ਼ਾਂ ਦੇ ਹਰ ਤਰ੍ਹਾਂ ਦੇ ਰੋਗਾਂ ਦੀ ਆਕਿਊਪ੍ਰੈਸ਼ਰ ਵਿਧੀ ਦੁਆਰਾ ਫਰੀ ਸੇਵਾ ਕੀਤੀ। ਕਲੱਬ ਵੱਲੋਂ ਇਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ ਗਿਆ। ਹੋਮਿਓਪੈਥੀ ਦੇ ਮਾਹਰ ਡਾਕਟਰ ਗੁਰੂ ਦੱਤ ਅਤੇ ਸ੍ਰੀਮਤੀ ਸੁਨੀਤਾ ਸ਼ਰਮਾ ਨੇ ਆਪਣੀਆਂ ਸੋਧੀਆਂ ਤੇ ਸੁਰੀਲੀਆਂ ਅਵਾਜ਼ਾਂ ਦੁਆਰਾ ਗਾਇਨ ਕਲਾ ਦਾ ਖੂਬ ਰੰਗ ਬੰਨ੍ਹਿਆਂ। ਹੋਲੀ ਨਾਲ਼ ਸਬੰਧਤ ਗੁਜਰਾਤੀ ਮੂਲ ਦੀ ਸ੍ਰੀਮਤੀ ਰਾਮਾਵਿੰਨ ਸ਼ਾਹ ਨੇ ਕਲਾਸੀਕਲ ਕੱਥਤ ਡਾਂਸ ਦੁਆਰਾ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ।
ਇਸ ਮੌਕੇ ਕਲੱਬ ਵੱਲੋਂ 2019 ਦੀ ਡਾਇਰੀ ਰਿਲੀਜ਼ ਕੀਤੀ ਗਈ। ਇਹ ਡਾਇਰੀ ਕੈਨੇਡਾ ਬਾਰੇ ਵਿਸਤ੍ਰਿਤ ਜਾਣਕਾਰੀ ਭਰਪੂਰ ਹੈ ਤੇ ਸਾਂਭਣਯੋਗ ਕੀਮਤੀ ਸੁਗਾਤ ਹੈ। ਕਲੱਬ ਦੇ ਮੀਤ ਪ੍ਰਧਾਨ ਹਰਭਗਵਾਨ ਮੱਕੜ, ਜਨਰਲ ਸਕੱਤਰ ਭੀਮ ਸੈਨ ਕਾਲੀਆ, ਰਾਜਿੰਦਰ ਸਿੰਘ ਸਰਾਂ, ਰਾਮ ਪ੍ਰਕਾਸ਼ ਪਾਲ, ਦਲੀਪ ਪਾਰਖ, ਭਾਗਵਤ ਪਾਂਡਿਆ, ਪ੍ਰਮੋਦ ਸ਼ਰਮਾ, ਜਰਨੈਲ ਸਿੰਘ ਸੰਘਾ ਤੇ ਹੋਰ ਬਹੁਤ ਸਾਰੇ ਵਿਅਕਤੀਆਂ ਨੇ ਸਹਿਯੋਗ ਦੇ ਕੇ ਸਮਾਗਮ ਨੂੰ ਸਫਲ ਬਣਾਇਆ। ਕਲੱਬ ਵੱਲੋਂ ਖਾਣ ਪੀਣ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਭਾ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਨੇ ਦੋਹਾਂ ਸਨਮਾਨਯੋਗ ਕਵਿੱਤਰੀਆਂ ਨੁੰ ਹਰ ਵਾਰ ਸਭਾ ਵਿਚ ਆਉਣ ਤੇ ਆਪਣੀਆਂ ਕੀਮਤੀ ਰਚਨਾਵਾਂ ਦੁਆਰਾ ਸਰੋਤਿਆਂ ਨੂੰ ਨਿਹਾਲ ਕਰਨ ਦੀ ਬੇਨਤੀ ਕੀਤੀ ਅਤੇ ਸਰਬੱਤ ਦਾ ਹਾਰਦਿਕ ਧੰਨਵਾਦ ਕੀਤਾ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …