Breaking News
Home / ਕੈਨੇਡਾ / ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ 25 ਪੰਜਾਬੀਆਂ ਦਾ ਗਰੁੱਪ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਿਆ

ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ 25 ਪੰਜਾਬੀਆਂ ਦਾ ਗਰੁੱਪ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਿਆ

logo-2-1-300x105-3-300x105ਟੋਰਾਂਟੋ/ਡਾ.ਝੰਡ
ਬੀਤੇ ਸ਼ਨੀਵਾਰ 22 ਅਕਤੂਬਰ ਨੂੰ 25 ਪੰਜਾਬੀਆਂ ਦੇ ਗਰੁੱਪ ਨੇ  ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿੱਚ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹੀਆਂ। ਪਿਛਲੇ ਕੁਝ ਸਾਲਾਂ ਤੋਂ ਇਸ ਗਰੁੱਪ ਦੇ ਮੈਂਬਰ ਇਸ ਸ਼ਾਨਦਾਰ ਈਵੈਂਟ ਵਿੱਚ ਹਿੱਸਾ ਲੈ ਰਹੇ ਹਨ ਜਿਸ ਵਿੱਚ ਇਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਹ ਪੌੜੀਆਂ ਚੜ੍ਹਦੇ ਹਨ। ਇਸ ਦੇ ਬਾਰੇ ਗੱਲਬਾਤ ਕਰਦਿਆਂ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਸੱਭ ਤੋਂ ਪਹਿਲਾਂ 2011 ਵਿੱਚ ਉਨ੍ਹਾਂ ਨੇ ਇਸ ਗਰੁੱਪ ਵਜੋਂ ਕੇਸਰ ਸਿੰਘ ਬੜੈਚ ਅਤੇ ਰਾਕੇਸ਼ ਸ਼ਰਮਾ ਸਮੇਤ ਤਿੰਨਾਂ ਜਣਿਆਂ ਨੇ ਇਹ ਪੌੜੀਆਂ ਚੜ੍ਹੀਆਂ ਸਨ। ਅਗਲੇ ਸਾਲ 2012 ਵਿੱਚ ਇਸ ਗਰੁੱਪ ਦੇ ਸੱਤ ਮੈਂਬਰ ਬਣ ਗਏ। ਸਾਲੋ-ਸਾਲ ਇਹ ਗਿਣਤੀ ਵੱਧਦੀ ਗਈ ਅਤੇ ਪਿਛਲੇ ਸਾਲ 2015 ਵਿੱਚ ਗਰੁੱਪ ਦੇ 35 ਮੈਂਬਰਾਂ ਨੇ ਇਹ ਪੌੜੀਆਂ ਚੜ੍ਹੀਆਂ।
ਇਸ ਵਾਰ ਇਹ ਪੌੜੀਆਂ ਚੜ੍ਹਨ ਵਾਲੇ ਇਸ ਗਰੁੱਪ ਦੇ 25 ਮੈਂਬਰ ਸਨ ਜਿਨ੍ਹਾਂ ਵਿੱਚ ਸ਼ਾਮਲ ਮਨਜਿੰਦਰ ਸਿੰਘ ਨੇ ਇਹ ਪੌੜੀਆਂ 17 ਮਿੰਟਾਂ ਵਿੱਚ, ਸੁਖਦੇਵ ਸਿੰਘ ਸੰਧੂ, ਰਮਿੰਦਰ ਪੁਨੀਆ ਅਤੇ ਗੁਰਜੀਤ ਲੋਟੇ ਨੇ 18 ਮਿੰਟਾਂ ਵਿੱਚ, ਸੀਨੀਅਰ ਮੈਂਬਰ ਕੇਸਰ ਸਿੰਘ ਬੜੈਚ (68 ਸਾਲ) ਨੇ 21 ਮਿੰਟਾਂ ਵਿੱਚ, ਜੈਪਾਲ ਸਿੱਧੂ, ਯਾਦਵਿੰਦਰ ਬਰਾੜ, ਪ੍ਰਭਜੀਤ ਸੰਧੂ, ਹਰਜਿੰਦਰ ਸੰਧੂ, ਰਾਜੂ ਪੰਨੂੰ, ਜਸਬੀਰ ਸਿੰਘ ਪਾਸੀ ਅਤੇ ਤੇਜਿੰਦਰ ਗਰੇਵਾਲ ਨੇ 23 ਮਿੰਟਾਂ ਵਿੱਚ, ਮੋਹਿੰਦਰ ਘੁੰਮਣ, ਹਰਜੀਤ ਸਿੰਘ ਤੇ ਧਿਆਨ ਸਿੰਘ ਸੋਹਲ (64 ਸਾਲ) ਨੇ ਲੱਤ ਵਿੱਚ ਤਕਲੀਫ਼ ਦੇ ਬਾਵਜੂਦ 25 ਮਿੰਟਾਂ ਵਿੱਚ ਅਤੇ ਮਨਜੀਤ ਸਿੰਘ ਨੇ 37 ਮਿੰਟਾਂ ਵਿੱਚ ਚੜ੍ਹੀਆਂ। ਹਜ਼ਾਰਾ ਸਿੰਘ ਬਰਾੜ (67 ਸਾਲ) ਪਹਿਲੀ ਵਾਰ ਇਸ ਗਰੁੱਪ ਵਿੱਚ ਸ਼ਾਮਲ ਹੋ ਕੇ ਪੌੜ੍ਹੀਆਂ ਚੜ੍ਹੇ।
ਇਹ ਗਰੁੱਪ ਸਵੇਰੇ ਸੱਤ ਵਜੇ ਹੀ ‘ਏਅਰ ਫਲਾਈਟ ਸਰਵਿਸਿਜ਼’ ਦੀ ਵੱਡੀ ਬੱਸ ਵਿੱਚ ਸਵਾਰ ਹੋ ਕੇ ਪੌਣੇ ਕੁ ਅੱਠ ਵਜੇ ਟੋਰਾਂਟੋ ਡਾਊਨ ਟਾਊਨ ਪਹੁੰਚ ਗਿਆ ਅਤੇ ਉੱਥੇ ਮਨਜੀਤ ਸਿੰਘ ਦੇ ਘਰ ਵਿੱਚ ਸਾਰਿਆਂ ਨੇ ਨਾਸ਼ਤਾ ਕੀਤਾ। ਪਿਛਲੇ ਹਫ਼ਤੇ ਹੋਈ ਮੈਰਾਥਨ ਦੌੜ ਸਮੇਂ ਵੀ ਇਸ ਗਰੁੱਪ ਦੇ ਏਹੀ ਮੇਜ਼ਬਾਨ ਸਨ। ਉਪਰੰਤ, ਸਾਢੇ ਕੁ ਵਜੇ ਦੇ ਕਰੀਬ ਪੌੜੀਆਂ ਚੜ੍ਹਨ ਦਾ ਸਿਲਸਿਲਾ ਸ਼ੁਰੂ ਹੋਇਆ। ਸੰਧੂਰਾ ਸਿੰਘ ਬਰਾੜ, ਹਰਭਜਨ ਸਿੰਘ।
ਜਸਪਾਲ ਚੰਦੀ, ਸਤਪਾਲ ਤੱਖੜ, ਗੁਰਮੇਜ ਰਾਏ ਅਤੇ ਪਰਮਿੰਦਰ ਗਿੱਲ ਨੇ ਇਸ ਈਵੈਂਟ ਦੌਰਾਨ ਵਾਲੰਟੀਅਰਾਂ ਵਜੋਂ ਬਾਖ਼ੂਬੀ ਕੰਮ ਕੀਤਾ, ਜਦ ਕਿ ਬਲਰਾਜ ਧਾਲੀਵਾਲ ਅਤੇ ਜਸਪਾਲ ਚੰਦੀ ਨੇ ਆਪਣੇ ਕੈਮਰਿਆਂ ਵਿੱਚ ਇਸ ਈਵੈਂਟ ਦੇ ਖ਼ੂਬਸੂਰਤ ਦ੍ਰਿਸ਼ ਕੈਦ ਕੀਤੇ। ਸ਼ਾਮ ਨੂੰ ਡਿਨਰ ਪਾਰਟੀ ਦਾ ਪ੍ਰਬੰਧ ਮੋਹਿੰਦਰ ਸਿੰਘ ਘੁੰਮਣ ਅਤੇ ਪਰਮਜੀਤ ਸਿੰਘ ਗਰੇਵਾਲ ਵੱਲੋਂ 237 ਐਡਵਾਂਸ ਬੁਲੇਵਾਰਡ ਸਥਿਤ ‘ਪਰਿਵਾਰ ਰੈਸਟੋਰੈਂਟ’ ਵਿੱਚ ਬੜੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ ਜਿੱਥੇ ਇਸ ਈਵੈਂਟ ਵਿੱਚ ਪੰਜ ਵਾਰ ਸ਼ਾਮਲ ਹੋਣ ਵਾਲਿਆਂ ਨੂੰ ਪਲੇਕਸ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਕੇਸਰ ਸਿੰਘ ਬੜੈਚ, ਸੁਖਦੇਵ ਸਿੰਘ ਸੰਧੂ, ਧਿਆਨ ਸਿੰਘ ਸੋਹਲ, ਜੈਪਾਲ ਸਿੰਘ ਸਿੱਧੂ, ਰਾਕੇਸ਼ ਸ਼ਰਮਾ, ਜਸਬੀਰ ਸਿੰਘ ਪਾਸੀ ਤੇ ਪ੍ਰਦੀਪ ਕੌਰ ਬਾਸੀ (ਪਤੀ-ਪਤਨੀ) ਅਤੇ ਮੋਹਿੰਦਰ ਸਿੰਘ ਘੁੰਮਣ ਸ਼ਾਮਲ ਸਨ। ਇੱਥੇ ਇਹ ਵਰਨਣਯੋਗ ਹੈ ਕਿ 553.53 ਮੀਟਰ ਉੱਚੇ ਸੀ. ਐੱਨ ਟਾਵਰ ਵਿੱਚ ਕੁੱਲ 2579 ਪੌੜੀਆਂ ਹਨ ਅਤੇ ‘ਸਕਾਈਪੌਡ’ ਤੱਕ ਜਾਣ ਲਈ ਲਿਫ਼ਟ ਭਾਵੇਂ ਲੱਗਭੱਗ ਇੱਕ ਮਿੰਟ ਵਿੱਚ ਹੀ ਉੱਪਰਲੀ ਮੰਜ਼ਲ ‘ਤੇ ਲੈ ਜਾਂਦੀ ਹੈ ਪਰ ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲਿਆਂ ਲਈ ਨਿਰਧਾਰਤ ਕੀਤੀਆਂ ਗਈਆਂ 1677 ਪੌੜੀਆਂ ਚੜ੍ਹਨ ਦੀ ਲੋਕ ਘੱਟ ਹੀ ਹਿੰਮਤ ਕਰਦੇ ਹਨ। ਵੈਸੇ, ਇਹ ਪੌੜੀਆਂ ਐਮਰਜੈਂਸੀ ਵਰਤੋਂ ਲਈ ਬਣਾਈਆਂ ਗਈਆਂ ਹਨ ਅਤੇ ਖ਼ਾਸ-ਖ਼ਾਸ ਮੌਕਿਆਂ ‘ਤੇ ਹੀ ਲੋਕਾਂ ਦੇ ਚੜ੍ਹਨ ਲਈ ਸਾਲ ਵਿੱਚ ਦੋ ਵਾਰ ਹੀ ਖੋਲ੍ਹੀਆਂ ਜਾਂਦੀਆਂ ਹਨ। ਆਮ ਤੌਰ ‘ਤੇ ਇਨ੍ਹਾਂ ਰਾਹੀਂ ਚੜ੍ਹਨ ਲਈ ਅੱਧੇ ਕੁ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਪਰੰਤੂ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਫ਼ਸਰ ਬਰੈਡਨ ਕੀਨੌਏ ਨੇ 1989 ਵਿੱਚ ਇਹ 7 ਮਿੰਟ 52 ਸਕਿੰਟਾਂ ਵਿੱਚ ਚੜ੍ਹੀਆਂ ਸਨ ਜੋ ਹੁਣ ਤੱਕ ਦਾ ਰਿਕਾਰਡ ਹੈ।
ਇਸ ਸਲਾਨਾ ਈਵੈਂਟ ਵਿੱਚ ਭਾਗ ਲੈਣ ਤੋਂ ਉਤਸ਼ਾਹਿਤ ਹੋ ਕੇ ਇਸ ਗਰੁੱਪ ਦੇ ਮੈਂਬਰਾਂ ਵੱਲੋਂ ‘ਏਅਰਪੋਰਟ ਸਪੋਰਟਸ (ਰਨਿੰਗ) ਕਲੱਬ’ ਦਾ ਨਾਂ ਰਜਿਸਟਰ ਕਰਵਾਇਆ ਜਾ ਰਿਹਾ ਹੈ। ਇਸ ਮੰਤਵ ਲਈ ਹਰਭਜਨ ਸਿੰਘ ਗਿੱਲ ਨੂੰ ਸਰਬ-ਸੰਮਤੀ ਨਾਲ ਇਸ ਕਲੱਬ ਦਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਅਤੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਪੰਜਾਬੀਆਂ ਨੂੰ ਇਸ ਸਪੋਰਟਸ ਕਲੱਬ ਦੇ ਮੈਂਬਰ ਬਣਨ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸੰਧੂਰਾ ਸਿੰਘ ਬਰਾੜ ਨੂੰ 416-275-9337 ਜਾਂ ਜੈਪਾਲ ਸਿੰਘ ਸਿੱਧੂ ਨੂੰ 416-837-1562 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …