Breaking News
Home / Special Story / 12 ਸਾਲਾਂ ਵਿਚ ਵੀ ਨਹੀਂ ਬਦਲੀ ਪੰਜਾਬ ਦੀ ਤਸਵੀਰ

12 ਸਾਲਾਂ ਵਿਚ ਵੀ ਨਹੀਂ ਬਦਲੀ ਪੰਜਾਬ ਦੀ ਤਸਵੀਰ

ਮੁੱਖ ਮੰਤਰੀ ਭਗਵੰਤ ਮਾਨ ਜੀ ਹੁਣ ਕਰੋ ਰਹਿਮ, ਹੁਣ ਹਰਾ ਪੈਨ ਵੀ ਤੁਹਾਡੇ ਕੋਲ ਹੈ ਤੇ ਭਗਤ ਸਿੰਘ ਵਾਲੀ ਦਸਤਾਰ ‘ਥ
– ਦੀਪਕ ਸ਼ਰਮਾ ਚਨਾਰਥਲ –
ਚੰਡੀਗੜ੍ਹ : 2010 ਤੋਂ 2022 ਆਉਣ ਤੱਕ 12 ਸਾਲ ਲੱਗੇ, 12 ਸਾਲਾਂ ਵਿਚ ਪੰਜਾਬ ਦੀ ਤਸਵੀਰ ਸਾਫ ਹੋਣ ਦੀ ਬਜਾਏ ਹੋਰ ਧੁੰਦਲੀ ਹੁੰਦੀ ਗਈ। ਜਦੋਂ ਅਬੋਹਰ-ਫਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਦੀ ਦਰਦਨਾਕ ਤਸਵੀਰ ਵੇਖੀ, ਤਦ ਮੈਨੂੰ ਮੁੱਖ ਮੰਤਰੀ ਸਾਹਬ ਤੁਸੀਂ ਬਹੁਤ ਯਾਦ ਆਏ। ਇਕ ਤਸਵੀਰ 2010 ਦੀ ਹੈ ਤੇ ਇਕ ਤਸਵੀਰ 2022 ਦੀ ਹੈ। ਕੁਝ ਨਹੀਂ ਬਦਲਿਆ, ਬੱਸ ਜ਼ਹਿਰ ਦੀ ਮਾਤਰਾ ਵਧਦੀ ਗਈ ਤੇ ਉਸਦਾ ਅਸਰ ਵੀ ਵਧਦਾ ਗਿਆ।
ਲੁਧਿਆਣੇ ‘ਚੋਂ ਨਿਕਲਣ ਵਾਲਾ ਬੁੱਢਾ ਦਰਿਆ ਕਦੋਂ ਮਨੁੱਖੀ ਲਾਲਸਾ ਨੇ ਬੁੱਢੇ ਨਾਲੇ ਵਿਚ ਬਦਲ ਦਿੱਤਾ, ਕਿਸੇ ਨੇ ਤੱਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਅੱਜ ਇਸ ਬੁੱਢੇ ਨਾਲੇ ਦੇ ਜ਼ਹਿਰੀ ਪਾਣੀ ਨੇ ਨਹਿਰੀ ਪਾਣੀ ਨੂੰ ਵੀ ਜ਼ਹਿਰੀ ਬਣਾ ਦਿੱਤਾ ਤੇ ਨਤੀਜਾ ਤਸਵੀਰਾਂ ਸਾਹਮਣੇ ਹਨ।
ਜਦੋਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੀ ਅਗਵਾਈ ਕਰਨ ਵਾਲੇ ਪਿਆਰੇ ਵੀਰ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਸੱਦੇ ‘ਤੇ ਪੰਜਾਬ ਦੀਆਂ ਫਿਕਰਮੰਦ ਧਿਰਾਂ ਨੇ ਪਿੰਡ ਧਰਾਂਗਵਾਲਾ ਦਾ ਰੁਖ਼ ਕੀਤਾ ਤਦ ਉਨ੍ਹਾਂ ਨਾਲ ਮੈਂ ਵੀ ਜਾ ਖੜ੍ਹਾ ਹੋਇਆ ਤੇ ਇਹ ਦਰਦ ਵੇਖ ਕੇ ਦਿਲ ਵਿਚੋਂ ਚੀਕਾਂ ਤੇ ਅੱਖਾਂ ਵਿਚੋਂ ਹੰਝੂ ਨਿਕਲੇ। ਇਸ ਇਕ ਪਿੰਡ ਨੇ ਲੁਧਿਆਣਾ ਤੋਂ ਲੈ ਕੇ ਰਾਜਸਥਾਨ ਤੱਕ ਦੇ ਹਰ ਪਿੰਡ ਦੀ ਕਹਾਣੀ ਸਾਡੇ ਸਾਹਮਣੇ ਖੋਲ੍ਹ ਕੇ ਰੱਖ ਦਿੱਤੀ। ਛੋਟੇ ਜਿਹੇ ਇਕ ਪਿੰਡ ਵਿਚ ਹੀ 40 ਤੋਂ ਵੱਧ ਮੰਦਬੁੱਧੀ ਬੱਚੇ ਹਨ, ਜਦੋਂ ਕਿ ਸਰੀਰਕ ਤੇ ਮਾਨਸਿਕ ਰੋਗੀਆਂ ਦੀ ਗਿਣਤੀ ਹੀ ਨਹੀਂ ਹੁੰਦੀ। ਇਕ ਪਾਸੇ 24 ਤੇ 25 ਸਾਲ ਦੀ ਉਮਰ ਵਾਲੇ ਵੱਖ-ਵੱਖ ਘਰਾਂ ਦੇ ਵਿਹੜਿਆਂ ਵਿਚ ਪਏ ਬੱਚਿਆਂ ਦੀ ਆਪਣੀ ਕਹਾਣੀ ਹੈ ਤੇ ਦੂਜੇ ਪਾਸੇ 6 ਸਾਲ ਤੋਂ 10 ਕੁ ਸਾਲ ਵਾਲੇ ਇਨ੍ਹਾਂ ਬੱਚਿਆਂ ਦੀ ਆਪਣੀ ਕਹਾਣੀ। ਜਿਸ ਤੋਂ ਸਾਫ ਹੈ ਕਿ ਪਿਛਲੀਆਂ 5 ਸਰਕਾਰਾਂ ਨੇ ਆਪਣੇ ਪੰਜਾਬ ਦੇ ਵਾਸੀਆਂ ਲਈ, ਪਾਣੀਆਂ ਲਈ, ਧਰਤੀ ਲਈ ਕੁਝ ਨਹੀਂ ਕੀਤਾ। ਹਾਂ, ਆਪਣੇ ਲਈ ਬਹੁਤ ਕੁਝ ਕੀਤਾ।
ਇਸ ਪਿੰਡ ਧਰਾਂਗਵਾਲਾ ਦੀ ਪੀੜਾਂ ਭਰੀ ਫੇਰੀ ਮੌਕੇ ਵੀਰ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਨਾਲ-ਨਾਲ ਲੱਖਾ ਸਿਧਾਣਾ ਵੀ ਆਇਆ, ਅਮਿਤੋਜ਼ ਮਾਨ ਵੀ ਪਹੁੰਚਿਆ, ਵਰਿੰਦਰ ਔਲਖ ਵੀ ਹਾਜ਼ਰ ਹੋਇਆ, ਸੁਖਵਿੰਦਰ ਸਿੰਘ ਬੱਬੂ ਵੀ ਆ ਖਲੋਤੇ, ਅਵਤਾਰ ਟਹਿਣਾ ਵੀਰ ਉਚੇਚੇ ਤੌਰ ‘ਤੇ ਪੀੜ ਵੰਡਾਉਣ ਆਏ, ਊਧਮ ਸਿੰਘ ਔਲਖ, ਜਗਮੀਤ ਸਿੰਘ ਜਿੱਥੇ ਹਾਜ਼ਰ ਸਨ ਤੇ ਮੌਜੂਦ ਸੀ ਵੱਡੀ ਗਿਣਤੀ ਵਿਚ ਮੇਰਾ ਪੱਤਰਕਾਰ ਭਾਈਚਾਰਾ, ਉਥੇ ਹੀ ਵੀਰ ਰਜਿੰਦਰ ਸਿੰਘ ਸੇਖੋਂ ਧਰਾਂਗਵਾਲਾ, ਇਕਬਾਲ ਸਿੰਘ ਸੰਧੂ ਧਰਾਂਗਵਾਲਾ ਤੇ ਭਗਵਾਨ ਸਿੰਘ ਬਰਾੜ ਸਣੇ ਵੱਡੀ ਗਿਣਤੀ ਵਿਚ ਨਗਰ ਵਾਸੀਆਂ ਨੇ ਇਕੱਠੇ ਹੋ ਕੇ ਇਹ ਕਹਾਣੀ ਖੋਲ੍ਹ ਸੁਣਾਈ ਕਿ ਅਸੀਂ ਪੰਜਾਬ ਵਿਚ ਹੀ ਵਸਦੇ ਹਾਂ, ਪਰ ਧਰਤੀ ਹੇਠਲਾ ਪਾਣੀ ਪੀਣ ਜੋਗਾ ਨਹੀਂ ਤੇ ਨਹਿਰੀ ਪਾਣੀ ਕੈਮੀਕਲ, ਜ਼ਹਿਰਾਂ ਨਾਲ ਭਰਿਆ ਹੋਇਆ ਹੈ। ਬੱਸ ਮਜਬੂਰ ਹਾਂ ਜ਼ਹਿਰ ਪੀਣ ਲਈ ਤੇ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਰੁੱਖ ਵੀ ਆਪ ਮੁਹਾਰੇ ਸੁੱਕ ਰਹੇ ਹਨ, ਪਸ਼ੂ ਵੀ ਬਿਮਾਰ ਹੋ ਰਹੇ ਹਨ ਤੇ ਬੱਚਿਆਂ ‘ਤੇ ਅਸਰ ਇਸ ਕਦਰ ਕਿ ਉਹ ਅਪਾਹਜ, ਅਪੰਗ, ਮਾਨਸਿਕ ਰੋਗੀ, ਚਮੜੀ ਦੇ ਰੋਗੀ ਤੇ ਹੋਰ ਕਿੰਨੀਆਂ ਹੀ ਬਿਮਾਰੀਆਂ ਦੇ ਸ਼ਿਕਾਰ ਹਨ, ਜਿਨ੍ਹਾਂ ਵਿਚੋਂ ਕੈਂਸਰ ਵਰਗੀ ਲਾਇਲਾਜ਼ ਬਿਮਾਰੀ ਵੀ ਇਨ੍ਹਾਂ ਦੇ ਘਰਾਂ ਦੇ ਬੂਹੇ ਭੰਨਦੀ ਹੈ। ਇਹ ਤਾਂ ਟੈਸਟ ਕਰਵਾ ਕੇ ਪਤਾ ਵੀ ਨਹੀਂ ਕਰਵਾ ਸਕਦੇ ਕਿ ਕਿਹੜੇ-ਕਿਹੜੇ ਰੋਗ ਸਾਨੂੰ ਹੋ ਗਏ ਹਨ।
ਮੈਂ ਸ਼ੁਰੂ ਵਿਚ ਸੰਨ 2010 ਦਾ ਵੀ ਜ਼ਿਕਰ ਕੀਤਾ ਤੇ 2022 ਦਾ ਵੀ। ਇਸੇ ਲਈ ਮੈਨੂੰ ਮੁੱਖ ਮੰਤਰੀ ਸਾਹਬ ਯਾਦ ਆਏ।
ਸੰਨ 2010 ਵਾਲੀ ਤਸਵੀਰ ਅੱਜ ਦੇ ਮੁੱਖ ਮੰਤਰੀ ਸਾਹਬ ਦੀ ਹੀ ਹੈ, ਜਿਨ੍ਹਾਂ ਉਸ ਮੌਕੇ ਇਸ ਖਿੱਤੇ ਦੀ ਪੀੜ ਨੂੰ ਮਹਿਸੂਸ ਕਰਦਿਆਂ ਮੁੱਦਾ ਚੁੱਕਿਆ ਸੀ, ਮੀਡੀਆ ਸਾਹਮਣੇ ਉਨ੍ਹਾਂ ਪੀੜਤ ਬੱਚਿਆਂ ਨੂੰ ਲਿਆਂਦਾ ਸੀ। ਇਨ੍ਹਾਂ 12 ਸਾਲਾਂ ਵਿਚ ਬੇਰਹਿਮ ਸਰਕਾਰਾਂ ਨੇ ਤਾਂ ਕੋਈ ਸਾਰ ਨਹੀਂ ਲਈ, ਹੁਣ ਮੁੱਖ ਮੰਤਰੀ ਸਾਹਬ ਤੁਸੀਂ ਹੀ ਰਹਿਮ ਕਰ ਲਵੋ, ਧਰਤ ਮਾਂ ‘ਤੇ ਤੇ ਇਸ ਧਰਤੀ ਦੀਆਂ ਉਨ੍ਹਾਂ ਮਾਵਾਂ ‘ਤੇ ਜਿਨ੍ਹਾਂ ਦੀਆਂ ਕੁੱਖਾਂ ਇਸ ਜ਼ਹਿਰੀ ਪਾਣੀ ਕਾਰਨ ਜਾਂ ਤਾਂ ਬਾਂਝ ਹੋ ਰਹੀਆਂ ਹਨ ਜਾਂ ਇਨ੍ਹਾਂ ਤਸਵੀਰਾਂ ਵਿਚ ਜੋ ਨਜ਼ਰ ਆਉਂਦਾ ਹੈ, ਅਜਿਹੇ ਬੱਚੇ ਪੈਦਾ ਕਰਨ ਲਈ ਮਜਬੂਰ ਹਨ। ਭਗਵੰਤ ਸਿਆਂ ਕਰ ਰਹਿਮ ਹੁਣ, ਹੁਣ ਹਰਾ ਪੈਨ ਵੀ ਤੇਰੇ ਕੋਲ ਹੈ ਤੇ ਭਗਤ ਸਿੰਘ ਵਾਲੀ ਦਸਤਾਰ ਵੀ ਤੇ ਸਭ ਕੁਝ ਕਰਨ ਦੀ ਤਾਕਤ ਵੀ। ਜੇ ਅਜੇ ਵੀ ਕੁਝ ਪੁੱਛਣਾ ਬਾਕੀ ਹੈ ਤਾਂ ਹੇਠਾਂ ਤੁਹਾਡੀ ਤਸਵੀਰ ਦੇ ਨਾਲ-ਨਾਲ ਪਿੰਡ ਧਰਾਂਗਵਾਲਾ ਦੀਆਂ ਤਸਵੀਰਾਂ ਬੋਲ ਰਹੀਆਂ ਹਨ … ।

ਪੰਜਾਬ ‘ਚ ਘਰ-ਘਰ ਆਟਾ ਸਕੀਮ ਨੂੰ ਮਨਜ਼ੂਰੀ
ਪੰਜਾਬ ਕੈਬਨਿਟ ਵਲੋਂ 26,454 ਅਸਾਮੀਆਂ ਭਰਨ ਲਈ ਹਰੀ ਝੰਡੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਦੌਰਾਨ ਸੂਬੇ ਵਿਚ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਮਨਜੂਰੀ ਦਿੱਤੀ ਗਈ ਹੈ। ਹੁਣ ਪਹਿਲੀ ਅਕਤੂਬਰ ਤੋਂ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਕਣਕ ਦੀ ਥਾਂ ਘਰ-ਘਰ ਆਟਾ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ 26,454 ਅਸਾਮੀਆਂ ਨੂੰ ਭਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਮੀਟਿੰਗ ਵਿੱਚ ‘ਇੱਕ ਵਿਧਾਇਕ, ਇੱਕ ਪੈਨਸ਼ਨ’ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਮੰਤਰੀ ਮੰਡਲ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਨਰਮੇ ਦੀ ਖਰਾਬ ਹੋਈ ਫ਼ਸਲ ਲਈ 41.89 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸੂਬੇ ਦੇ ਛੋਟੇ ਟਰਾਂਸਪੋਰਟਰਾਂ ਨੂੰ ਫ਼ੀਸ ਜਮ੍ਹਾਂ ਕਰਵਾਉਣ ਲਈ 3 ਮਹੀਨੇ ਦਾ ਸਮਾਂ ਵਧਾ ਦਿੱਤਾ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਾਹੇਵੰਦ ਮੌਕੇ ਦੇਣ ਲਈ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਪਈਆਂ 26,454 ਅਸਾਮੀਆਂ ਭਰਨ ਦਾ ਫ਼ੈਸਲਾ ਲਿਆ ਹੈ। ਇਸ ਭਰਤੀ ਦੀ ਪ੍ਰਕਿਰਿਆ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਨੇ ਗ੍ਰਹਿ ਮਾਮਲੇ ਤੇ ਨਿਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵੱਧ ਅਸਾਮੀਆਂ ਭਰਨ ਨੂੰ ਤਰਜੀਹ ਦਿੱਤੀ ਹੈ। ਜਾਣਕਾਰੀ ਅਨੁਸਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵਿੱਚ 10,475, ਸਕੂਲੀ ਸਿੱਖਿਆ ਵਿੱਚ 6,452, ਬਿਜਲੀ ਵਿਭਾਗ ‘ਚ 1,690, ਸਿਹਤ ਅਤੇ ਪਰਿਵਾਰ ਭਲਾਈ ‘ਚ 2,187, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿੱਚ 803, ਸਹਿਕਾਰਤਾ ਵਿੱਚ 777 ਤੇ ਤਕਨੀਕੀ ਸਿੱਖਿਆ ਵਿੱਚ 989 ਅਸਾਮੀਆਂ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ‘ਚ 67, ਪਸ਼ੂ ਪਾਲਣ ‘ਚ 218, ਕਰ ਅਤੇ ਆਬਕਾਰੀ ‘ਚ 338, ਵਿੱਤ ਵਿਭਾਗ ‘ਚ 446, ਜੰਗਲਾਤ ‘ਚ 204, ਉਚੇਰੀ ਸਿੱਖਿਆ ਅਤੇ ਭਾਸ਼ਾ ‘ਚ 210, ਘਰੇਲੂ ਅਤੇ ਸ਼ਹਿਰੀ ਵਿਕਾਸ ‘ਚ 235, ਸਥਾਨਕ ਸਰਕਾਰਾਂ ਵਿੱਚ 547, ਮੈਡੀਕਲ ਸਿੱਖਿਆ ਅਤੇ ਖੋਜ ਵਿੱਚ 275, ਯੋਜਨਾਬੰਦੀ ‘ਚ 16, ਜੇਲ੍ਹਾਂ ‘ਚ 9, ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ‘ਚ 8, ਵਿਗਿਆਨ ਤਕਨੀਕ ਅਤੇ ਵਾਤਾਵਰਣ ‘ਚ 123, ਸਮਾਜਿਕ ਨਿਆਂ ‘ਚ 30, ਸਮਾਜਿਕ ਸੁਰੱਖਿਆ ਵਿੱਚ 82 ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ 155 ਖਾਲੀ ਅਸਾਮੀਆਂ ਭਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਭਰਤੀ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸਮਾਂਬੱਧ ਭਰਤੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਫ਼ੈਸਲਾ ਲਿਆ ਕਿ ਗਰੁੱਪ-ਸੀ ਦੀਆਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਨਹੀਂ ਲਈ ਜਾਵੇਗੀ।
ਸੂਬੇ ਦੇ ਛੋਟੇ ਟਰਾਂਸਪੋਰਟਰਾਂ ਨੂੰ ਫ਼ੀਸ ਜਮ੍ਹਾਂ ਕਰਵਾਉਣ ਲਈ 3 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ, ਜਦਕਿ ਕਿਸ਼ਤਾਂ ‘ਚ ਫ਼ੀਸ ਜਮ੍ਹਾਂ ਕਰਵਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਮੰਤਰੀ ਮੰਡਲ ਨੇ ਪਹਿਲੀ ਅਕਤੂਬਰ ਤੋਂ ਘਰ-ਘਰ ਜਾ ਕੇ ਆਟੇ ਦੀ ਸਪਲਾਈ ਕਰਨ ਦੀ ਸੇਵਾ ਦੀ ਸ਼ੁਰੂਆਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਦੋਂਕਿ ਖੁਦ ਰਾਸ਼ਨ ਲਿਆਉਣ ਦੀ ਛੋਟ ਵੀ ਦਿੱਤੀ ਜਾਵੇਗੀ। ਇਸ ਸਕੀਮ ਨਾਲ ਸੂਬੇ ਦੇ 1.51 ਕਰੋੜ ਲੋਕਾਂ ਦੇ ਘਰ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ। ਸੂਬਾ ਸਰਕਾਰ ਵੱਲੋਂ ਇਸ ਸਕੀਮ ਨੂੰ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਘਰ-ਘਰ ਆਟਾ ਪਹੁੰਚਾਉਣ ਦੀ ਸੇਵਾ ਮੋਬਾਈਲ ਫੇਅਰ ਪ੍ਰਾਈਸ ਸ਼ਾਪਜ (ਐਮ.ਪੀ.ਐੱਸ.) ਦੀ ਧਾਰਨਾ ਨੂੰ ਪੇਸ਼ ਕਰੇਗੀ। ਸੂਬਾ ਸਰਕਾਰ ਵੱਲੋਂ ਪਹਿਲਾਂ ਵਾਂਗ 2 ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਤੇ ਘਰ-ਘਰ ਆਟਾ ਪਹੁੰਚਾਇਆ ਜਾਵੇਗਾ ਜਦੋਂਕਿ ਕਣਕ ਪੀਹ ਕੇ ਆਟਾ ਬਣਾਉਣ ਦਾ ਖਰਚਾ ਵੀ ਸੂਬਾ ਸਰਕਾਰ ਹੀ ਅਦਾ ਕਰੇਗੀ। ਇਸ ਸਕੀਮ ਹਰ ਮਹੀਨੇ 170 ਕਰੋੜ ਰੁਪਏ ਦਾ ਖਰਚ ਪੰਜਾਬ ਸਰਕਾਰ ਦੇ ਖ਼ਜ਼ਾਨੇ ‘ਤੇ ਪਵੇਗਾ। ਮੰਤਰੀ ਮੰਡਲ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਨਰਮੇ ਦਾ 50 ਫ਼ੀਸਦੀ ਨੁਕਸਾਨ ਮੰਨਦੇ ਹੋਏ ਪ੍ਰਤੀ ਏਕੜ 5400 ਰੁਪਏ ਦੀ ਵਿੱਤੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ 41.89 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚੋਂ 38.08 ਕਰੋੜ ਕਿਸਾਨਾਂ ਲਈ ਅਤੇ 3.81 ਕਰੋੜ ਰੁਪਏ ਖੇਤ ਮਜ਼ਦੂਰਾਂ ਲਈ ਰਾਖਵੇਂ ਰੱਖੇ ਗਏ ਹਨ।
ਵਿਧਾਇਕਾਂ ਨੂੰ ਇੱਕ ਪੈਨਸ਼ਨ ਦੇਣ ਨਾਲ ਹੋਵੇਗੀ 19.53 ਕਰੋੜ ਰੁਪਏ ਦੀ ਬੱਚਤ
ਕੈਬਨਿਟ ਨੇ ‘ਪੰਜਾਬ ਸਟੇਟ ਲੈਜਿਸਲੇਚਰ ਮੈਂਬਰਜ਼ (ਪੈਨਸ਼ਨ ਅਤੇ ਮੈਡੀਕਲ ਸੁਵਿਧਾ ਰੈਗੂਲੇਸ਼ਨ) ਐਕਟ, 1977’ ਦੀ ਧਾਰਾ 3 (1) ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਪੰਜਾਬ ਵਿਧਾਨ ਸਭਾ ਵਿੱਚ ਇੱਕ ਜਾਂ ਇੱਕ ਤੋਂ ਵੱਧ ਵਾਰ ਜਿੱਤ ਕੇ ਪਹੁੰਚੇ ਵਿਧਾਇਕਾਂ ਨੂੰ ਇੱਕ ਪੈਨਸ਼ਨ ਦਿੱਤੀ ਜਾਵੇਗੀ। ਇਸ ਨਵੀਂ ਦਰ ਅਨੁਸਾਰ ਵਿਧਾਇਕਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਮਹਿੰਗਾਈ ਭੱਤਾ ਹੀ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ 241 ਸਾਬਕਾ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਦੀ ਅਦਾਇਗੀ ਕੀਤੀ ਜਾ ਰਹੀ ਹੈ। ਇਸ ਸੋਧ ਨਾਲ ਪੰਜਾਬ ਸਰਕਾਰ ਨੂੰ ਸਾਲਾਨਾ ਲਗਭਗ 19.53 ਕਰੋੜ ਰੁਪਏ ਦੀ ਬੱਚਤ ਹੋਵੇਗੀ।
ਭਗਵੰਤ ਮਾਨ ਨੇ ਮੂੰਗੀ ਤੇ ਬਾਸਮਤੀ ‘ਤੇ ਐਮਐਸਪੀ ਦੇਣ ਦਾ ਕੀਤਾ ਐਲਾਨ
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਜਯੰਤੀ ਮੌਕੇ ਇਕ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਤਾਂ ਆਪਣਿਆਂ ਨੇ ਹੀ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਚੰਡੀਗੜ੍ਹ ਦਫਤਰ ‘ਚ ਲੋਕ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ ਅਤੇ ਜਦੋਂ ਮੈਂ ਉਨ੍ਹਾਂ ਦੀਆਂ ਫਾਈਲਾਂ ਦੇਖਦਾ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੀਆਂ ਫਾਈਲਾਂ ਖੂਨ ਨਾਲ ਲਿਖੀਆਂ ਹੋਣ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਹਰ ਤਰੀਕੇ ਨਾਲ ਲੁੱਟਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਮੂੰਗੀ ਅਤੇ ਬਾਸਮਤੀ ‘ਤੇ ਵੀ ਐਮਐਸਪੀ ਦੇਣ ਦਾ ਐਲਾਨ ਕੀਤਾ।
ਹਰਪਾਲ ਚੀਮਾ ਨੇ ‘ਜਨਤਾ ਬਜਟ’ ਵੈੱਬ ਪੋਰਟਲ ਕੀਤਾ ਜਾਰੀ
ਕਾਰੋਬਾਰੀਆਂ, ਵਪਾਰੀਆਂ, ਕਿਸਾਨਾਂ ਤੇ ਹੋਰ ਵਰਗਾਂ ਦੇ ਵਿਚਾਰ ਜਾਣਨ ਲਈ ‘ਆਪ’ ਸਰਕਾਰ ਵੱਲੋਂ ਪਹਿਲਕਦਮੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚਲੰਤ ਮਾਲੀ ਸਾਲ ਦੇ ਬਜਟ ਸਬੰਧੀ ਲੋਕਾਂ ਦੇ ਸੁਝਾਅ ਲੈਣ ਖਾਤਰ ‘ਜਨਤਾ ਬਜਟ’ ਨਾਮੀ ਵੈੱਬ ਪੋਰਟਲ ਜਾਰੀ ਕੀਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਉਹ ਇਸ ਰਾਹੀਂ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾਣ ਵਾਲੇ ਬਜਟ ਸਬੰਧੀ ਲੋਕਾਂ ਦੇ ਵਿਚਾਰ ਜਾਨਣਾ ਚਾਹੁੰਦੇ ਹਨ ਤਾਂ ਲੋਕਾਂ ਨੂੰ ਅਹਿਸਾਸ ਹੋਵੇ ਕਿ ਲੋਕਾਂ ਦੀ ਆਪਣੀ ਸਰਕਾਰ ਜਨਤਕ ਤੌਰ ‘ਤੇ ਸੁਝਾਅ ਲੈ ਕੇ ਹੀ ਫ਼ੈਸਲੇ ਲੈਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਕਾਰੋਬਾਰੀਆਂ, ਵਪਾਰੀਆਂ, ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਦੇ ਵਿਚਾਰ ਲੈਣ ਲਈ ਪਹਿਲਦਮੀ ਕੀਤੀ ਗਈ ਹੈ। ਚੀਮਾ ਨੇ ਦੱਸਿਆ ਕਿ ਇਸ ਪੋਰਟਲ ਵਿੱਚ 6 ਪੁਆਇੰਟ ਬਣਾਏ ਗਏ ਹਨ। ਇਨ੍ਹਾਂ ਵਿੱਚ ਕਾਰੋਬਾਰੀ ਭਾਈਚਾਰੇ ਨੂੰ ਕਾਰੋਬਾਰ ਵਧਾਉਣ ਵਿੱਚ ਸਹਿਯੋਗ ਦੇਣਾ, ਪੰਜਾਬ ਵਿੱਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਲਿਆਉਣਾ, ਕਿਸਾਨਾਂ ਦੀ ਸ਼ੁੱਧ ਆਮਦਨ ਵਿੱਚ ਵਾਧਾ ਕਰਨਾ, ਪੰਜਾਬ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਨਾ, ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣਾ, ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਆਦਿ ਸਬੰਧੀ ਸੁਝਾਅ ਮੰਗੇ ਗਏ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਲੋਕ 10 ਮਈ ਤੱਕ ਵੈੱਬਸਾਈਟ ‘ਤੇ ਆਪਣੇ ਸੁਝਾਅ ਦੇ ਸਕਦੇ ਹਨ। ਇਸ ਤੋਂ ਇਲਾਵਾ ਉਹ ਵਿੱਤ ਵਿਭਾਗ ਦੇ ਪਤੇ ‘ਤੇ ਲਿਖਤੀ ਤੌਰ ‘ਤੇ ਵੀ ਆਪਣੇ ਸੁਝਾਅ ਭੇਜ ਸਕਦੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ 15 ਵੱਡੇ ਸ਼ਹਿਰਾਂ ਵਿੱਚ ਵਿੱਤ ਵਿਭਾਗ ਦੀ ਟੀਮ ਲੋਕਾਂ ਵਿੱਚ ਜਾ ਕੇ ਵਪਾਰੀਆਂ, ਡਾਕਟਰਾਂ ਅਤੇ ਕਿਸਾਨਾਂ ਦੇ ਸੁਝਾਅ ਲਵੇਗੀ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਦਾ ਇਹ ਪਹਿਲਾ ਬਜਟ ਹੋਵੇਗਾ ਜਦਕਿ ਬਜਟ ਸੈਸ਼ਨ ਜੂਨ ਮਹੀਨੇ ਵਿੱਚ ਸੱਦਿਆ ਜਾ ਰਿਹਾ ਹੈ।
ਭਗਵੰਤ ਮਾਨ ਨੇ ‘ਆਪ’ ਦੇ ਵਿਧਾਇਕਾਂ ਨਾਲ ਚੰਡੀਗੜ੍ਹ ‘ਚ ਕੀਤੀ ਮੀਟਿੰਗ
ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਈ ਚਰਚਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਸੈਕਟਰ-35 ਸਥਿਤ ਮਿਉਂਸੀਪਲ ਭਵਨ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸ਼ਹਿਰੀ ਖੇਤਰ ਨਾਲ ਸਬੰਧਤ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਸੂਬੇ ਦੀਆਂ ਮੁੱਖ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਕੀਤੀ, ਤਾਂ ਜੋ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਜਟ ਤਿਆਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ‘ਆਪ’ ਸਰਕਾਰ ਦੀ 50 ਦਿਨਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਗਈ। ਭਗਵੰਤ ਮਾਨ ਨੇ ਵਿਧਾਇਕਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਜਾਗਰੂਕ ਕਰਨ ‘ਤੇ ਜ਼ੋਰ ਦਿੱਤਾ ਅਤੇ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜੇ ਸੂਬੇ ਦਾ ਕੋਈ ਵੀ ਪ੍ਰਸ਼ਾਸਨਿਕ ਜਾਂ ਪੁਲਿਸ ਅਧਿਕਾਰੀ ਲੋਕਾਂ ਦੇ ਕੰਮ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ। ਉਹ ਇਸ ਸਬੰਧੀ ਤੁਰੰਤ ਕਾਰਵਾਈ ਕਰਨਗੇ। ਮੀਟਿੰਗ ਦੌਰਾਨ ਕਈ ਵਿਧਾਇਕਾਂ ਨੇ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਬਦਲਣ ਦਾ ਮੁੱਦਾ ਚੁੱਕਿਆ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੂਰਾ ਨੇ ਕਿਹਾ ਕਿ ਹਾਲੇ ਵੀ ਕਈ ਅਧਿਕਾਰੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਾਂਗ ਕੰਮ ਕਰ ਰਹੇ ਹਨ, ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ‘ਆਪ’ ਸਰਕਾਰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਵਿਧਾਇਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਸੂਬੇ ਦੇ ਵਿਕਾਸ ਲਈ ਰਣਨੀਤੀ ਤਿਆਰ ਕੀਤੀ ਗਈ ਹੈ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …