Breaking News
Home / Special Story / ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ‘ਚ ਸ਼ਰਧਾ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ‘ਚ ਸ਼ਰਧਾ ਨਾਲ ਮਨਾਇਆ

1487 ‘ਚ ਹੋਇਆ ਸੀ ਗੁਰੂ ਸਾਹਿਬ ਦਾ ਵਿਆਹ
ਬਟਾਲਾ/ਬਿਊਰੋ ਨਿਊਜ਼ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ‘ਤੇ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਟਾਲਾ ਵਿਚ ਸ਼ਰਧਾ, ਭਾਵਨਾ, ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰੂ ਸਾਹਿਬ ਜੀ ਦਾ ਵਿਆਹ 1487 ਵਿਚ ਹੋਇਆ ਸੀ। ਵਿਆਹ ਪੁਰਬ ਦੀਆਂ ਖੁਸ਼ੀਆਂ ਵਿਚ ਐਤਵਾਰ ਨੂੰ ਸਮੁੱਚੇ ਧਾਰਮਿਕ ਅਸਥਾਨਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਅਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਸਤਿਕਰਤਾਰੀਆ ਸਾਹਿਬ, ਗੁਰਦੁਆਰਾ ਅੱਚਲ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ (ਸਹੁਰਾ ਘਰ) ਸਥਾਨ ਤੋਂ ਜੁਗੋ-ਜੁਗ ਅਟੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਕਰਨ ਉਪਰੰਤ ਖਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਪੂਰੇ ਸ਼ਾਨੋ-ਸ਼ੌਕਤ ਨਾਲ ਨਗਰ ਕੀਰਤਨ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਨ ਦੀ ਸੇਵਾ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੇ ਨਿਭਾਈ ਤੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਤੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੀ ਉਚੇਚੇ ਤੌਰ ‘ਤੇ ਪਹੁੰਚੇ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦੀ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਦੇਰ ਸ਼ਾਮ ਆਰੰਭਿਕ ਸਥਾਨ ‘ਤੇ ਸੰਪੂਰਨਤਾ ਹੋਈ। ਵੱਖ-ਵੱਖ ਪੜਾਵਾਂ ‘ਤੇ ਨਗਰ ਕੀਰਤਨ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਾਰਾ ਦਿਨ ਅੰਮ੍ਰਿਤਮਈ ਬਾਣੀ ਤੇ ਗੁਰੂ ਕੇ ਲੰਗਰਾਂ ਦਾ ਪ੍ਰਵਾਹ ਅਤੁੱਟ ਵਰਤਿਆ। ਇਸ ਮੌਕੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀਆਂ ਵੱਖ-ਵੱਖ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਤੇ ਨੌਜਵਾਨਾਂ ਵਲੋਂ ਤਿਆਰ ਕੀਤੇ ਛੋਟੇ ਹੈਲੀਕਾਪਟਰ ਨੇ ਪਾਲਕੀ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕੀਤੀ। ਪੁਲਿਸ ਪ੍ਰਸ਼ਾਸਨ ਵਲੋਂ ਨਗਰ ਕੀਰਤਨ ਦੇ ਸਵਾਗਤ ਵਿਚ ਸਲਾਮੀ ਵੀ ਦਿੱਤੀ ਗਈ।
ਬਾਬੇ ਨਾਨਕ ਦੇ ਵਿਆਹ ਪੁਰਬ ਮੌਕੇ ਢਾਈ ਲੱਖ ਸੰਗਤ ਪਹੁੰਚੀ, ਸਵਾਗਤ ਲਈ ਅਸਮਾਨ ਤੋਂ ਕੀਤੀ ਗਈ ਫੁੱਲਾਂ ਦੀ ਵਰਖਾ
ਬਟਾਲਾ : ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਐਤਵਾਰ ਨੂੰ ਖਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਮੁੱਖ ਸਮਾਗਮ ਬਟਾਲਾ ਵਿਖੇ ਹੋਇਆ ਅਤੇ ਇਸ ਵਿਚ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤ ਨੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਲਗਵਾਈ ਅਤੇ ਵਾਹਿਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਐਤਵਾਰ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ‘ਚ ਕੱਢੇ ਗਏ ਨਗਰ ਕੀਰਤਨ ਦੀ ਝਲਕ ਦੇਖਦਿਆਂ ਹੀ ਬਣਦੀ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਪਾਲਕੀ ਸਾਹਿਬ ‘ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ-ਪਿੱਛੇ ਚੱਲ ਰਹੀ ਸੀ। ਇਸ ਦੌਰਾਨ ਸੰਗਤ ਜਿੱਥੇ ਪਾਲਕੀ ਸਾਹਿਬ ਦੇ ਰਸਤੇ ਨੂੰ ਸਾਫ਼ ਕਰ ਰਹੀ ਸੀ ਤੇ ਉਥੇ ਹੀ ਨਗਰ ਕੀਰਤਨ ‘ਚ ਸ਼ਾਮਲ ਸੰਗਤ ਦੇ ਲਈ ਲੋਕ ਹੱਥਾਂ ‘ਚ ਫੜੇ ਪੱਖਿਆਂ ਨੂੰ ਸੰਗਤਾਂ ਨੂੰ ਹਵਾ ਦੇ ਰਹੇ ਸਨ। ਨਗਰ ਕੀਰਤਨ ‘ਚ ਹਿੱਸਾ ਲੈਣ ਲਈ ਸੰਗਤਾਂ ਲੱਖਾਂ ਦੀ ਗਿਣਤੀ ‘ਚ ਪਹੁੰਚੀ ਹੋਈ ਸੀ। ਥਾਂ-ਥਾਂ ਕਈ ਤਰ੍ਹਾਂ ਦੇ ਲੰਗਰ ਵੀ ਸੰਗਤ ਵੱਲੋਂ ਲਗਾਏ ਗਏ ਸਨ। ਸ਼ਾਮ ਨੂੰ ਨਗਰ ਕੀਰਤਨ ਵਾਪਸ ਗੁਰਦੁਆਰਾ ਡੇਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ।
ਗੁਰੂ ਜੀ ਨੇ ਅੱਗ ਦੀ ਬਜਾਏ ਮੂਲਮੰਤਰ ਦੇ ਲਏ ਸਨ ਫੇਰੇ
ਜਦੋਂ ਨਾਨਕ ਅਤੇ ਸੁਲੱਖਣੀ ਦੇ ਫੇਰਿਆਂ ਦਾ ਸਮਾਂ ਆਇਆ ਤਾਂ ਫੇਰਿਆਂ ਦੇ ਲਈ ਵੇਦੀ ਅਤੇ ਹਵਨ ਕੁੰਡ ਤਿਆਰ ਕੀਤਾ ਗਿਆ। ਪ੍ਰੰਤੂ ਬਰਾਤ ਦੇ ਨਾਲ ਆਏ ਪੰਡਤ ਹਰਦਿਆਲ ਨੇ ਲੜਕੀ ਵਾਲਿਆਂ ਦੇ ਪੰਡਤ ਨੂੰ ਦੱਸਿਆ ਕਿ ਗੁਰੂ ਨਾਨਕ ਜੀ ਨੇ ਅੱਗ ਦੁਆਲੇ ਫੇਰੇ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਪੰਡਤ ਹਰਦਿਆਲ ਨੇ ਲੜਕੀ ਵਾਲਿਆਂ ਨੂੰ ਦੱਸਿਆ ਕਿ ਲਾੜਾ ਪੁਰਾਤਨ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਨਹੀਂ ਕਰਗੇ। ਉਦੋਂ ਗੁਰੂ ਜੀ ਨੇ ਪੁੱਛਣ ‘ਤੇ ਦੱਸਿਆ ਕਿ ਵੇਦ ਮੰਤਰ ਚਾਰੇ ਯੁਗਾਂ ‘ਚ ਕਾਇਮ ਰਹਿਣਗੇ ਪ੍ਰੰਤੂ ਕਲਯੁਗ ‘ਚ ਮੂਲਮੰਤਰ ਦਾ ਪਹਿਰਾ ਰਹੇਗਾ। ਫਿਰ ਦੋਵੇਂ ਪੱਖਾਂ ਦੀ ਸਹਿਮਤੀ ਨਾਲ ਇਕ ਥੜਾ ਬਣਾਇਆ ਗਿਆ, ਇਸ ਥੜੇ ‘ਤੇ ਇਕ ਚੌਕੀ ਰੱਖੀ ਗਈ, ਜਿਸ ‘ਤੇ ਮੂਲਮੰਤਰ ਲਿਖਿਆ ਹੋਇਆ ਸੀ। ਗੁਰੂ ਜੀ ਨੇ ਸੁਲੱਖਣੀ ਨਾਲ ਮੂਲਮੰਤਰ ਦੇ ਫੇਰੇ ਲਏ। ਉਦੋਂ ਦਾ ਬਣਾਇਆ ਗਿਆ ਥੜ੍ਹਾ ਅੱਜ ਵੀ ਗੁਰਦੁਆਰਾ ਸ੍ਰੀ ਡੇਰਾ ਸਾਹਿਬ ‘ਚ ਆਪਣੇ ਮੂਲਰੂਪ ‘ਚ ਮੌਜੂਦ ਹੈ।
ਮੰਗਣੀ ਤੋਂ ਬਾਅਦ ਭੈਣ ਨਾਨਕੀ ਦੇ ਘਰ 1 ਸਾਲ ਰੁਕੇ ਰਹੇ ਗੁਰੂ ਸਾਹਿਬ
ਮੰਗਣੀ ਤੋਂ ਬਾਅਦ ਇਕ ਸਾਲ ਤੱਕ ਭੈਣ ਨਾਨਕੀ ਦੇ ਘਰ ਰੁਕੇ ਸ੍ਰੀ ਗੁਰੂ ਨਾਨਕ ਦੇਵ ਜੀ। ਮੰਗਣੀ ਹੁੰਦੇ ਹੋਈ ਦੋਵੇਂ ਪਰਿਵਾਰਾਂ ‘ਚ ਤਹਿ ਹੋ ਗਿਆ ਸੀ ਕਿ ਵਿਆਹ ਇਕ ਸਾਲ ਬਾਅਦ ਹੋਵੇਗਾ। ਹਾੜ੍ਹ ਸੁਦੀ 7ਵੀਂ ਨੂੰ ਵਿਆਹ ਦਾ ਦਿਨ ਤਹਿ ਹੋਇਆ। ਮੰਗਣੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ‘ਚ ਭੈਣ ਨਾਨਕੀ ਦੇ ਕੋਲ ਹੀ ਰਹੇ। ਮਾਤਾ-ਪਿਤਾ ਆਪਣੇ ਪਿੰਡ ਤਲਵੰਡੀ ਚਲੇ ਗਏ। ਬਾਅਦ ‘ਚ ਗੁਰੂ ਸਾਹਿਬ ਜੀ ਦਾ ਵਿਆਹ ਇਕ ਸਾਲ ਬਾਅਦ ਸੁਲਤਾਨਪੁਰ ਲੋਧੀ ‘ਚ 1487 ‘ਚ ਸੰਪੰਨ ਹੋਇਆ।
ਉਰਦੂ, ਫਾਰਸੀ, ਹਿੰਦੀ ਜਾਨਣ ਵਾਲੇ ਗੁਰੂ ਜੀ ਦੀ ਪਿੰਡ ‘ਚ ਸੀ ਚਰਚਾ
ਗੁਰੂ ਸਾਹਿਬ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ‘ਚ ਨੌਕਰੀ ਕਰਨ ਲੱਗੇ। ਪਿੰਡ ‘ਚ ਉਨ੍ਹਾਂ ਦੀ ਕਾਰਜਸ਼ੈਲੀ ਦੀ ਖੂਬ ਚਰਚਾ ਸੀ। ਅਕਸਰ ਲੋਕਾਂ ਨੂੰ ੲਹ ਕਹਿੰਦੇ ਸੁਣਿਆ ਜਾਂਦਾ ਸੀ ਕਿ ਨਾਨਕੀ ਦਾ ਭਰਾ ਤਲਵੰਡੀ ਤੋਂ ਆਇਆ ਹੈ। ਉਰਦੂ, ਫਾਰਸੀ ਅਤੇ ਹਿੰਦੀ ਜਾਣਦਾ ਹੈ। ਲੋਕ ਬੜੀ ਉਤਸੁਕਤਾ ਨਾਲ ਉਨ੍ਹਾਂ ਨੂੰ ਦੇਖਦੇ ਸਨ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …