Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਮੈਂਬਰ ਕਮਿਊਨਿਟੀ ਦੀ ਰੁੱਖ ਲਗਾਓ ਮੁਹਿੰਮ ਵਿੱਚ ਸ਼ਾਮਲ ਹੋਏ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਮੈਂਬਰ ਕਮਿਊਨਿਟੀ ਦੀ ਰੁੱਖ ਲਗਾਓ ਮੁਹਿੰਮ ਵਿੱਚ ਸ਼ਾਮਲ ਹੋਏ

ਰੈਂਪਟਨ/ ਮਹਿੰਦਰ ਸਿੰਘ ਮੋਹੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀ ਪਹਿਲਕਦਮੀ ‘ਤੇ, ਜਿੱਥੇ ਸੀਨੀਅਰਜ਼ ਦੀ ਮਾਨਸਿਕ ਤੇ ਸਰੀਰਕ ਅਰੋਗਤਾ ਨੂੰ ਬਰਕਰਾਰ ਰੱਖਣ ਲਈ, ਬਰੈਂਪਟਨ ਦੇ ਹਰ ਖੇਤਰ ਵਿੱਚ ਵਿਸ਼ੇ ਦੇ ਮਾਹਿਰ ਡਾਕਟਰ ਤੇ ਵਿਦਵਾਨ ਲਗਾਤਾਰ ਸੈਮੀਨਾਰ ਕਰ ਰਹੇ ਹਨ ਤੇ ਵੱਖ-ਵੱਖ ਕਲੱਬਜ਼ ਦੇ ਪਾਰਕਾਂ ਵਿੱਚ ਯੋਗਾ ਦੀਆਂ ਕਲਾਸਾਂ ਤੇ ਸਰੀਰਕ ਕਸਰਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਉੱਥੇ ਐਸੋਸੀਏਸ਼ਨ ਦੇ ਸਰਗਰਮ ਅਹੁਦੇਦਾਰਾਂ ਨੇ ਜੰਗੀਰ ਸਿੰਘ ਸੈਂਬੀ ਦੀ ਅਗਵਾਈ ਵਿੱਚ ਪਿਛਲੇ ਸ਼ਨਿਚਰਵਾਰ ਨੂੰ ਬਰੈਂਪਟਨ ਗੋਰ ਮੀਡੋਜ ਮਲਟੀਪਲੈਕਸ ਦੇ ਚੌਗਿ ਰਦੇ ਵਿੱਚ ਉਲੀਕੇ ਗਏ ਨਵੇਂ ਰੁੱਖ ਲਗਾਉਣ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਹ ਰੁੱਖ ਲਗਾਉਣ ਦਾ ਪਲਾਨ ਸਿਟੀ ਆਫ ਬਰੈਂਪਟਨ ਦੀ ਸਕਾਉਟ ਅਤੇ ਕਮਿਊਨਿਟੀ ਟਰੀ ਪਲਾਂਟਿੰਗ ਨਾਲ ਰਲਕੇ ਤਿਆਰ ਕੀਤਾ ਗਿਆ ਸੀ। ਇਹ ‘ਵਾਤਾਵਰਣ ਬਚਾਓ, ਨਵੇਂ ਰੁੱਖ ਲਗਾਓ’, ਦੇ ਸੰਕਲਪ ਨੂੰ ਅੱਗੇ ਰੱਖਦਿਆਂ ਦੁਨੀਆਂ ਵਿੱਚ ਗਲੋਬਲ ਵਾਰਮਿੰਗ ਦੇ ਮੰਡਰਾ ਰਹੇ ਖਤਰੇ ਤੋਂ ਬਚਣ ਲਈ ਇਕ ਤੁਛ ਜਿਹਾ ਯਤਨ ਸੀ।
ਸਾਡੇ ਗੁਰੂਆਂ ਵਲੋਂ ਦਰਸਾਏ ਗਏ ਸਿੱਖੀ ਦੇ ਸਿਧਾਂਤ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ‘ਤੇ ਅਮਲ ਕਰਦੇ ਹੋਏ ਸੀਨੀਅਰਜ਼ ਇਸ ਫਲਸਫ਼ੇ ਨੂੰ ਅਮਲ ਵਿੱਚ ਲਿਆਉਣ ਲਈ ਤਤਪਰ ਦਿਖਾਈ ਦੇ ਰਹੇ ਸਨ ।
ਚਾਰੇ ਪਾਸੇ ਨਜ਼ਰ ਆ ਰਹੀ ਹਰਿਆਲੀ ਨੂੰ ਹੋਰ ਵਿਸ਼ਾਲ ਖੇਤਰ ਵਿੱਚ ਫੈਲਾਉਣ ਲਈ ਤੇ ਕੁਦਰਤ ਦੇ ਅੰਗ ਸੰਗ ਹੋ ਕੇ ਨਵੇਂ ਰੁੱਖ ਲਗਾ ਕੇ ਆਪਣਾ ਯੋਗਦਾਨ ਪਾਉਣ ਲਈ ਬਹੁਤ ਸਾਰੇ ਵਰਗਾਂ ਤੇ ਵੱਖ-ਵੱਖ ਉਮਰਾਂ ਦੇ ਕੁਦਰਤ ਪ੍ਰੇਮੀ ਵੱਡੀ ਗਿਣਤੀ ਵਿੱਚ ਗੋਰ ਮਲਟੀਪਲੈਕਸ ਦੇ ਪੱਛਮ ਵਿੱਚ ਨਿਸਚਿਤ ਥਾਂ ‘ਤੇ ਪਹੁੰਚੇ ਹੋਏ ਸਨ। ਦੋ ਘੰਟੇ ਦੇ ਸਮੇਂ ਵਿੱਚ 185 ਰੁੱਖ ਲਗਾਉਣ ਦਾ ਪ੍ਰੋਗਰਾਮ ਸੀ।
ਸਭ ਤੋਂ ਪਹਿਲਾਂ ਇਸ ਮੁਹਿੰਮ ਦੇ ਲੀਡਰ ਵੱਲੋਂ ਸੁਰੱਖਿਅਤ ਢੰਗ ਨਾਲ ਪ੍ਰੈਕਟੀਕਲ ਰਾਹੀਂ ਸ਼ਾਵਲ ਦੀ ਵਰਤੋਂ ਕਰਦੇ ਹੋਏ ਰੁੱਖ ਲਗਾਉਣ ਤੇ ਉਸ ਦੇ ਦੁਆਲੇ ਗਾਰਡ ਲਗਾਉਣ ਦਾ ਢੰਗ ਦੱਸਿਆ। ਪ੍ਰਬੰਧਕਾਂ ਵਲੋਂ ਪੌਦੇ ਲਗਾਉਣ ਲਈ ਨਿਸ਼ਚਿਤ ਸਥਾਨ ਪਹਿਲਾ ਹੀ ਮਾਰਕ ਕੀਤੇ ਹੋਏ ਸਨ। ਕੁਝ ਸਮੇਂ ਵਿੱਚ ਸਾਰੇ ਵਲੰਟੀਅਰ ਵਾਤਾਵਰਣ ਨੂੰ ਬਚਾਉਣ ਤੇ ਇਸ ਖੇਤਰ ਨੂੰ ਤੰਦਰੁਸਤ ਤੇ ਹਰਿਆ ਭਰਿਆ ਰੱਖਣ ਵਾਲੀ ਇਸ ਨੇਕ ਮੁਹਿੰਮ ਵਿੱਚ ਜੀ ਜਾਨ ਨਾਲ ਖੁਭ ਕੇ ਕੰਮ ਕਰਨ ਲੱਗ ਗਏ।
ਦੋ ਘੰਟਿਆਂ ਵਿੱਚ ਟਾਰਗਿਟ ਪੂਰਾ ਹੋ ਗਿਆ ਤੇ ਪ੍ਰਬੰਧਕਾਂ ਵੱਲੋਂ ਪਾਣੀ ਤੇ ਰਿਫਰੈਸ਼ਮੈਂਟ ਦੇ ਕੀਤੇ ਪ੍ਰਬੰਧ ਦਾ ਸਵਾਦ ਲੈਂਦੇ, ਜਦੋਂ ਅਸੀ ਲਗਾਏ ਰੁੱਖਾਂ ਵੱਲ ਸਰਸਰੀ ਝਾਤ ਮਾਰੀ ਤੇ ਇਓਂ ਲੱਗਿਆ ਜਿਵੇਂ ਪੁਰਾਣੇ, ਵੱਡੇ ਹੋ ਗਏ ਰੁੱਖਾਂ ਨੂੰ, ਆਪਣੇ ਗੁਆਂਢ ਵਿੱਚ ਤਾਜ਼ਾ ਲਗਾਏ ਬਚਿਆਂ ਵਰਗੇ ਛੋਟੇ-ਛੋਟੇ ਪੌਦੇ, ਮਨੁੱਖ ਦੀ ਰੀਝ ਵਾਂਗੂ, ਆਪਣੀ ਅਗਲੀ ਪੀੜੀ ਦੇ ਵਾਰਸ ਲੱਗਦੇ ਹੋਣ, ਤੇ ਇਸੇ ਖੁਸ਼ੀ ਵਿੱਚ ਖੀਵੇ ਹੋ ਕੇ ਉਹ, ਹਵਾ ਨਾਲ ਝੂਮਣ ਲਗ ਗਏ ਹੋਣ। ਹਰ ਵਲੰਟੀਅਰ ਦੇ ਚੇਹਰੇ ‘ਤੇ ਵੱਖ-ਵੱਖ ਕਮਿਉਨੀਟੀਜ਼ ਨਾਲ ਰਲ ਕੇ ਇਸ ਵਾਤਾਵਰਣ ਪੱਖੀ ਕੀਤੇ ਗਏ ਨੇਕ ਕੰਮ ਨਾਲ ਆਈ ਖੁਸ਼ੀ ਦੀ ਝਲਕ ਸਪੱਸ਼ਟ ਵਿਖਾਈ ਦੇ ਰਹੀ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …