ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਪਿਛਲੇ ਐਤਵਾਰ ਜੇਮਜ ਪੋਟਰ ਸੀਨੀਅਰਜ ਕਲੱਬ ਨੇ ਬਸਾਖਾ ਸਿੰਘ ਦੀ ਪ੍ਰਧਾਨਗੀ ਵਿੱਚ ਕਲੱਬ ਦੀ ਪਾਰਕ ਵਿੱਚ ਸ਼ਾਨਦਾਰ ਢੰਗ ਨਾਲ ਮਲਟੀਕਲਚਰਲ ਫੈਸਟੀਵਲ ਮਨਾਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰਜ ਨੇ ਪਰਿਵਾਰਕ ਮੈਂਬਰਾਂ ਨਾਲ ਹਾਜ਼ਰੀ ਭਰੀ। ਵਧੀਆ ਖੁਸ਼ਗਵਾਰ ਮੌਸਮ ਦਾ ਲਾਹਾ ਲੈਂਦੇ ਹੋਏ ਔਰਤਾਂ ਤੇ ਬੱਚੇ ਵਧੀਆ ਪਹਿਰਾਵੇ ਵਿੱਚ, ਇਸ ਗਰਮੀਆਂ ਦੇ ਆਖਰੀ ਮੇਲੇ ਨੂੰ ਮਾਨਣ ਲਈ ਸਮੇਂ ਤੋਂ ਪਹਿਲਾਂ ਹੀ ਵਹੀਰਾਂ ਘਤੀ ਆ ਰਹੇ ਸਨ। ਪਾਰਕ ਦੀ ਵੱਡੀ ਗਰਾਉਂਡ ਵਿੱਚ ਬੱਚਿਆਂ ਨੂੰ ਵੱਖ-ਵੱਖ ਉਮਰ ਗਰੁੱਪ ਵਿਚ ਵੰਡ ਕੇ ਦੌੜਾਂ ਕਰਵਾਉਣ ਲਈ ਸੁਖਵਿੰਦਰ ਸਿੰਘ ਬੁੱਟਰ ਤੇ ਗੁਰਜੰਟ ਸਿੰਘ ਲਿਟ ਆਪਣੇ ਸਾਥੀਆਂ ਨਾਲ ਰੁਝੇ ਹੋਏ ਸਨ। ਫੂਡ ਟਰੱਕ ਵਾਲਿਆਂ ਸੀਨੀਅਰ ਵਲੰਟੀਅਰਾਂ ਦੇ ਸਹਿਯੋਗ ਨਾਲ ਗਰਮ ਫੂਡ ਦੀ ਨਿਰਵਿਘਨ ਸਪਲਾਈ ਜਾਰੀ ਰੱਖੀ ਹੋਈ ਸੀ। ਸਟੇਜ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਲੇਡੀਜ ਵਲੋਂ ਪੰਜਾਬੀ ਸਭਿਆਚਾਰ ਦੀ ਪ੍ਰਮੁੱਖ ਵੰਨਗੀ ਜਾਗੋ ਪੇਸ਼ ਕੀਤੀ ਗਈ। ਜਿਸ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਸੀਨੀਅਰਜ਼ ਨੇ ਵਾਰ-ਵਾਰ ਤਾੜੀਆਂ ਵਜਾ ਕੇ ਸਲਾਹਿਆ। ਹੁਣ ਤੱਕ ਬਹੁਤ ਸਾਰੇ ਸਿਟੀ, ਪਰੋਵੈਨਸ ਤੇ ਫੈਡਰਲ ਲੈਵਲ ਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਪਹੁੰਚ ਚੁੱਕੇ ਸਨ, ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਲੱਬ ਨੂੰ ਸ਼ਾਨਦਾਰ ਫੰਕਸ਼ਨ ਦਾ ਅਯੋਜਿਨ ਕਰਨ ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਡਾਈਵਰਸਿਟੀ ਦੇ ਮੰਤਰੀ ਕਮਲ ਖੈਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਪਣੇ ਵਲੋਂ ਸੀਨੀਅਰ ਮੰਤਰੀ ਹੁੰਦਿਆਂ, ਉਹਨਾਂ ਲਈ ਬਹੁਤ ਸਾਰੀਆਂ ਸਹੂਲਤਾਂ ਦੇਣ ਤੇ ਉਹਨਾਂ ਦੇ ਹਕ ਵਿੱਚ ਕੀਤੇ ਫੈਸਲੇ ਬਾਰੇ ਦੱਸਿਆ। ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅਮਰਜੋਤ ਸਿੰਘ ਸੰਧੂ ਐਮ. ਪੀ .ਪੀ ਨੇ ਵੀ ਕਨੇਡਾ ਦੇ ਕਲਚਰਲ ਵਖਰੇਵੇ ‘ਤੇਅਧਾਰਿਤ ਮਲਟੀਕਲਚਰਲ ਫੈਸਟੀਵਲ ਮਨਾਉਣ ਦਾ ਸਵਾਗਤ ਕੀਤਾ। ਸਕੂਲ ਟਰੱਸਟੀ ਸਤਪਾਲ ਜੌਹਲ ਨੇ ਕਨੇਡਾ ਦੇ ਮੁੱਖ ਇਸ਼ੂ ‘ਤੇ ਚਰਚਾ ਕਰਦਿਆਂ ਉਹਨਾਂ ਬਾਰੇ ਜਾਗਰੂਕ ਹੋਣ ਲਈ ਕਿਹਾ। ਨਾਹਰ ਔਜਲਾ ਵਲੋਂ ਸਟੂਪਿਡ ਗਰਲ ਨਾਟਕ ਪੇਸ਼ ਕਰਦਿਆਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਮਾਨਸਿਕ ਤੇ ਆਰਥਿਕ ਸ਼ੋਸ਼ਣ ਨੂੰ ਦਰਸ਼ਕਾਂ ਸਾਹਮਣੇ ਉਜਾਗਰ ਕੀਤਾ। ਰੁਪਿੰਦਰ ਸਿੰਘ ਰੈਂਪੀ ਦਿਉਲ ਨੇ ਵੀ ਕਲੱਬ ਵਲੋਂ ਸ਼ਾਨਦਾਰ ਫੰਕਸ਼ਨ ਅਯੋਜਿਤ ਕਰਨ ਤੇ ਕਲੱਬ ਨੂੰ ਵਧਾਈ ਦਿੰਦਿਆਂ ਸਹੀ ਸੇਧ ਦੇਣ ਵਾਲੇ ਪੜ੍ਹੇ ਲਿਖੇ ਸੂਝਵਾਨ ਵਿਅਕਤੀਆਂ ਨੂੰ ਅੱਗੇ ਆਉਣ ਤੇ ਸੀਨੀਅਰਜ਼ ਦੀ ਅਗਵਾਈ ਕਰਨ ਲਈ ਕਿਹਾ। ਇਸ ਸਾਰੇ ਫੈਸਟੀਵਲ ਨੂੰ ਕਾਮਯਾਬ ਕਰਨ ਵਿੱਚ ਬਸਾਖਾ ਸਿੰਘ ਦੀ ਅਗਵਾਈ ਵਿੱਚ ਸਾਰੀ ਅਗਜ਼ੈਕਟਿਵ ਤੇ ਕਲੱਬ ਦੇ ਸਾਰੇ ਮੈਂਬਰਾਂ ਦਾ ਮੁੱਖ ਯੋਗਦਾਨ ਰਿਹਾ।