Breaking News
Home / ਕੈਨੇਡਾ / ਕਬੱਡੀ ਕੱਪ ‘ਚ ਉਨਟਾਰੀਓ ਦੀ ਟੀਮ ਰਹੀ ਜੇਤੂ

ਕਬੱਡੀ ਕੱਪ ‘ਚ ਉਨਟਾਰੀਓ ਦੀ ਟੀਮ ਰਹੀ ਜੇਤੂ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਉਨਟਾਰੀਓ ਕਬੱਡੀ ਫੈਡਰੇਸ਼ਨ ਆਫ ਕੈਨੇਡਾ ਦੀ ਦੇਖ-ਰੇਖ ਹੇਠ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਬਾਕੀ ਕਲੱਬਾਂ ਦੇ ਸਹਿਯੋਗ ਨਾਲ 29ਵਾਂ ਸਲਾਨਾਂ ਕਬੱਡੀ ਕੱਪ ਹਮਿਲਟਨ ਸ਼ਹਿਰ ਦੇ ਫਸਟ ਉਨਟਾਰੀਓ ਸੈਂਟਰ ਅੰਦਰ ਕਰਵਾਇਆ ਗਿਆ। ਜਿਸ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਖੇਡ ਪ੍ਰੇਮੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਸ ਕਬੱਡੀ ਖੇਡ ਦਾ ਆਨੰਦ ਮਾਣਿਆ ਗਿਆ। ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਹੋਰ ਸ਼ਹੀਦਾਂ ਨੂੰ ਸਮਰਪਿਤ ਕੀਤੇ ਗਏ ਇਸ ਕਬੱਡੀ ਕੱਪ ਵਿੱਚ ਜਿੱਥੇ ਮਰਹੂਮ ਸੰਦੀਪ ਨੰਗਲ ਅੰਬੀਆਂ ਦੀ ਧਰਮ ਪਤਨੀ ਜੋ ਆਪਣੇ ਛੋਟੇ ਬੱਚਿਆਂ ਨਾਲ ਕਬੱਡੀ ਕਲੱਬਾਂ ਦੇ ਸੱਦੇ ਉੱਤੇ ਵਿਸ਼ੇਸ਼ ਤੌਰ ‘ਤੇ ਇੱਥੇ ਪਹੁੰਚੇ ਹੋਏ ਸਨ, ਨੂੰ ਉਨਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਇੱਕ ਲੱਖ ਡਾਲਰ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਸੰਦੀਪ ਨੰਗਲ ਅੰਬੀਆਂ ਦੀ ਧਰਮ ਪਤਨੀ ਨੇ ਭਾਵੁਕ ਹੁੰਦਿਆਂ ਆਪਣੀਆਂ ਨਮ ਅੱਖਾਂ ਪੂੰਝਦਿਆਂ ਜਿੱਥੇ ਆਪਣੇ ਪਤੀ ਨੂੰ ਯਾਦ ਕੀਤਾ ਉੱਥੇ ਉਹਨਾਂ ਸਮੁੱਚੀਆਂ ਖੇਡ ਕਲੱਬਾਂ ਅਤੇ ਉਨਟਾਰੀਓ ਕਬੱਡੀ ਫੈਡਰੇਸ਼ਨ ਦਾ ਧੰਨਵਾਦ ਕੀਤਾ। ਇਸ ਕੱਪ ਦੌਰਾਨ ਉਨਟਾਰੀਓ ਦੀ ਕਬੱਡੀ ਟੀਮ ਪਹਿਲੇ ਨੰਬਰ ਅਤੇ ਇੰਡੀਆ ਦੀ ਟੀਮ ਦੂਜੇ ਨੰਬਰ ‘ਤੇ ਰਹੀ। ਜਦੋਂ ਕਿ ਇਸ ਕੱਪ ਵਿੱਚ ਕੁਲ 6 ਟੀਮਾਂ ਨੇ ਹਿੱਸਾ ਲਿਆ।
ਇਸ ਕਬੱਡੀ ਕੱਪ ਦੌਰਾਨ ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 25000 ਡਾਲਰ ਦਾ ਇਨਾਮ, ਦੂਜੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ 21000 ਡਾਲਰ ਦਾ ਇਨਾਮ ਅਤੇ ਸੈਮੀ ਫਾਈਨਲ ਦੀਆਂ ਜੇਤੂ ਟੀਮਾਂ ਨੂੰ 18-18 ਹਜ਼ਾਰ ਦੇ ਇਨਾਮ ਦਿੱਤੇ ਗਏ। ਜਦੋਂ ਕਿ ਕੱਪ ਵਿੱਚ ਹਿੱਸਾ ਲੈਣ ਵਾਲੀ ਹਰ ਇੱਕ ਟੀਮ ਨੂੰ 15-15 ਹਜ਼ਾਰ ਡਾਲਰ ਦੇ ਇਨਾਮ ਦਿੱਤੇ ਗਏ। ਕਬੱਡੀ ਕੱਪ ਦੌਰਾਨ ਜਿੱਥੇ ਬੈਸਟ ਰੇਡਰ ਬੰਟੀ ਟਿੱਬਾ ਅਤੇ ਬੈਸਟ ਜਾਫੀ ਫਰਿਆਦ ਨੂੰ ਕ੍ਰਮਵਾਰ 51-51 ਸੌ ਡਾਲਰ ਦੇ ਇਨਾਮ ਦਿੱਤੇ ਗਏ। ਉੱਥੇ ਹੀ ਰੈਫਰੀ ਸਾਬੀ ਜੰਡਾਲੀ, ਪੱਪੂ ਭਦੌੜ, ਨੀਟਾ ਸਰਾਏ, ਬਲਬੀਰ ਨਿੱਝਰ, ਬਿੰਨਾ ਅਤੇ ਕੁਮੈਟਰੀ ਕਰਨ ਵਾਲੇ ਸੱਜਣਾਂ ਸੁਰਜੀਤ ਕਕਰਾਲੀ ਅਤੇ ਇਕਬਾਲ ਗਾਲਬ ਨੂੰ ਜਰਨੈਲ ਸਿੰਘ ਮੰਡ, ਕਾਲਾ ਹਾਂਸ, ਧੀਰਾ ਨਿੱਝਰ, ਤੇਜਿੰਦਰ ਨਿੱਝਰ ਵੱਲੋਂ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਟਰੋ ਕਬੱਡੀ ਕਲੱਬ ਦੇ ਪ੍ਰਧਾਨ ਕਾਲਾ ਹਾਂਸ, ਜਰਨੈਲ ਮੰਡ, ਪਿੰਕੀ ਢਿੱਲੋਂ, ਮਲਕੀਤ ਦਿਓਲ, ਬੂਟਾ ਚਾਹਲ, ਕਰਨੈਲ ਮੰਡ, ਤ੍ਰਿਲੋਚਨ ਮੰਡ, ਗੋਗਾ ਗਹੁੰਣੀਆ, ਬਲਰਾਜ ਚੀਮਾ, ਭਿੰਦਰ ਸੇਖੋਂ, ਪਾਲਾ ਗਹੁੰਣੀਆ, ਲੱਖੀ, ਬਿੱਲੂ ਸਮਰਾ ਅਤੇ ਸਮੁੱਚੀ ਟੀਮ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੋਕਾਂ ਵਿੱਚ ਖਿਡਾਰੀਆਂ ਪ੍ਰਤੀ ਏਨਾ ਜ਼ੋਸ਼ ਸੀ ਕਿ ਹਰ ਜੱਫੇ ‘ਤੇ 11-11 ਸੌ ਡਾਲਰ ਵੀ ਲਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ਼ ਪਹੁੰਚੇ ਤੇਜਿੰਦਰ ਸਿੰਘ ਨਿੱਝਰ ਦਾ ਵੀ ਕਲੱਬ ਵੱਲੋਂ ਮਾਣ ਸਨਮਾਨ ਕੀਤਾ ਗਿਆ।

 

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …