5.1 C
Toronto
Thursday, November 6, 2025
spot_img
Homeਕੈਨੇਡਾਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਗਾਲਾ ਡਿਨਰ ਦਾ ਆਯੋਜਨ

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਗਾਲਾ ਡਿਨਰ ਦਾ ਆਯੋਜਨ

ਬਰੈਂਪਟਨ/ਡਾ. ਝੰਡ : ਪੀ.ਐੱਸ.ਬੀ. ਸੀਨੀਅਰਜ਼ ਕਲੱਬ (ਕੈਨੇਡਾ) ਵੱਲੋਂ 10 ਨਵੰਬਰ ਦੀ ਰਾਤ ਨੂੰ ਸ਼ਿੰਗਾਰ ਬੈਂਕੁਇਟ ਹਾਲ ਵਿਖੇ ਗਾਲਾ ਡਿਨਰ ਦਾ ਸਫ਼ਲਤਾ-ਪੂਰਵਕ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਭਾਗ ਲਿਆ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਸਾਰੇ ਮੈਂਬਰਾਂ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ-ਆਇਆਂ ਕਿਹਾ ਗਿਆ। ਇਸ ਮੌਕੇ ਹੋਈਆਂ ਸੱਭਿਆਚਾਰਕ ਸਰਗ਼ਰਮੀਆਂ ਵਿਚ ਔਰਤਾਂ ਤੇ ਮਰਦ ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਬਰੈਂਪਟਨ ਦੇ ਮਸ਼ਹੂਰ ਗ਼ਜ਼ਲ-ਗਾਇਕ ਸੰਨੀ ਸ਼ਿਵਰਾਜ ਅਤੇ ਪੰਜਾਬ ਸਿੰਘ ਕਾਹਲੋਂ ਵੱਲੋਂ ਆਪਣੀਆਂ ਗ਼ਜ਼ਲਾਂ ਤੇ ਗੀਤਾਂ ਨਾਲ ਮੈਂਬਰਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਰੈਂਪਟਨ ਸ਼ਹਿਰ ਨਾਲ ਸਬੰਧਿਤ ਇਹ ਕਲੱਬ ਤਿੰਨ ਸਾਲ ਪਹਿਲਾਂ ਹੋਂਦ ਵਿਚ ਆਈ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਲੱਬ ਦੇ ਉੱਪ-ਪ੍ਰਧਾਨ ਗਿਆਨ ਪਾਲ ਨੇ ਕਿਹਾ ਕਿ ਇਸ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵਿਚ ਅਸੀਂ ਉਮਰ ਦੇ ਅਗਲੇ ਪੜਾਅ ਵੱਲ ਵੱਧ ਰਹੇ ਆਪਣੇ ਸੀਨੀਅਰ ਮੈਂਬਰਾਂ ਨੂੰ ਸਿਹਤਮੰਦ ਅਤੇ ਊਰਜਾ-ਭਰਪੂਰ ਰਹਿਣ ਦੇ ਨਾਲ ਨਾਲ ਕਮਿਊਨਿਟੀ ਦੇ ਨਾਲ ਨੇੜਤਾ ਬਣਾਈ ਰੱਖਣ ਲਈ ਪ੍ਰੇਰਨਾ ਕਰਦੇ ਹਾਂ। ਇਸ ਦੇ ਨਾਲ ਉਨ੍ਹਾਂ ਦੀ ਉਮਰ ਵਿਚ ਵਾਧਾ ਹੁੰਦਾ ਹੈ ਅਤੇ ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਚੁਸਤ-ਦਰੁੱਸਤ ਰਹਿੰਦੇ ਹਨ। ਇਸ ਦੇ ਨਾਲ ਹੀ ਜਿਹੜੇ ਮੈਂਬਰ ਆਪਣੇ ਘਰਾਂ ਵਿੱਚ ਸੁਰੱਖ਼ਿਅਤ ਮਹਿਸੂਸ ਕਰਦੇ ਹੋਏ ਆਜ਼ਾਦਾਨਾ ਤੌਰ ‘ਤੇ ਰਹਿਣਾ ਚਾਹੁੰਦੇ ਹਨ, ਦੀ ਸਹਾਇਤਾ ਵੀ ਕੀਤੀ ਜਾਂਦੀ ਹੈ। ਕਲੱਬ ਦੇ ਸੈੱਕਟਰੀ ਹਰਚਰਨ ਸਿੰਘ ਨੇ ਮੈਂਬਰਾਂ ਨੂੰ ਦੱਸਿਆ ਕਿ ਕਲੱਬ ਦਾ ਅਗਲਾ ਈਵੈਂਟ ਨਿਆਗਰਾ ਫ਼ਾਲਜ਼ ਦਾ ਟੂਰ ਹੋਵੇਗਾ ਜਿਹੜਾ ਕਿ ਮੈਂਬਰਾਂ ਲਈ ਬਿਨਾਂ ਕਿਸੇ ਖ਼ਰਚੇ ਦੇ ਕੰਪਲੀਮੈਂਟਰੀ ਹੋਵੇਗਾ। ਜਿਹੜੇ ਮੈਂਬਰ ਇਸ ਟੂਰ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਇਸ ਦੇ ਬਾਰੇ ਕਲੱਬ ਦੇ ਕਾਰਜਕਾਰੀ ਡਾਇਰੈੱਕਟਰਾਂ ਨਾਲ ਸੰਪਰਕ ਕਰ ਸਕਦੇ ਹਨ।

RELATED ARTICLES
POPULAR POSTS