ਕੈਲੇਡਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ 30 ਜੁਲਾਈ ਦਿਨ ਸ਼ਨੀਵਾਰ ਨੂੰ ਕੈਲੇਡਨ ਈਸਟ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ-ਡੇਅ’ ਨਵੀਂ ਬਣੀ ਪਾਰਕ ਵਿਚ ਖੇਡ ਮੇਲੇ ਨੂੰ ਸਮਰਪਿਤ ਕਰਕੇ ਮਨਾਇਆ ਗਿਆ। ਖੇਡ ਮੇਲੇ ਵਿਚ ਬੱਚਿਆਂ ਅਤੇ ਬੀਬੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਵੱਖ-ਵੱਖ ਈਵੈਂਟਸ ਵਿਚ ਜੇਤੂ ਰਹਿਣ ਵਾਲਿਆਂ ਨੂੰ ਇਨਾਮ ਮੁੱਖ-ਮਹਿਮਾਨ ਕੈਲੇਡਨ ਦੀ ਰੀਜਨਲ ਕੌਂਸਲਰ ਜੈਨੀਫ਼ਰ ਇਨਿਸ ਵੱਲੋਂ ਤਕਸੀਮ ਕੀਤੇ ਗਏ।
ਇਸ ਤੋਂ ਪਹਿਲਾਂ ਮੁੱਖ-ਮਹਿਮਾਨ ਦਾ ਸੁਆਗ਼ਤ ਕਰਦਿਆਂ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਸਮੇਂ ਕੈਲੇਡਨ ਜੈਨੀਫ਼ਰ ਇਨਿਸ ਵਾਰਡ ਨੰਬਰ 3 ਤੇ 4 ਦੇ ਰੀਜਨਲ ਕੌਂਸਲਰ 24 ਅਕਤੂਬਰ ਨੂੰ ਹੋਣ ਵਾਲੀਆਂ ਮਿਊਂਸੀਪਲ ਚੋਣਾਂ ਵਿਚ ਕੈਲੇਡਨ ਸ਼ਹਿਰ ਦੇ ਮੇਅਰ ਦੇ ਉਮੀਦਵਾਰ ਹਨ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਇਨ੍ਹਾਂ ਚੋਣਾਂ ਵਿਚ ਜੈਨੀਫ਼ਰ ਇਨਿਸ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਖੇਡ-ਮੇਲਾ ਕਰਵਾਉਣ ਦਾ ਇਹ ਉਪਰਾਲਾ ਬੱਚਿਆਂ ਤੇ ਨੌਜਵਾਨਾਂ ਦੀ ਚੰਗੀ ਸਿਹਤ ਅਤੇ ਆਪਸੀ ਮਿਲਵਰਤਣ ਦੀ ਭਾਵਨਾ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਕੈਲੇਡਨ ਵਿਚ ਰਹਿੰਦੀਆਂ ਸਾਰੀਆਂ ਕਮਿਊਨਿਟੀਆਂ ਦੇ ਬੱਚਿਆਂ ਅਤੇ ਕਲੱਬ ਦੀਆਂ ਮਹਿਲਾ ਮੈਂਬਰਾਂ ਨੇ ਇਨ੍ਹਾਂ ਖੇਡ-ਮੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਦਰਸ਼ਕਾਂ ਦੇ ਰੂਪ ਵਿਚ ਕੈਲੇਡਨ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਇਸ ਮੌਕੇ ਕਈ ਦੂਸਰੀਆਂ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਵੀ ਪਹੁੰਚੇ ਹੋਏ ਸਨ। ਮੇਲੇ ਦੀ ਸਫਲਤਾ ਲਈ ਰਣਜੀਤ ਸਿੰਘ ਔਲਖ ਅਤੇ ਗੁਰਬਖ਼ਸ਼ ਸਿੰਘ ਬਰਾੜ ਵੱਲੋਂ ਵੱਡਾ ਸਹਿਯੋਗ ਦਿੱਤਾ ਗਿਆ। ਖੇਡ-ਮੇਲੇ ਦੇ ਸਮੁੱਚੇ ਪ੍ਰੋਗਰਾਮ ਦੌਰਾਨ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦੀਆਂ ਵਸਤਾਂ ਅਤੇ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਅਤੇ ਕਲੱਬ ਦੀਆਂ ਸਰਗਰਮੀਆਂ ਸਬੰਧੀ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੂੰ 647-614-3501 ਜਾਂ ਮੀਤ-ਪ੍ਰਧਾਨ ਮੁਖ਼ਤਿਆਰ ਸਿੰਘ ਹੁੰਦਲ ਨੂੰ 416-941-3406 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …