Breaking News
Home / ਕੈਨੇਡਾ / ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ‘ਚ ਗੁਰ ਪੁਰਬ ਦੀਆਂ ਰੌਣਕ

ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ‘ਚ ਗੁਰ ਪੁਰਬ ਦੀਆਂ ਰੌਣਕ

ਟੋਰਾਂਟੋ/ਪੂਰਨ ਸਿੰਘ ਪਾਂਧੀ : ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ਵਿਖੇ ਲੰਘੇ ਮੰਗਲਵਾਰ ਗੁਰੂ ਨਾਨਕ ਸਾਹਿਬ ਦਾ 550ਵਾਂ ਅਵਤਾਰ ਪੁਰਬ ਪੂਰੇ ਸਤਿਕਾਰ ਨਾਲ਼ ਮਨਾਇਆ ਗਿਆ। ਮਾਤਾ ਪ੍ਰਕਾਸ਼ ਕੌਰ ਤੇ ਸ. ਚੈਨ ਸਿੰਘ ਦੇ ਦੋ ਪਰਵਾਰਾਂ ਵੱਲੋਂ ਦੋ ਅਖੰਡਪਾਠਾਂ ਦੇ ਭੋਗ ਪਾਏ।
ਬੀਬੀ ਜਸਵੀਰ ਕੌਰ ਵੱਲੋਂ ਸਹਿਜ ਪਾਠ ਦਾ ਭੋਗ ਪਾਇਆ। ਉਪਰੰਤ ਰਾਗੀ ਜੱਥਾ ਰਾਗੀ ਭਾਈ ਜਗਦੀਪ ਸਿੰਘ, ਭਾਈ ਪਰਦੁੰਮਨ ਸਿੰਘ ਦੇ ਜੱਥੇ ਨੇ ਰਸ ਭਿੰਨਾਂ ਕੀਰਤਨ ਕੀਤਾ। ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਢਾਡੀ ਜੱਥੇ ਨੇ ਸੁਰੀਲੀਆਂ ਧੁਨਾਂ ਤੇ ਪ੍ਰਭਾਵਸ਼ਾਲੀ ਅਵਾਜ਼ਾਂ ਦੁਆਰਾ ਗੁਰੂ ਨਾਨਕ ਸਾਹਿਬ ਦੇ ਗੁਣ ਗਾਇਨ ਕੀਤੇ। ਪ੍ਰਸਿੱਧ ਵਿਦਵਾਨ ਕਥਾਵਾਚਕ ਗਿਆਨੀ ਸਹਿਦੇਵ ਸਿੰਘ ਦਿੱਲੀ ਵਾਲਿਆਂ ਨੇ ਗੁਰੂ ਸਾਹਿਬ ਦੀ ਸਿਖਿਆ, ਸਿਧਾਂਤ ਤੇ ਜੀਵਨ ਬਾਰੇ ਭਾਵਪੂਰਤ ਵਿਆਖਿਆ ਕੀਤੀ। ਗੁਰਦੇਵ ਸਿੰਘ ਮਾਨ ਤੇ ਪੂਰਨ ਸਿੰਘ ਪਾਂਧੀ ਨੇ ਗੁਰੂ ਸਾਹਿਬ ਦੀ ਬਾਣੀ ਦਾ ਯਥਾਰਥਵਾਦੀ, ਵਿਸਮਾਦੀ ਤੇ ਰੁਹਾਨੀ ਸੰਦੇਸ਼ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਰਾਗ-ਪ੍ਰਬੰਧ ਦੀ ਮਹਾਨਤਾ ਬਾਰੇ ਬੋਲ ਸਾਂਝੇ ਕੀਤੇ।
ਠਾਠਾਂ ਮਾਰਦੇ ਸੰਗਤ ਦੇ ਇਕੱਠ ਵਿਚ ਉਦੋਂ ਨਵਾਂ ਉਤਸ਼ਾਹ ਦੇਖਣ ਨੂੰ ਮਿਲਿਆ; ਜਦੋਂ ਭਾਰਤੀ ਕੌਂਸਲੇਟ ਜਨਰਲ ਮੈਡਮ ਅਪੂਰਵਾ ਸ੍ਰੀਵਾਸਤਵਾ ਗੁਰਦੁਆਰਾ ਸਾਹਿਬ ਵਿਚ ਪਹੁੰਚੇ ਅਤੇ ਸੰਗਤ ਵਿਚ ਸ਼ਾਮਲ ਹੋਏ।
ਇਸ ਤੋਂ ਇਲਾਵਾ ਇਨ੍ਹਾਂ ਨਾਲ਼ ਇਨ੍ਹਾਂ ਦੇ ਦਫਤਰ ਦੇ ਬਹੁਤ ਸਾਰੇ ਉੱਚ ਅਧਿਕਾਰੀ, ਲੇਬਰ ਪਾਰਟੀ ਦੀ ਧੜੱਲੇਦਾਰ ਆਗੂ, ਐਮ. ਪੀ. ਮੈਡਮ ਕ੍ਰਿਸਟੀ ਡੰਕਨ ਅਤੇ ਟਰਾਂਟੋ ਦੇ ਬਹੁਤ ਸਾਰੇ ਪ੍ਰਸਿੱਧ ਵਿਅਕਤੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਅਪਾਰ ਸ਼ਰਧਾ ਸਤਿਕਾਰ ਨਾਲ ਨਤਮਸਤਕ ਹੋਏ, ਸੰਗਤ ਵਿਚ ਹਾਜ਼ਰੀ ਭਰੀ ਅਤੇ ਗੁਰਪੁਰਬ ਦੀਆਂ ਸ਼ਰਧਾ ਤੇ ਭਾਵਨਾ ਭਰੀਆਂ ਹਾਰਦਕ ਵਧਾਈਆਂ ਅਰਪਨ ਕੀਤੀਆਂ। ਵਿਸ਼ੇਸ਼ ਗੱਲ ਇਹ ਕਿ ਇਸ ਸਮੇ ਭਾਰਤੀ ਕੌਂਸਲੇਟ ਦੇ ਦਫਤਰ ਦੁਆਰਾ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੀ ਸਿਖਿਆ, ਸਿਧਾਂਤ ਤੇ ਸੰਦੇਸ਼ ਬਾਰੇ ਇੱਕ ਬਹੁਤ ਪ੍ਰਭਾਵਸ਼ਾਲੀ ਡਾਕੂਮਿੰਟਰੀ ਫਿਲਮ ਦਿਖਾਈ ਗਈ। ਪਾਠਾਂ ਦੀ ਸੇਵਾ ਕਰਨ ਵਾਲੇ ਪਰਿਵਾਰਾਂ ਨੂੰ ਅਤੇ ਉੱਚ ਅਧਿਕਾਰੀ ਹਸਤੀਆਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪੇ ਬਖਸ਼ਿਸ਼ ਕੀਤੇ ਗਏ। ਸਭ ਨੇ ਸੰਗਤ ਵਿਚ ਬੈਠ ਕੇ ਲੰਗਰ ਛਕਿਆ। ਸਾਰਾ ਦਿਨ ਹਰਿ ਜਸ ਹੁੰਦਾ ਰਿਹਾ। ਸੰਗਤ ਦੀਵਾਨ ਦਾ ਅਨੰਦ ਮਾਣਦੀ ਰਹੀ, ਗੁਰੂ ਕਾ ਅਤੁੱਟ ਲੰਗਰ ਵਰਤਦਾ ਰਿਹਾ। ਗੁਰੂ ਸਾਹਿਬ ਦੇ ਅਵਤਾਰ ਪੁਰਬ ਦੀਆਂ ਮੁਬਾਰਕਾਂ ਹੁੰਦੀਆਂ ਰਹੀਆਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …