Breaking News
Home / ਕੈਨੇਡਾ / ਸੁਮੀਤਪਾਲ ਕੌਰ ਨੇ ਚਮਕਾਇਆ ਕੈਨੇਡਾ ‘ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਾਮ

ਸੁਮੀਤਪਾਲ ਕੌਰ ਨੇ ਚਮਕਾਇਆ ਕੈਨੇਡਾ ‘ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਾਮ

ਟੋਰਾਂਟੋ : ਕੈਨੇਡਾ ਦੇ ਸ਼ਹਿਰ ਸਰੀ, ਜੋ ਕਿ ਪੰਜਾਬੀਆਂ ਦੀ ਭਰਵੀਂ ਵਸੋਂ ਵਾਲਾ ਇਲਾਕਾ ਹੈ, ਵਿਖੇ ਉਥੋਂ ਦੇ ਪ੍ਰਸਿੱਧ ਸਮਾਜਸੇਵੀ ਸੁੱਖੀ ਬਾਠ ਵਲੋਂ ਆਪਣੇ ਪਿਤਾ ਅਰਜਨ ਸਿੰਘ ਦੀ ਯਾਦ ਨੂੰ ਸਮਰਪਤ, ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ, ਪੰਜਾਬ ਭਵਨ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਸਾਹਿਤ ਤੇ ਸੱਭਿਆਚਾਰਕ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦੀ ਪ੍ਰਧਾਨਗੀ ਡਾ. ਐਸ. ਪੀ. ਸਿੰਘ, ਸਾਬਕਾ ਉਪ-ਕੁਲਪਤੀ ਗੁਰੂ ਨਨਾਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਨੇ ਕੀਤੀ।
ਇਸ ਸੰਮੇਲਨ ਵਿਚ ਭਾਰਤ, ਪਾਕਿਸਤਾਨ, ਯੂਰਪ, ਆਸਟਰੇਲੀਆ ਤੇ ਉੱਤਰੀ ਅਮਰੀਕਾ ਤੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੇ ਬੁੱਧੀ ਜੀਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ, ਜਿਨ੍ਹਾਂ ਨੇ ਵੱਖ ਵੱਖ ਵਿਸ਼ਿਆਂ, ਜਿਵੇਂ; ‘ਗੁਰੂ ਨਾਨਕ ਬਾਣੀ ਵਿਚ ਸਰਬ ਸਾਂਝੀਵਾਲਤਾ ਦਾ ਸੰਕਲਪ’, ‘ਪੰਜਾਬੀ ਸਾਹਿਤ, ਵਿਰਸਾ, ਵਰਤਮਾਨ ਤੇ ਰੁਝਾਨ’, ‘ਪੰਜਾਬੀ ਸਾਹਿਤ ਵਿਚ ਆਸ਼ਾਵਾਦ ਦੀ ਪ੍ਰਵਿਰਤੀ’ ਅਤੇ ‘ਅੰਤਰਰਾਸ਼ਟਰੀ ਵਿਦਿਆਰਥੀ: ਚੁਣੌਤੀਆਂ ਤੇ ਜ਼ਿੰਮੇਵਾਰੀਆਂ’ ਉੱਪਰ ਵਿਚਾਰ ਚਰਚਾ ਕੀਤੀ। ਦੋਵੇਂ ਦਿਨ ਚੱਲੇ ਕਵੀ ਦਰਬਾਰ ਤੇ ਅਨੀਤਾ ਸ਼ਬਦੀਸ਼ ਦੇ ਨਾਟਕਾਂ ਨੂੰ ਸਰੋਤਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੰਜਾਬ ਭਵਨ ਵਿਚ ਜਰਨੈਲ ਸਿੰਘ ਆਰਟਿਸਟ ਦੀ ਦੇਖ ਰੇਖ ਹੇਠ ਲਾਈ ਗਈ, ਪੰਜਾਬੀ ਚਿੱਤਰਕਾਰਾਂ ਦੀ ਚਿੱਤਰ ਪ੍ਰਦਰਸ਼ਨੀ, ਦਰਸ਼ਕਾਂ ਤੇ ਸਰੋਤਿਆਂ ਦੀ ਖਾਸ ਖਿੱਚ ਦਾ ਕਾਰਨ ਬਣੀ ਹੋਈ ਸੀ। ਇਸ ਪ੍ਰਦਰਸ਼ਨੀ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੀ ਫਾਈਨ ਆਰਟਸ ਦੀ ਲੈਕਚਰਾਰ ਸੁਮੀਤਪਾਲ ਕੌਰ, ਦੀ ਇਕ ਪੇਂਟਿੰਗ ਵੀ ਸ਼ਾਮਲ ਸੀ। ਕੈਂਬਰਿਜ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰਧਾਨ ਕੁਸ਼ਲਦੀਪ ਸਿੰਘ ਸਹਿਗਲ, ਮੀਤ ਪ੍ਰਧਾਨ ਡਾ. ਇਕਬਾਲ ਸਿੰਘ, ਜਨਰਲ ਸੈਕਟਰੀ ਗੁਰਦੇਵ ਸਿੰਘ ਤੇ ਪ੍ਰਿੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਨੇ ਸਮੀਤਪਾਲ ਕੌਰ ਨੂੰ ਵਧਾਈ ਦਿੱਤੀ ਅਤੇ ਸਕੂਲ ਦਾ ਨਾਂ ਚਮਕਾਉਣ ਲਈ ਉਸ ਦਾ ਧੰਨਵਾਦ ਵੀ ਕੀਤਾ। ਦਵਿੰਦਰਪਾਲ ਸਿੰਘ ਨੇ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਖਾਤਰ ਅਜਿਹੇ ਸੰਮੇਲਨ ਕਰਵਾਉਣ ਲਈ ਸੁੱਖੀ ਬਾਠ ਨੂੰ ਵਧਾਈ ਦਿੱਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …