Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਨੇ ਵਿਸਾਖੀ ਦਾ ਤਿਉਹਾਰ ਮਨਾਇਆ

ਰੈੱਡ ਵਿੱਲੋ ਕਲੱਬ ਨੇ ਵਿਸਾਖੀ ਦਾ ਤਿਉਹਾਰ ਮਨਾਇਆ

ਬਰੈਂਪਟਨ/ਹਰਜੀਤ ਬੇਦੀ
ਪੰਜਾਬੀ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਣ ਆਪਣੇ ਤਿੱਥ ਤਿਉਹਾਰ ਮਨਾਉਣੋਂ ਘੱਟ ਹੀ ਖੁੰਝਦੇ ਹਨ। ਬਰੈਂਪਟਨ ਦੀ ਨਾਮੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਪਿਛਲੇ ਹਫਤੇ ਰੈੱਡ ਵਿੱਲੋ ਪਬਲਿਕ ਸਕੂਲ ਵਿੱਚ ਰਲ ਮਿਲ ਕੇ ਵਿਸਾਖੀ ਦਾ ਤਿਉਹਾਰ ਮਨਾਇਆ। ਆਏ ਹੋਏ ਮਹਿਮਾਨਾਂ ਤੇ ਮੈਂਬਰਾਂ ਦੀ ਚਾਹ ਪਾਣੀ ਨਾਲ ਬੜੇ ਸੁਚੱਜੇ ਢੰਗ ਨਾਲ ਸੇਵਾ ਕੀਤੀ ਗਈ। ਮੈਂਬਰ ਖਾਣ ਪੀਣ ਦੇ ਨਾਲ ਆਪਣੇ ਮਿੱਤਰਾਂ ਨਾਲ ਗੱਲਾਂ ਬਾਤਾਂ ਵੀ ਸਾਂਝੀਆਂ ਕਰਦੇ ਰਹੇ।
ਇਸ ਉਪਰੰਤ ਸਕੱਤਰ ਮਾ: ਕੁਲਵੰਤ ਸਿੰਘ ਨੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਉਹਨਾਂ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਕਲੱਬ ਦੀ ਕਾਰਗੁਜਾਰੀ ਨੂੰ ਹੋਰ ਵਧੀਆ ਬਣਾਉਣ ਜਾਂ ਕਿਸੇ ਕਿਸਮ ਦੀ ਤਬਦੀਲੀ ਲਈ ਸੁਝਾਅ ਦਿੱਤੇ ਜਾਇਆ ਕਰਨ। ਇਸ ਤੋਂ ਬਾਅਦ ਰੀਜਨਲ ਕਾਊਂਸਲਰ ਪੈਟ ਫੋਰਟੀਨੀ ਨੇ ਦੱਸਿਆ ਕਿ ਸਿਟੀ ਕਾਊਂਸਲ ਦੇ ਸਾਰੇ ਮੈਂਬਰ ਮਿਲ ਕੇ ਲੋਕਾਂ ਖਾਸ ਕਰ ਕੇ ਸੀਨੀਅਰਜ਼ ਨੂੰ ਦਰਪੇਸ਼ ਮੁਸਕਲਾਂ ਦੇ ਹੱਲ ਲਈ ਕੰਮ ਕਰ ਰਹੇ ਹੇਨ। ਉਹਨਾਂ ਨੇੜ ਭਵਿੱਖ ਵਿੱਚ ਸਿਟੀ ਬੱਸਾਂ ਦੇ ਕਿਫਾਇਤੀ ਮਹੀਨਾਵਾਰ ਪਾਸ ਜਾਰੀ ਕਰਨ ਦੀ ਖੁਸ਼ਖਬਰੀ ਦਿੱਤੀ। ਉਸ ਨੇ ਇਹ ਵੀ ਦੱਸਿਆ ਕਿ ਦੁਰਘਟਨਾਵਾਂ ‘ਤੇ ਕਾਬੂ ਲਈ ਸਪੀਡ ਕੰਟਰੋਲ ਲਈ ਕੈਮਰੇ ਲਗਾਏ ਜਾ ਰਹੇ ਹਨ। ਅਮਰਜੀਤ ਸ਼ਰਮਾ ਨੇ ਵਿਸਾਖੀ ਅਤੇ ਰੁੱਤਾਂ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਉਸ ਨੇ ਇਹ ਮੰਗ ਵੀ ਜਾਹਰ ਕੀਤੀ ਕਿ 65 ਸਾਲ ਦੀ ਉਮਰ ਵਿੱਚ ਸਭ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ। ਇਸ ਦੌਰਾਨ ਨਿਰਮਲਾ ਪਰਾਸ਼ਰ ਨੇ ਆਪਣੇ ਖਾਸ ਅੰਦਾਜ ਵਿੱਚ ਭਜਨ ਪੇਸ਼ ਕੀਤਾ।
ਜੰਗੀਰ ਸਿੰਘ ਸੈਂਭੀ ਨੇ ਸਿਹਤ ਸੰਭਾਲ ਬਾਰੇ ਗੱਲ ਕਰਦਿਆਂ ਐਕਟਿਵ ਅਸਿਸਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਸਸਤੀਆਂ ਫਿਉਨਰਲ ਸੇਵਾਵਾਂ ਬਾਰੇ ਵਿਸਥਾਰ ਨਾਲ ਵਿਚਾਰ ਰੱਖੇ। ਪਿਛਲੇ ਕਈ ਸਾਲਾਂ ਤੋਂ ਰੈੱਡ ਵਿੱਲੋ ਕਲੱਬ ਦੇ ਕਾਫੀ ਮੈਂਬਰਾਂ ਵਲੋਂ ਵਾਲੰਟੀਅਰ ਤੌਰ ‘ਤੇ ਕੀਤੀ ਜਾ ਰਹੀ ਨੇਬਰਹੁੱਡ ਕਲੀਨਿੰਗ ਦੀ ਸ਼ਲਾਘਾ ਕਰਦਿਆਂ ਸੁਝਾਅ ਦਿੱਤਾ ਕਿ ਹੋਰ ਮੈਂਬਰਾਂ ਨੂੰ ਵੀ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਕਲੱਬ ਦੇ ਮੈਂਬਰ ਅਤੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਐਸੋਸੀਏਸ਼ਨ ਵਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆਂ ਕਿ 65 ਸਾਲ ਪੂਰੇ ਹੋਣ ਤੇ ਜੋ ਸੀਨੀਅਰਜ ਜੋ ਪੈਨਸ਼ਨ ਤੋਂ ਵਾਂਝੇ ਹੁੰਦੇ ਹਨ ਉਹਨਾਂ ਦੇ ਗੁਜਾਰੇ ਭੱਤੇ ਵਾਸਤੇ ਐਸੋਸੀਏਸ਼ਨ ਜਦੋ ਜਹਿਦ ਕਰ ਰਹੀ ਹੈ। ਅੰਤ ਵਿੱਚ ਹਰਦੇਵ ਸਿੰਘ ਨਾਗਪਾਲ ਅਤੇ ਗੁਰਚਰਨ ਸਿੰਘ ਰੈਹਲ ਦੀ ਮਾਤਾ ਦੇ ਸਦੀਵੀ ਵਿਛੋੜੇ ਸਬੰਧੀ ਸ਼ੋਕ ਮਤੇ ਪਾਸ ਕਰਕੇ ਉਹਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਿੱਥੇ ਸਮੂਹ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਕੇ ਸਹਿਯੋਗ ਦਿੱਤਾ ਉੱਥੇ ਮਹਿੰਦਰ ਕੌਰ ਪੱਡਾ, ਬਲਜੀਤ ਸੇਖੋਂ, ਪਰਕਾਸ਼ ਕੌਰ, ਉੱਪ ਪਰਧਾਨ ਅਮਰਜੀਤ ਸਿੰਘ, ਜੋਗਿੰਦਰ ਸਿੰਘ ਪੱਡਾ, ਸ਼ਿਵਦੇਵ ਰਾਏ, ਬਲਵੰਤ ਕਲੇਰ, ਹਿੰਮਤ ਸਿੰਘ ਲੱਛੜ ਨੇ ਪ੍ਰੋਗਰਾਮ ਦੇ ਪ੍ਰਬੰਧ ਲਈ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਤੇ ਸਟੇਜ ਸਕੱਤਰ ਮਾ: ਕੁਲਵੰਤ ਸਿੰਘ ਨੇ ਸਾਰੇ ਮੈਂਬਰਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਲਈ ਕਲੱਬ ਵਲੋਂ ਧੰਨਵਾਦ ਕੀਤਾ । ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪ੍ਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਉੱਪ-ਪਰਧਾਨ ਅਮਰਜੀਤ ਸਿੰਘ 416-268-6821, ਪਰਮਜੀਤ ਬੜਿੰਗ 647-963-0331, ਜੋਗਿੰਦਰ ਸਿੰਘ ਪੱਡਾ 416-219-2542 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …