ਬਰੈਂਪਟਨ/ਡਾ. ਝੰਡ : ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਸ਼ਨੀਵਾਰ 18 ਮਈ ਨੂੰ ਮਿਲ ਕੇ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਚ ਸ਼ਾਮ ਦੇ 4.00 ਤੋਂ 6.00 ਤੱਕ ਮਦਰਜ਼ ਡੇਅ ਦਾ ਆਯੋਜਨ ਕੀਤਾ ਗਿਆ।
ਇਸ ਗਰਮੀਆਂ ਦੇ ਮੌਸਮ ਦਾ ਇਹ ਪਹਿਲਾ ਸਮਾਗ਼ਮ ਹੋਣ ਕਾਰਨ ਇਸ ਵਿਚ ਕਲੱਬ ਦੇ ਮਰਦ ਤੇ ਔਰਤ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਵਾਰਡ ਨੰਬਰ 9-10 ਦੇ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਹਰਕੀਰਤ ਸਿੰਘ ਤੇ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਮੁੱਖ-ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਨੇ ਆਪਣੇ ਸੰਬੋਧਨਾਂ ਵਿਚ ‘ਮਾਂ-ਦਿਵਸ’ ਦੀ ਮਹਾਨਤਾ ਬਾਰੇ ਚਾਨਣਾ ਪਾਇਆ ਅਤੇ ਮਾਂ ਦੇ ਨਿਰਛੱਲ ਤੇ ਬੇ-ਗ਼ਰਜ਼ ਪ੍ਰੇਮ ਬਾਰੇ ਆਪਣੇ ਵਿਚਾਰ ਮੈਂਬਰਾਂ ਨਾਲ ਸਾਂਝੇ ਕੀਤੇ। ਉਪਰੰਤ, ਇਸ ਮੌਕੇ ਉਨ੍ਹਾਂ ਵੱਲੋਂ ਕਲੱਬ ਦੀ ਸੱਭ ਤੋਂ ਸੀਨੀਅਰ ਮੈਂਬਰ ਮਾਤਾ ਗੁਰਦੇਵ ਕੌਰ ਜਿਹੜੇ ਕਿ ਆਪਣੇ ਜੀਵਨ ਸਫ਼ਰ ਦੇ 92 ਵਰ੍ਹੇ ਪਾਰ ਕਰ ਚੁੱਕੇ ਹਨ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਪੂਰੀ ਤਰ੍ਹਾਂ ਤੰਦਰੁਸਤ ਤੇ ਚੁਸਤ-ਦਰੁਸਤ ਹਨ, ਨੂੰ ਕਲੱਬ ਵੱਲੋਂ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਾਰੇ ਮੈਂਬਰਾਂ ਤੇ ਮਹਿਮਾਨਾਂ ਵੱਲੋਂ ਉਨ੍ਹਾਂ ਦੀ ਲੰਮੀ ਤੇ ਤੰਦਰੁਸਤ ਉਮਰ ਦੀ ਦੁਆ ਮੰਗੀ ਗਈ। ਇਸ ਤੋਂ ਪਹਿਲਾਂ ਸਮਾਗ਼ਮ ਦੇ ਆਰੰਭ ਵਿਚ ਦਰਸ਼ਨ ਸਿੰਘ ਗਰੇਵਾਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਗਿਆ। ਸਮਾਗ਼ਮ ਦੇ ਅਖ਼ੀਰ ਵਿਚ ਚੇਅਰਮੈਨ ਜੋਗਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਦਾ ਇਸ ਸਮਾਗ਼ਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ ਅਤੇ ਫਿਰ ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਤੇ ਮਿੱਠਾ-ਸਲੂਣਾ ਛਕਿਆ ਤੇ ਘਰਾਂ ਵੱਲ ਚਾਲੇ ਪਾਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …