ਬਰੈਂਪਟਨ/ਡਾ ਝੰਡ : ਲੰਘੇ ਬੁੱਧਵਾਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਦੋ ਦਿਨ ਪਹਿਲਾਂ ਲੰਘੇ ਕ੍ਰਿਸਮਸ ਦੇ ਤਿਓਹਾਰ ਦੀ ਖ਼ੁਸ਼ੀ ਸਾਂਝੀ ਕਰਨ ਅਤੇ ਨਵੇਂ ਸਾਲ ਨੂੰ ‘ਜੀ ਆਇਆਂ’ ਕਹਿਣ ਲਈ ਕਲੱਬ ਦੇ ਸਰਗ਼ਰਮ ਮੈਂਬਰ ਕੇਸਰ ਸਿੰਘ ਬੜੈਚ ਦੇ ਘਰ ਵਿਚ ਪਾਰਟੀ ਕੀਤੀ। ਤੈਅ-ਸ਼ੁਦਾ ਪ੍ਰੋਗਰਾਮ ਅਨੁਸਾਰ ਸ਼ਾਮ ਨੂੰ ਸੱਤ ਕੁ ਵਜੇ ਸਾਰੇ ਮੈਂਬਰ ਉਸ ਮੈਂਬਰ ਦੇ ਘਰ ਪਹੁੰਚ ਗਏ ਅਤੇ ਖੁੱਲ੍ਹੀ-ਡੁੱਲ੍ਹੀ ਬੇਸਮੈਂਟ ਵਿਚ ਪਹਿਲਾਂ ਹੀ ਸਲੀਕੇ ਨਾਲ ਸਜਾਈਆਂ ਹੋਈਆਂ ਕੁਰਸੀਆਂ ਤੇ ਸੋਫ਼ਿਆਂ ‘ਤੇ ਬਿਰਾਜਮਾਨ ਹੋ ਗਏ।
‘ਠੰਢੇ-ਤੱਤੇ’ ਸਵਾਦੀ ਖਾਧ-ਪਦਾਰਥਾਂ ਦੇ ਸੇਵਨ ਦੇ ਨਾਲ ਨਾਲ ਹਲਕੀਆਂ-ਫੁਲਕੀਆਂ ਗੱਲਾਂ-ਬਾਤਾਂ ਦਾ ਦੌਰ ਚੱਲਦਾ ਰਿਹਾ ਜਿਸ ਦੌਰਾਨ ਚੁਟਕਲੇ ਅਤੇ ਹਾਸਰਸ-ਭਰਪੂਰ ਹੱਡ-ਬੀਤੀਆਂ ਘਟਨਾਵਾਂ ਦੇ ਦਿਲਚਸਪ ਵਰਨਣ ਦਾ ਬੋਲ-ਬਾਲਾ ਰਿਹਾ। ਮਾਹੌਲ ਨੂੰ ਬਦਲਦਿਆਂ ਹੋਇਆਂ ਕੁਝ ਮੈਂਬਰਾਂ ਵੱਲੋਂ ਕੁਝ ਗੀਤ ਤੇ ਗ਼ਜ਼ਲਾਂ ਗਾ ਕੇ ਵੀ ਸਾਰਿਆਂ ਦਾ ਮਨ-ਪ੍ਰਚਾਵਾ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਮਈ ਮਹੀਨੇ ਵਿਚ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ’ ਵੱਲੋਂ ਕਰਵਾਈ ਜਾਣ ਵਾਲੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਲਈ ਉਸ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਅਤੇ ਇਸ ਮੈਰਾਥਨ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਗਿਆ।
ਕੁਝ ਮੈਂਬਰਾਂ ਦਾ ਵਿਚਾਰ ਸੀ ਕਿ ਇਸ ਵਿਚ ਸਾਰੇ ਮੈਂਬਰਾਂ ਵੱਲੋਂ ਆਪਣੇ ਬੱਚਿਆਂ ਨੂੰ ਵੀ ਇਸ ਈਵੈਂਟ ਵਿਚ ਜ਼ਰੂਰ ਸ਼ਾਮਲ ਕੀਤਾ ਜਾਵੇ ਤਾਂ ਜੋ ਇਸ ਵਿਚ ਬੱਚਿਆਂ ਦੀ ਸ਼ਮੂਲੀਅਤ ਵੱਧ ਤੋਂ ਵੱਧ ਹੋ ਸਕੇ। ਇੱਥੇ ਇਹ ਜ਼ਿਕਰਯੋਗ ਹੈ ਕਿ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਦੇ ਮੁੱਖ-ਪ੍ਰਬੰਧਕ ਅਤੇ ਉਨ੍ਹਾਂ ਦੇ ਸਹਿਯੋਗੀ ਕਮਿਊਨਿਟੀ ਵੱਲੋਂ ਸਫ਼ਲਤਾ-ਪੂਰਵਕ ਚਲਾਏ ਜਾ ਰਹੇ ਖ਼ਾਲਸਾ ਸਕੂਲਾਂ ਵਿਚ ਜਾ ਕੇ ਆਪਣੇ ਤੌਰ ‘ਤੇ ਪ੍ਰਿੰਸੀਪਲ ਸਾਹਿਬਾਨ ਨੂੰ ਮਿਲ ਕੇ ਬੱਚਿਆਂ ਨੂੰ ਇਸ ਈਵੈਂਟ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਵੀ ਉਪਰਾਲਾ ਕਰ ਰਹੇ ਹਨ। ਇਸ ਮੌਕੇ ਇਸ ‘ਰੱਨਰਜ਼ ਕਲੱਬ’ ਦੇ ਮੋਢੀ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਇਸ ਦਸੰਬਰ ਮਹੀਨੇ ਵਿਚ ਕਲੱਬ ਦੇ 19 ਨਵੇਂ ਮੈਂਬਰ ਬਣਨ ਨਾਲ ਮੈਂਬਰਸ਼ਿਪ ਫ਼ੀਸ ਦੇਣ ਵਾਲੇ ਪੱਕੇ ਰੈਗੂਲਰ ਮੈਂਬਰਾਂ ਦੀ ਗਿਣਤੀ 55 ਹੋ ਗਈ ਹੈ ਅਤੇ ਇਨ੍ਹਾਂ ਤੋਂ ਇਲਾਵਾ ਕੁਝ ਮੈਂਬਰ ਆਉਣ-ਜਾਣ ਵਾਲੇ ‘ਆੱਨਰੇਰੀ’ ਵੀ ਹਨ। ਪਿਛਲੇ ਸਾਲ 24 ਮਈ 2017 ਨੂੰ ਹੋਈ ‘ਪੰਜਵੀਂ ਇਨਸਪੀਰੇਸ਼ਨਲ ਸਟੈੱਪਸ’ ਮੈਰਾਥਨ ਦੌੜ ਵਿਚ ਇਸ ਕਲੱਬ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ 100 ਤੋਂ ਵਧੀਕ ਮੈਂਬਰਾਂ ਨੇ ਹਿੱਸਾ ਲਿਆ ਸੀ। ਇਸ ਮੌਕੇ ਹਾਜ਼ਰੀਨ ਵਿਚ ‘ਟੋਰਾਂਟੋ ਗਰੇਟਰ ਮੌਰਟਗੇਜਜ਼’ ਦੇ ਬਲਜਿੰਦਰ ਲੇਲਣਾ, ਜਸਪਾਲ ਗਰੇਵਾਲ, ਗੈਰੀ ਗਰੇਵਾਲ, ਧਿਆਨ ਸਿੰਘ ਸੋਹਲ, ਜੈਪਾਲ ਸਿੱਧੂ, ਹਰਜੀਤ ਬੇਦੀ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਜਸਵੀਰ ਪਾਸੀ, ਸੁਖਦੇਵ ਸੰਧੂ, ਗੁਰਮੇਜ ਰਾਏ, ਰਾਕੇਸ਼ ਸ਼ਰਮਾ, ਦਵਿੰਦਰ ਅਟਵਾਲ ਸਮੇਤ 40 ਮੈਂਬਰ ਹਾਜ਼ਰ ਸਨ। ਪੰਜਾਬ ਤੋਂ ਆਏ ਹਰੀ ਸਿੰਘ ਤਹਿਸੀਲਦਾਰ ਇਸ ਪਾਰਟੀ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ।
Home / ਕੈਨੇਡਾ / ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਨੇ ਨਵੇਂ ਸਾਲ 2018 ਦੇ ਆਗਮਨ ਦੀ ਖ਼ੁਸ਼ੀ ਵਿਚ ਕੀਤੀ ਡਿਨਰ ਪਾਰਟੀ
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …