ਬਰੈਂਪਟਨ/ਪਰਵਾਸੀ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪਿਛਲੇ ਦਿਨੀਂ ਆਯੋਜਿਤ ਕੀਤੇ ਗਏ ‘ਕੈਨੇਡਾ ਇਨਵੈੱਸਟਮੈਂਟ’ ਦੌਰਾਨ ਦੇਸ਼ ਦੇ ਅਰਥਚਾਰੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੂੰਜੀ ਨਿਵੇਸ਼ ਨੂੰ ਭਰਵਾਂ ਹੁੰਗਾਰਾ ਮਿਲਿਆ। ਕੈਨੇਡਾ ਦੇ ਬਿਜ਼ਨੈੱਸ, ਇਨਫ਼ਰਾਸਟਰੱਕਚਰ, ਨਵੀਂ ਖੋਜ, ਨਾਜ਼ੁਕ ਧਾਤਾਂ ਅਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਖ਼ੇਤਰਾਂ ਵਿੱਚ ਹੋਰ ਵਿਕਾਸ ਲਈ ਵੱਖ-ਵੱਖ ਵਿੱਤੀ ਅਦਾਰਿਆਂ ਵੱਲੋਂ 500 ਬਿਲੀਅਨ ਡਾਲਰ ਪੂੰਜੀ-ਨਿਵੇਸ਼ ਦੀ ਨਵੀਂ ਵਚਨਬੱਧਤਾ ਹੋਈ। ਇਸ ਸੰਮਿੱਟ ਵਿੱਚ 30 ਦੇਸ਼ਾਂ ਤੋਂ ਵੱਖ-ਵੱਖ ਅਦਾਰਿਆਂ ਦੇ ਨੁਮਾਂਇੰਦਿਆਂ ਵੱਲੋਂ ਕੈਨੇਡਾ ਦੇ ਮਜ਼ਬੂਤ ਅਰਥਚਾਰੇ ਵਿੱਚ ਭਰਪੂਰ ਭਰੋਸੇਯੋਗਤਾ ਵਿਖਾਈ ਗਈ ਜਿਨ੍ਹਾਂ ਦੀਆਂ ਸੰਪਤੀਆਂ 100 ਟ੍ਰਿਲੀਅਨ ਡਾਲਰਾਂ ਤੋਂ ਵੀ ਵਧੇਰੇ ਹਨ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੈਂਬਰ ਪਾਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਇਹ ਇਤਿਹਾਸਕ ਪੂੰਜੀ-ਨਿਵੇਸ਼ ਇਨ੍ਹਾਂ ਦੇਸ਼ਾਂ ਵੱਲੋਂ ਕੈਨੇਡਾ ਦੇ ਮਜ਼ਬੂਤ ਵਿਸ਼ਵਪੱਧਰੀ ਆਧਾਰ ਦਾ ਪ੍ਰਗਟਾਵਾ ਹੈ। ਉਹ ਕੈਨੇਡਾ ਵਿੱਚ ਨਵੀਆਂ ਉੱਚ-ਪੱਧਰੀ ਨੌਕਰੀਆਂ ਪੈਦਾ ਕਰਨ, ਇਨਫ਼ਰਾਸਟਰੱਕਚਰ ਨੂੰ ਮਜ਼ਬੂਤ ਕਰਨ ਅਤੇ ਉਦਯੋਗ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਣਗੇ, ਜਿਸ ਨਾਲ ਕੈਨੇਡਾ ਆਉਣ ਵਾਲੇ ਦਹਾਕਿਆਂ ਵਿੱਚ ਵਿਸ਼ਵ ਪੱਧਰ ‘ਤੇ ਇੱਕ ਮਜ਼ਬੂਤ ਧਿਰ ਵਜੋਂ ਸਾਹਮਣੇ ਆਏਗਾ।”
ਇਸ ਸੰਮਿੱਟ ਦਾ ਅਹਿਮ ਪਹਿਲੂ ਨਵੇਂ ‘ਪ੍ਰੋਡਕਟੀਵਿਟੀ ਮੈਗਾ ਡਿਡੱਕਸ਼ਨ’ ਬਾਰੇ ਐਲਾਨਨਾਮਾ ਹੈ ਜਿਸ ਵਿੱਚ ਬਿਜ਼ਨੈੱਸਾਂ ਨੂੰ ਵੱਡੇ ਪੱਧਰ ‘ਤੇ ਕਈ ਤਰ੍ਹਾਂ ਦੀਆਂ ਆਈਟਮਾਂ ਉੱਪਰ ਪੂੰਜੀ-ਨਿਵੇਸ਼ਾਂ ਵਿੱਚ ਟੈਕਸ ਦੀ ਛੋਟ ਦੀ ਆਗਿਆ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਸੌਫ਼ਟਵੇਅਰ, ਖੋਜ ਤੇ ਵਿਕਾਸ, ਕੰਪਿਊਟਰੀ ਸਾਜ਼ੋ-ਸਮਾਨ, ਫਾਈਬਰ-ਔਪਟਿਕ ਇਨਫ਼ਰਾਸਟਰੱਕਚਰ, ਟ੍ਰਾਂਸਪੋਰਟੇਸ਼ਨ ਅਤੇ ਐਨੱਰਜੀ ਪ੍ਰਾਜੈੱਕਟ ਸ਼ਾਮਲ ਹਨ।
ਇਸ ਨਾਲ ਨਵੇਂ ਬਿਜ਼ਨੈੱਸ ਇਨਵੈੱਸਟਮੈਂਟ ਉੱਪਰ ਕੈਨਡਾ ਸਰਕਾਰ ਦਾ ਮਾਰਜੀਨਲ ਟੈਕਸ 13% ਤੋਂ ਘਟਾ ਕੇ 6.4% ਕੀਤਾ ਜਾਏਗਾ, ਜਿਸ ਨਾਲ ਕੈਨੇਡਾ ਵਿਸ਼ਵ ਪੱਧਰ ‘ਤੇ ਇਨਵੈੱਸਟਮੈਂਟ ਲਿਆਉਣ ਵਾਲੇ ਮੁਕਾਬਲੇਬਾਜ਼ੀ ਵਿੱਚ ਉੱਪਰ ਵਾਲੇ ਦੇਸ਼ਾਂ ਵਿੱਚੋਂ ਇੱਕ ਬਣ ਜਾਏਗਾ। ਸੰਮਿੱਟ ਵਿੱਚ ਕੈਨੇਡਾ ਪੈੱਨਸ਼ਨ ਫ਼ੰਡਾਂ, ਫ਼ਾਈਨਾਨਸ਼ੀਅਲ ਇਨਸਟੀਚਿਊਸ਼ਨਾਂ ਅਤੇ ਇਨਵੈੱਸਟਮੈਂਟ ਫ਼ੰਡਾਂ ਵੱਲੋਂ ਵੱਡੇ ਪੂੰਜੀ-ਨਿਵੇਸ਼ ਲਈ ਵਚਨਬੱਧਤਾ ਵਿਖਾਈ ਗਈ ਹੈ, ਜਿਸ ਨਾਲ ਇਨਫ਼ਰਾਸਟਰੱਕਚਰ, ਐਡਵਾਂਸਡ ਮੈਨੂਫ਼ੈਕਚਰਿੰਗ, ਕਲੀਨ ਐਨਰਜੀ, ਕ੍ਰਿਟੀਕਲ ਮਿਨਰਲਜ਼, ਏ.ਆਈ. ਅਤੇ ਹੋਰ ਅਜਿਹੇ ਖ਼ੇਤਰਾਂ ਵਿੱਚ ਚੋਖਾ ਵਿਕਾਸ ਹੋਵੇਗਾ।
ਪੂੰਜੀ ਨਿਵੇਸ਼ ਲਈ ਇਨ੍ਹਾਂ ਕਮਿੱਟਮੈਂਟਾਂ ਵਿੱਚ ਹੇਠ ਲਿਖੇ ਅਦਾਰੇ ਸ਼ਾਮਲ ਹਨ :
*ਲੱਗਭੱਗ 100 ਬਿਲੀਅਨ ਡਾਲਰ ਕੈਨੇਡੀਅਨ ਪੈੱਨਸ਼ਨ ਫ਼ੰਡਾ, ਇਨਸ਼ੋਅਰੈਂਸ ਅਤੇ ਇਨਵੈੱਸਟ ਕਰਨ ਵਾਲੇ ਅਦਾਰਿਆਂ ਵੱਲੋਂ ਕ੍ਰਿਟੀਕਲ ਇਨਫ਼ਰਾਸਟਰੱਕਚਰ ਅਤੇ ਸਟਰੈਟਿਜਿਕ ਇੰਡਸਟਰੀ ਲਈ ਦਿੱਤੇ ਜਾਣਗੇ।
*ਲੱਗਭੱਗ 325 ਬਿਲੀਅਨ ਡਾਲਰ ਕੈਨੇਡਾ ਦੇ ਮੁੱਖ ਬੈਂਕਾਂ ਤੋਂ ਬਿਜ਼ਨੈੱਸਾਂ ਦੇ ਵਾਧੇ, ਇਨ੍ਹਾਂ ਦੇ ਆਧੁਨਿਕੀਕਰਨ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲੇਬਾਜ਼ੀ ਲਈ ਆਉਣਗੇ।
*ਹੋਰ 14 ਬਿਲੀਅਨ ਡਾਲਰ ਇਨਵੈਸਟਮੈਂਟ ਫ਼ੰਡਾਂ ਤੋਂ ਕੈਨੇਡੀਅਨ ਕੰਪਨੀਆਂ ਦੇ ਵਧੇ ਨੂੰ ਤੇਜ਼ ਕਰਨ, ਇਨਫ਼ਰਾਸਟਰੱਕਚਰ ਪ੍ਰਾਜੈੱਕਟਾਂ ਅਤੇ ਸਥਾਪਤੀ ਵੱਧ ਰਹੇ ਖ਼ੇਤਰ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਲਈ ਆਉਣਗੇ। ਸੰਮਿੱਟ ‘ਚ ਵੱਡੇ ਕੌਮੀ ਉਪਰਾਲਿਆਂ ਲਈ ਪੂੰਜੀ ਨਿਵੇਸ਼ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਵਿੱਚ ਸੈਸਕੈਚਵਨ ਵਿਖੇ 52.5 ਬਿਲੀਅਨ ਡਾਲਰ ਦੀ ਲਾਗਤ ਨਾਲ ਏ.ਆਈ. ਇਨਫ਼ਰਾਸਟਰੱਕਚਰ ਕਾਇਮ ਕਰਨਾ, ਪ੍ਰਾਈਵੇਟ ਅਦਾਰਿਆਂ ਕੋਲੋਂ ਪੂੰਜੀ ਨਿਵੇਸ਼ ਪ੍ਰਾਪਤ ਕਰਨਾ ਅਤੇਡਿਫ਼ੈਂਸ ਟੈਕਨਾਲੌਜੀਆਂ ਤੇ ਕ੍ਰਿਟੀਕਲ ਮਿਨਰਲਜ਼ ਦਾ ਵਿਕਾਸ ਕਰਨਾ ਸ਼ਾਮਲ ਹੈ। ਇਸ ਉੱਪਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਬਿਜ਼ਨੈੱਸਾਂ ਨੂੰ ਪੂੰਜੀ ਨਿਵੇਸ਼ ਕਰਨ, ਨਵੀ ਖੋਜ ਅਤੇ ਆਪਣੇ ਦੇਸ਼ ਵਿੱਚ ਹੀ ਵਿਕਾਸ ਕਰਨ ਲਈ ਉਤਸ਼ਾਹਿਤ ਕਰਨ ਨਾਲ ਕੈਨੇਡਾ ਦਾ ਅਰਥਚਾਰੇ ਵਿੱਚ ਲਚਕੀਲਾਪਨ ਆਏਗਾ ਅਤੇ ਸਾਰੇ ਦੇਸ਼ ਵਿੱਚ ਵਰਕਰਾਂ, ਪਰਿਵਾਰਾਂ ਤੇ ਕਮਿਊਨਿਟੀਆਂ ਦੇ ਲਈ ਨਵੇਂ ਮੌਕੇ ਪੈਦਾ ਹੋਣ ਵਿੱਚ ਮਦਦ ਮਿਲੇਗੀ।”
ਕੈਨੇਡਾ ਦੀ ਆਰਥਿਕ ਤਾਕਤ ਨੂੰ ਵਧਾਉਣ ਲਈ ‘ਕੈਨੇਡਾ ਇਨਵੈੱਸਟਮੈਂਟ ਸੰਮਿੱਟ’ ਦੌਰਾਨ ਇਤਿਹਾਸਕ ਵਚਨਬੱਧਤਾਵਾਂ : ਸੋਨੀਆ ਸਿੱਧੂ
RELATED ARTICLES

