ਬਾਗੀ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਲ ਬਦਲੀ ਦੀ ਲੜਾਈ ਰਾਸ਼ਟਰਪਤੀ ਭਵਨ ਪਹੁੰਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲੇ। ਉਨ੍ਹਾਂ ਬਾਗ਼ੀ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਵਾਲਾ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ, ਜਿਸ ‘ਤੇ ਪੰਜਾਬ ਦੇ ‘ਆਪ’ ਵਿਧਾਇਕਾਂ ਦੇ ਦਸਤਖ਼ਤ ਸਨ।
ਮੁੱਖ ਮੰਤਰੀ ਮੁਤਾਬਕ ਰਾਸ਼ਟਰਪਤੀ ਮੁਰਮੂ ਨੇ ਇਸ ਬਾਰੇ ਸੰਵਿਧਾਨਿਕ ਮਾਹਿਰਾਂ ਨਾਲ ਮਸ਼ਵਰਾ ਕਰਨ ਦਾ ਭਰੋਸਾ ਦਿੱਤਾ ਹੈ; ਹਾਲਾਂਕਿ ਇਸ ਤਜਵੀਜ਼ਤ ਮਿਲਣੀ ਤੋਂ ਐਨ ਪਹਿਲਾਂ ਚਾਰ ਨਵੇਂ ਭਾਜਪਾ ਸੰਸਦ ਮੈਂਬਰਾਂ ਨੇ ਰਾਘਵ ਚੱਢਾ ਦੀ ਅਗਵਾਈ ਹੇਠ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸਨਮੁੱਖ ਪੰਜਾਬ ਦੀ ‘ਆਪ’ ਸਰਕਾਰ ਦੀ ਬਦਲਾਖ਼ੋਰੀ ਦਾ ਮੁੱਦਾ ਰੱਖਿਆ।
ਮੁੱਖ ਮੰਤਰੀ ਮਾਨ ਨੇ ਚਾਰ ਸੂਬਿਆਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਰਾਸ਼ਟਰਪਤੀ ਤੋਂ ਮਿਲਣ ਲਈ ਸਮਾਂ ਲੈ ਲਿਆ ਸੀ ਪਰ ਪੱਛਮੀ ਬੰਗਾਲ, ਅਸਾਮ ਤੇ ਪੁੱਡੂਚੇਰੀ ‘ਚ ਭਾਜਪਾ ਦੀ ਜਿੱਤ ਮਗਰੋਂ ‘ਆਪ’ ਤੇ ਭਗਵਾਂ ਪਾਰਟੀ ਵਿਚਾਲੇ ਟਕਰਾਅ ਦਾ ਨਵਾਂ ਮੁੱਢ ਬੱਝ ਗਿਆ ਹੈ। ਬੰਗਾਲ ਦੀ ਜਿੱਤ ਤੋਂ ਬਾਗ਼ੋ-ਬਾਗ਼ ਭਾਜਪਾਈ ਅਗਲਾ ਨਿਸ਼ਾਨਾ ਪੰਜਾਬ ਨੂੰ ਦੱਸ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਮੀਡੀਆ ਨੂੰ ਮੰਗ ਪੱਤਰ ਵਿੱਚ ਰੱਖੇ ਪੱਖਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸੱਤ ਸੰਸਦ ਮੈਂਬਰਾਂ ਦੀ ਦਲ ਬਦਲੀ ਨੂੰ ਗ਼ੈਰ-ਸੰਵਿਧਾਨਿਕ ਦੱਸਦਿਆਂ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਕਿਉਂਕਿ ਇਸ ਸਬੰਧੀ ਜਾਂ ਤਾਂ ਪੂਰੀ ਪਾਰਟੀ ਨੂੰ ਮਤਾ ਪਾਸ ਕਰਨਾ ਚਾਹੀਦਾ ਸੀ ਪਰ ਸਿਰਫ਼ ਰਾਜ ਸਭਾ ਦੇ ਸੱਤ ਸੰਸਦ ਮੈਂਬਰਾਂ ਨੇ ਹੀ ਵਫ਼ਾਦਾਰੀ ਬਦਲੀ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪੰਜਾਬ ‘ਚ ਦੋ ਵਿਧਾਇਕ ਹਨ ਪਰ ਰਾਜ ਸਭਾ ਮੈਂਬਰ ਛੇ ਹਨ ਜੋ ਲੋਕ ਰਾਜ ਨਾਲ ਮਜ਼ਾਕ ਹੈ।
‘ਆਪ’ ਬਦਲਾਖ਼ੋਰੀ ‘ਤੇ ਉੱਤਰੀ : ਰਾਘਵ ਚੱਢਾ
‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਚਾਰ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਗੇ ਪੰਜਾਬ ਸਰਕਾਰ ਦੀ ਬਦਲੇ ਦੀ ਸਿਆਸਤ ਦਾ ਮੁੱਦਾ ਚੁੱਕਿਆ ਤੇ ਉਨ੍ਹਾਂ ਨੂੰ ਸੂਬਾ ਸਰਕਾਰ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਬਾਰੇ ਜਾਣੂ ਕਰਾਇਆ। ਮੁਲਾਕਾਤ ਮਗਰੋਂ ਰਾਘਵ ਚੱਢਾ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਸੰਵਿਧਾਨ ਦੀ ਰਾਖੀ ਤੇ ਨਾਲ ਹੀ ਉਨ੍ਹਾਂ (ਸੰਸਦ ਮੈਂਬਰਾਂ) ਦੀ ਸੁਰੱਖਿਆ ਦਾ ਵੀ ਭਰੋਸਾ ਦਿੱਤਾ ਹੈ। ਉਨ੍ਹਾਂ ਨਾਲ ਸੰਦੀਪ ਪਾਠਕ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਵੀ ਹਾਜ਼ਰ ਸਨ। ਚੱਢਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦੀ ਕਿਸ਼ਤੀ ਡੁੱਬ ਰਹੀ ਹੈ, ਜਿਸ ਕਰਕੇ ‘ਆਪ’ ਹੁਣ ਬਦਲਾਖ਼ੋਰੀ ‘ਤੇ ਉੱਤਰ ਆਈ ਹੈ। ਪਹਿਲਾਂ ਸੰਸਦ ਮੈਂਬਰ ਹਰਭਜਨ ਸਿੰਘ ਨੂੰ ਦੇਸ਼ ਧਰੋਹੀ ਐਲਾਨ ਕੇ ਉਸ ਦੇ ਘਰ ‘ਤੇ ਪੁਲਿਸ ਦੀ ਮਦਦ ਨਾਲ ਪਥਰਾਅ ਕੀਤਾ ਗਿਆ ਤੇ ਫਿਰ ਪਦਮਸ੍ਰੀ ਰਾਜਿੰਦਰ ਗੁਪਤਾ ਦੀ ਫੈਕਟਰੀ ‘ਤੇ ਛਾਪੇ ਮਾਰੇ ਗਏ। ਇਸੇ ਤਰ੍ਹਾਂ ਸੰਦੀਪ ਪਾਠਕ ਖਿਲਾਫ ਦੋ ਫ਼ਰਜ਼ੀ ਕੇਸ ਦਰਜ ਕੀਤੇ ਗਏ ਤੇ ਹੁਣ ਅਗਲਾ ਨਿਸ਼ਾਨਾ ਉਨ੍ਹਾਂ (ਚੱਢਾ) ਨੂੰ ਬਣਾਉਣ ਦੀ ਤਿਆਰੀ ਹੈ।

