ਕੇਂਦਰੀ ਸਿਹਤ ਵਧੀਕ ਸਕੱਤਰ ਵੱਲੋਂ ਸਮੱਸਿਆ ਦੇ ਹੱਲ ‘ਤੇ ਜ਼ੋਰ, 23 ਵਿੱਚੋਂ 21 ਜ਼ਿਲ੍ਹਿਆਂ ਲਈ ਬਣਾਈ ਵਿਸ਼ੇਸ਼ ਯੋਜਨਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਨਸ਼ਿਆਂ ਦੇ ਟੀਕਿਆਂ ਕਾਰਨ ਐਚਆਈਵੀ ਦਾ ਖਤਰਾ ਵਧ ਰਿਹਾ ਹੈ ਜਿਸ ਕਾਰਨ ਸਿਹਤ ਵਿਭਾਗ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਯੋਜਨਾ ਬਣਾਈ ਹੈ। ਦੱਸਣਾ ਬਣਦਾ ਹੈ ਕਿ ਨਸ਼ਿਆਂ ਦੇ ਟੀਕੇ ਦੀ ਵਾਰ-ਵਾਰ ਵੱਖ-ਵੱਖ ਜਣਿਆਂ ਵਲੋਂ ਵਰਤੋਂ ਕਰਨ ਨਾਲ ਇਸ ਲਾਗ ਦਾ ਖਤਰਾ ਵਧ ਰਿਹਾ ਹੈ।
ਕੇਂਦਰੀ ਸਿਹਤ ਵਧੀਕ ਸਕੱਤਰ ਅਤੇ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਨਾਕੋ) ਦੇ ਡਾਇਰੈਕਟਰ ਜਨਰਲ ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਟੀਕੇ ਲਗਾਉਣ ਦੀ ਆਦਤ ਐੱਚ.ਆਈ.ਵੀ. ਦੇ ਫੈਲਣ ਵਿੱਚ ਵੱਡਾ ਕਾਰਨ ਬਣ ਰਹੀ ਹੈ। ਉਨ੍ਹਾਂ ਨੇ ਇਸ ਰੁਝਾਨ ਨੂੰ ਰੋਕਣ ਲਈ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਗੁਪਤਾ ਨੇ ਜ਼ੀਰਕਪੁਰ ਵਿਚ ਵਰਕਸ਼ਾਪ ਦੌਰਾਨ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ 2030 ਤੱਕ ਏਡਜ਼ ਨੂੰ ਖ਼ਤਮ ਕਰਨ ਦੇ ਗਲੋਬਲ ਟੀਚੇ ’95-95-95’ ਨੂੰ ਹਾਸਲ ਕਰਨਾ ਸੀ। ਡਾ. ਗੁਪਤਾ ਨੇ ਕਿਹਾ, ‘ਪੰਜਾਬ ਵਰਗੇ ਰਾਜਾਂ ਵਿੱਚ ਜਿੱਥੇ ਨਸ਼ੇ ਦੇ ਟੀਕੇ ਲਗਾਉਣਾ ਐੱਚ.ਆਈ.ਵੀ. ਦੇ ਫੈਲਣ ਵਿੱਚ ਯੋਗਦਾਨ ਪਾਉਂਦਾ ਹੈ, ਸਾਡੀ ਕਾਰਵਾਈ ਤੁਰੰਤ ਅਤੇ ਤੇਜ਼ ਹੋਣੀ ਚਾਹੀਦੀ ਹੈ। ਇਸ ਰੁਝਾਨ ਨੂੰ ਬਦਲਣ ਲਈ ਜ਼ਿਲ੍ਹਾ ਪੱਧਰੀ ਰਣਨੀਤੀਆਂ ਅਤੇ ਸਿਹਤ ਸੇਵਾਵਾਂ ਦਾ ਤਾਲਮੇਲ ਬਹੁਤ ਜ਼ਰੂਰੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਿਆਂ ਨੂੰ ਵਧੇਰੇ ਜ਼ਿੰਮੇਵਾਰੀ ਅਤੇ ਜਵਾਬਦੇਹੀ ਸੌਂਪਣਾ ਰਾਸ਼ਟਰੀ ਟੀਚਿਆਂ ਨੂੰ ਸਥਾਨਕ ਪੱਧਰ ‘ਤੇ ਪ੍ਰਭਾਵਸ਼ਾਲੀ ਬਣਾਉਣ ਲਈ ਮਹੱਤਵਪੂਰਨ ਹੋਵੇਗਾ।
ਪੰਜਾਬ ਵਿੱਚ ਐੱਚ.ਆਈ.ਵੀ. ਦੀ ਦਰ 0.42 ਫੀਸਦੀ ਹੈ ਅਤੇ ਲਗਪਗ 1,10,715 ਲੋਕ ਐੱਚ.ਆਈ.ਵੀ. ਪੀੜਤ ਹਨ, ਜਿਸ ਕਾਰਨ ਇਹ ਰਾਜ ਨਾਕੋ ਦੀ ਤਰਜੀਹ ਸੂਚੀ ਵਿੱਚ ਹੈ। ਪੰਜਾਬ ਦੇ 23 ਵਿੱਚੋਂ 21 ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ, ਮੋਗਾ, ਪਠਾਨਕੋਟ, ਮਾਨਸਾ, ਫਤਹਿਗੜ੍ਹ ਸਾਹਿਬ, ਲੁਧਿਆਣਾ, ਹੁਸ਼ਿਆਰਪੁਰ, ਮੁਹਾਲੀ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਬਰਨਾਲਾ, ਫਰੀਦਕੋਟ, ਸੰਗਰੂਰ, ਪਟਿਆਲਾ, ਨਵਾਂਸ਼ਹਿਰ, ਫਿਰੋਜ਼ਪੁਰ, ਬਠਿੰਡਾ, ਰੋਪੜ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਯੋਜਨਾ ਬਣਾਈ ਗਈ ਹੈ। ਇਸ ਮੌਕੇ ਜ਼ਿਲ੍ਹਾ ਟੀਮਾਂ ਨੇ ਆਪਣੀ ਰਿਪੋਰਟ ਪੇਸ਼ ਕੀਤੀ ਅਤੇ ਕੰਮ ਵਿੱਚ ਆ ਰਹੀਆਂ ਚੁਣੌਤੀਆਂ ਬਾਰੇ ਦੱਸਿਆ। ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ ਅਤੇ ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰਾਂ ਨੇ ਮਿਲ ਕੇ ਬਚਾਅ, ਟੈਸਟਿੰਗ ਅਤੇ ਇਲਾਜ ਦੀਆਂ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਯੋਜਨਾਵਾਂ ਤਿਆਰ ਕੀਤੀਆਂ। ਪੰਜਾਬ ਦੇ ਸਿਹਤ ਸਕੱਤਰ ਕੁਮਾਰ ਰਾਹੁਲ ਨੇ ਕਿਹਾ ਕਿ ਪੰਜਾਬ ਤੱਥਾਂ ‘ਤੇ ਅਧਾਰਿਤ ਕਾਰਵਾਈ ਰਾਹੀਂ ਆਪਣੀ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗਾ ਤਾਂ ਜੋ ਬਿਹਤਰ ਨਤੀਜੇ ਸਾਹਮਣੇ ਆ ਸਕਣ।
ਪੰਜਾਬ ‘ਚ ਨਸ਼ਿਆਂ ਦੇ ਟੀਕਿਆਂ ਰਾਹੀਂ ਫੈਲ ਰਿਹਾ ਹੈ ਐਚਆਈਵੀ
RELATED ARTICLES

