ਸਿੱਧੂ ਤੇ ਮਜੀਠੀਆ ‘ਚ ਸਿਆਸੀ ਜੰਗ
ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਖਿੱਚ ਦਾ ਕੇਂਦਰ ਬਣਿਆ ‘ਅੰਮ੍ਰਿਤਸਰ ਪੂਰਬੀ’ ਹਲਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਲਈ ਵੋਟਾਂ ਆਉਂਦੀ 20 ਫਰਵਰੀ ਨੂੰ ਪੈਣੀਆਂ ਹਨ ਅਤੇ ਸਿਆਸੀ ਸਰਗਰਮੀਆਂ ਵੀ ਪੂਰੇ ਸਿਖਰਾਂ ‘ਤੇ ਹਨ। ਇਸਦੇ ਚੱਲਦਿਆਂ ਪੰਜਾਬ ਵਿਚ ਹੁਣ ਸਭ ਤੋਂ ਅਹਿਮ ਸੀਟ ਅੰਮ੍ਰਿਤਸਰ ਪੂਰਬੀ ਬਣ ਗਈ ਹੈ, ਕਿਉਂਕਿ ਇਸ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਚਾਲੇ ਚੋਣ ਮੁਕਾਬਲਾ ਹੋਵੇਗਾ। ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੱਧੂ ਕਾਂਗਰਸ ਦੇ ਉਮੀਦਵਾਰ ਹਨ ਅਤੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸੇ ਹਲਕੇ ਤੋਂ ਬਿਕਰਮ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ ਤੇ ਹੁਣ ਸਭ ਦੀਆਂ ਨਜ਼ਰਾਂ ਅੰਮ੍ਰਿਤਸਰ ਪੂਰਬੀ ਹਲਕੇ ‘ਤੇ ਟਿਕ ਗਈਆਂ ਹਨ। ਇਥੋਂ ਤੱਕ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਭਾਈਚਾਰੇ ਨੇ ਵੀ ਇਸ ਸੀਟ ‘ਤੇ ਨਿਗ੍ਹਾ ਟਿਕਾ ਲਈ ਹੈ ਤੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਮਹਾਂ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ।
ਪੰਜਾਬ ਦੀ ਰਾਜਨੀਤੀ ਵਿਚ ਇਹ ਸਿਆਸੀ ਲੜਾਈ ਕਈ ਮਾਅਨਿਆਂ ਵਿਚ ਦਿਲਚਸਪ ਮੰਨੀ ਜਾ ਰਹੀ ਹੈ। ਧਿਆਨ ਰਹੇ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਲੰਬੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘਸਿੰਘ ਬਾਦਲ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਭਗਵੰਤ ਮਾਨ ਚੋਣ ਮੈਦਾਨ ਵਿਚ ਨਿੱਤਰੇ ਸਨ। ਇਸ ਵਾਰ ਇਹ ਆਗੂ ਸੇਫ ਸੀਟ ਤੋਂ ਚੋਣ ਲੜ ਰਹੇ ਹਨ।
ਪੰਜਾਬ ਦੀ ਇਸ ਸਭ ਤੋਂ ਵੱਡੀ ਚੁਣਾਵੀ ਜੰਗ ਦਾ ਇਕ ਦਿਲਚਸਪ ਪਹਿਲੂ ਇਹ ਵੀ ਰਹੇਗਾ ਕਿ ਸਿੱਧੂ ਜਾਂ ਮਜੀਠੀਆ ਵਿਚੋਂ ਜੋ ਵੀ ਚੋਣ ਹਾਰੇਗਾ, ਉਸਦੀ ਇਹ ਪਹਿਲੀ ਰਾਜਨੀਤਕ ਹਾਰ ਹੋਵੇਗੀ।
ਮਜੀਠੀਆ ਅੰਮ੍ਰਿਤਸਰ ਦੀ ਮਜੀਠਾ ਸੀਟ ਤੋਂ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਚੋਣ ਜਿੱਤਦੇ ਆ ਰਹੇ ਹਨ। ਉਥੇ, ਸਿੱਧੂ ਵੀ ਅੱਜ ਤੱਕ ਕੋਈ ਚੋਣ ਹਾਰੇ ਨਹੀਂ ਹਨ। ਏਨਾ ਜ਼ਰੂਰ ਹੈ ਕਿ ਜੋ ਵੀ ਚੋਣ ਜਿੱਤੇਗਾ, ਪਾਰਟੀ ਅਤੇ ਪੰਜਾਬ ਦੀ ਰਾਜਨੀਤੀ ਵਿਚ ਉਸ ਆਗੂ ਦਾ ਸਿਆਸੀ ਕਦ ਜ਼ਰੂਰ ਵਧ ਜਾਵੇਗਾ। ਬਿਕਰਮ ਮਜੀਠੀਆ ਦੇ ਮੁਕਾਬਲੇ ‘ਚ ਉਤਰਨਾ ਨਵਜੋਤ ਸਿੱਧੂ ਦੇ ਲਈ ਵੱਡਾ ਖਤਰਾ ਹੈ। ਸਿੱਧੂ ਸਿਰਫ ਇਸੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ। ਉਥੇ ਮਜੀਠੀਆ ਆਪਣੀ ਪੁਰਾਣੀ ਸੀਟ ਮਜੀਠਾ ਤੋਂ ਵੀ ਚੋਣ ਲੜਨਗੇ।
ਨਵਜੋਤ ਸਿੱਧੂ ਹਾਰੇ ਤਾਂ ਉਸਦੇ ਸਿਆਸੀ ਜੀਵਨ ਲਈ ਵੱਡਾ ਸੰਕਟ ਹੋਵੇਗਾ ਅਤੇ ਮਜੀਠੀਆ ਕੋਲ ਦੂਜਾ ਬਦਲ ਹੈ। ਧਿਆਨ ਰਹੇ ਕਿ ਸਿੱਧੂ ਲਗਾਤਾਰ ਸੀਐਮ ਚਿਹਰੇ ਲਈ ਦਾਅਵੇਦਾਰੀ ਠੋਕ ਰਹੇ ਹਨ, ਜੇਕਰ ਉਹ ਹਾਰ ਗਏ ਤਾਂ ਉਸਦਾ ਇਹ ਦਾਅਵਾ ਵੀ ਖਤਮ ਹੋ ਜਾਏਗਾ।