ਕੈਨੇਡਾ ਤੇ ਬ੍ਰਿਟੇਨ ਵਿਚਾਲੇ ਇਸ ਮਾਮਲੇ ‘ਤੇ ਲਗਾਤਾਰ ਗੱਲਬਾਤ ਜਾਰੀ : ਬਿਲ ਬਲੇਅਰ
ਓਟਵਾ/ਪਰਵਾਸੀ ਨਿਊਜ਼ : ਬ੍ਰਿਟੇਨ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਬਿਲ ਬਲੇਅਰ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਦੀ ਅਗਵਾਈ ਹੇਠ ਬ੍ਰਿਟੇਨ ਨੂੰ ਕੈਨੇਡਾ ਦੀ ਅਗਵਾਈ ਵਿੱਚ ਬਣ ਰਹੇ ਬਹੁ-ਰਾਸ਼ਟਰੀ ਰੱਖਿਆ ਬੈਂਕ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਡਿਫੈਂਸ, ਸਿਕਿਓਰਟੀ ਐਂਡ ਰਿਜ਼ੀਲਿਐਂਸ ਬੈਂਕ (ਡੀਐਸਆਰਬੀ) ਇੱਕ ਅੰਤਰਰਾਸ਼ਟਰੀ ਵਿੱਤੀ ਸੰਸਥਾ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਮੈਂਬਰ ਦੇਸ਼ਾਂ ਨੂੰ ਘੱਟ ਵਿਆਜ ‘ਤੇ ਕਰਜ਼ੇ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਰੂਸ ਅਤੇ ਹੋਰ ਵਧ ਰਹੇ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ ਆਪਣੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰ ਸਕਣ।
ਹੁਣ ਤੱਕ ਅੱਠ ਦੇਸ਼ ਇਸ ਯੋਜਨਾ ਦਾ ਸਮਰਥਨ ਕਰ ਚੁੱਕੇ ਹਨ, ਪਰ ਜੀ-7 ਦੇ ਹੋਰ ਕਿਸੇ ਵੀ ਮੈਂਬਰ ਦੇਸ਼ ਨੇ ਹਾਲੇ ਤੱਕ ਇਸ ਵਿੱਚ ਸ਼ਾਮਲ ਹੋਣ ਦਾ ਵਾਅਦਾ ਨਹੀਂ ਕੀਤਾ। ਇਸ ਕਾਰਨ ਬੈਂਕ ਦੀ ਵਿੱਤੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਭਾਈਵਾਲਾਂ ਦੀ ਭੂਮਿਕਾ ਮਹੱਤਵਪੂਰਨ ਮੰਨੀ ਜਾ ਰਹੀ ਹੈ। ਬਿਲ ਬਲੇਅਰ ਨੇ ਕਿਹਾ ਕਿ ਕੈਨੇਡਾ ਅਤੇ ਬ੍ਰਿਟੇਨ ਵਿਚਾਲੇ ਇਸ ਮਾਮਲੇ ‘ਤੇ ਲਗਾਤਾਰ ਗੱਲਬਾਤ ਜਾਰੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਬ੍ਰਿਟੇਨ ਦੀ ਸ਼ਮੂਲੀਅਤ ਨਾਲ ਸਾਰੇ ਮੈਂਬਰ ਦੇਸ਼ਾਂ ਨੂੰ ਲਾਭ ਮਿਲੇਗਾ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਾਲ ਫਰਵਰੀ ਵਿੱਚ ਉਸ ਵੇਲੇ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨਾਲ ਗੱਲਬਾਤ ਦੌਰਾਨ ਵੀ ਇਸ ਰੱਖਿਆ ਬੈਂਕ ਦੀ ਹਮਾਇਤ ਕੀਤੀ ਸੀ। ਹੁਣ ਐਂਡੀ ਬਰਨਹੈਮ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡਾ ਚਾਹੁੰਦਾ ਹੈ ਕਿ ਬ੍ਰਿਟੇਨ ਸੰਸਥਾਪਕ ਮੈਂਬਰ ਵਜੋਂ ਇਸ ਯੋਜਨਾ ਨਾਲ ਜੁੜਨ ਬਾਰੇ ਮੁੜ ਵਿਚਾਰ ਕਰੇ।
ਮਾਰਕ ਕਾਰਨੀ ਵੀ ਵੱਖ-ਵੱਖ ਦੇਸ਼ਾਂ ਨੂੰ ਇਸ ਬੈਂਕ ਨਾਲ ਜੋੜਨ ਲਈ ਸਰਗਰਮ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੈਂਕ ਵੱਖ-ਵੱਖ ਦੇਸ਼ਾਂ ਦੇ ਵਿੱਤੀ ਸਰੋਤਾਂ ਨੂੰ ਇਕੱਠਾ ਕਰਕੇ ਰੱਖਿਆ ਉਦਯੋਗ ਨੂੰ ਮਜ਼ਬੂਤ ਕਰੇਗਾ ਅਤੇ ਸਾਥੀ ਦੇਸ਼ਾਂ ਨੂੰ ਬਦਲਦੇ ਵਿਸ਼ਵ ਸੁਰੱਖਿਆ ਮਾਹੌਲ ਦਾ ਸਾਂਝੇ ਤੌਰ ‘ਤੇ ਸਾਹਮਣਾ ਕਰਨ ਯੋਗ ਬਣਾਏਗਾ।
ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੂੰ ਅਹੁਦਾ ਸੰਭਾਲਣ ‘ਤੇ ਪੀਐਮ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਡੀ ਬਰਨਹੈਮ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਸਾਂਝੇ ਲੋਕਤੰਤਰੀ ਮੁੱਲਾਂ ਨਾਲ ਬੱਝੇ ਹੋਏ ਹਨ ਅਤੇ ਦੋਵਾਂ ਦੇਸ਼ਾਂ ਵਿਚ ਕਈ ਖੇਤਰਾਂ ਵਿਚ ਮਜ਼ਬੂਤ ਸਹਿਯੋਗ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ, ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਖੇਤਰ ਵਿਚ ਵਿਆਪਕ ਸਹਿਯੋਗ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਭਾਰਤ-ਬ੍ਰਿਟੇਨ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਅਤੇ ਸਾਂਝੇ ਵਿਜ਼ਨ 2035 ਨੂੰ ਅੱਗੇ ਵਧਾਉਣ ਲਈ ਐਂਡੀ ਬਰਨਹੈਮ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਨ।
ਦੱਸਣਯੋਗ ਹੈ ਕਿ ਲੇਬਰ ਪਾਰਟੀ ਦੇ ਨਵੇਂ ਨੇਤਾ ਐਂਡੀ ਬਰਨਹੈਮ ਨੇ ਲੰਘੇ ਸੋਮਵਾਰ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਐਂਡੀ ਬਰਨਹੈਮ ਨੇ ਆਪਣੀ ਨਵੀਂ ਕੈਬਨਿਟ ‘ਚ ਕਈ ਪੁਰਾਣੇ ਮੰਤਰੀਆਂ ਦਾ ਅਹੁਦਾ ਬਰਕਰਾਰ ਰੱਖਿਆ ਹੈ, ਜਿਨ੍ਹਾਂ ਵਿਚ ਭਾਰਤੀ ਮੂਲ ਦੇ ਕਨਿਸ਼ਕ ਨਾਰਾਇਣ ਅਤੇ ਲੀਜ਼ਾ ਨੰਦੀ ਵੀ ਸ਼ਾਮਲ ਹਨ। ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਦੇਸ਼ ਵਿਚ ਬੇਘਰ ਲੋਕਾਂ ਦੀ ਸਮੱਸਿਆ ਖਤਮ ਕਰਨ ਲਈ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਪਰਵਾਸੀ ਨਿਊਜ਼

