18.7 C
Toronto
Tuesday, May 5, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ-ਭਾਰਤ ਵਪਾਰਕ ਸਮਝੌਤਾ ਜਲਦ ਨੇਪਰੇ ਚੜ੍ਹਨ ਦੀ ਉਮੀਦ : ਪ੍ਰੀਮੀਅਰ ਡੇਵਿਡ ਈਬੀ

ਕੈਨੇਡਾ-ਭਾਰਤ ਵਪਾਰਕ ਸਮਝੌਤਾ ਜਲਦ ਨੇਪਰੇ ਚੜ੍ਹਨ ਦੀ ਉਮੀਦ : ਪ੍ਰੀਮੀਅਰ ਡੇਵਿਡ ਈਬੀ

ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਨੇ ਪਰਵਾਸੀ ਭਾਰਤੀ ਭਾਈਚਾਰਾ ਦਿਵਸ ਉਤਸ਼ਾਹ ਨਾਲ ਮਨਾਇਆ
ਵੈਨਕੂਵਰ/ਬਿਊਰੋ ਨਿਊਜ਼
ਕੈਨੇਡਾ ਵਿੱਚ ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵੱਲੋਂ ਪਿਛਲੇ ਦਿਨੀਂ ਭਾਰਤੀ ਭਾਈਚਾਰੇ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਯੋਗਦਾਨ ਨੂੰ ਸਮਰਪਿਤ ਦੂਸਰਾ ਪਰਵਾਸੀ ਭਾਰਤੀ ਭਾਈਚਾਰਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਦੌਰਾਨ ਸ਼ਿਰਕਤ ਕਰਨ ਪਹੁੰਚੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਭਾਰਤ-ਕੈਨੇਡਾ ਵਪਾਰ ਸਮਝੌਤੇ ਦੇ ਜਲਦ ਨੇਪਰੇ ਚੜ੍ਹਨ ਦੀ ਉਮੀਦ ਪ੍ਰਗਟਾਈ ਹੈ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਭਾਰਤ ਦੀ ਵਧ ਰਹੀ ਊਰਜਾ ਦੀ ਲੋੜ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਵਿਆਪਕ ਵਪਾਰ ਸਮਝੌਤਾ ਜਲਦ ਸਿਰੇ ਚੜ੍ਹਨ ਉਮੀਦ ਹੈ। ਉਨ੍ਹਾਂ ਪਿਛਲੇ ਦਿਨਾਂ ਵਿੱਚ ਇਕ ਉੱਚ ਪੱਧਰੀ ਵਫ਼ਦ ਨਾਲ ਭਾਰਤ ਦੇ ਕੀਤੇ ਦੌਰੇ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੈਨੇਡੀਅਨ ਅਰਥਚਾਰੇ ਨੂੰ ਮਜ਼ਬੂਤੀ ਅਤੇ ਆਲਮੀ ਵਪਾਰ ਵਿਚ ਵਾਧੇ ਲਈ ਭਾਰਤ ਵਰਗੇ ਸਹਿਯੋਗੀ ਦੀ ਲੋੜ ਹੈ। ਉਨ੍ਹਾਂ ਨੇ ਭਾਰਤ ਦੌਰੇ ਦੌਰਾਨ ਮਿਲੇ ਪਿਆਰ ਅਤੇ ਸਤਿਕਾਰ ਦਾ ਵੀ ਖ਼ਾਸ ਜ਼ਿਕਰ ਕੀਤਾ। ਉੱਥੇ ਹੀ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਸੱਭਿਆਚਾਰਕ ਵਿਭਿੰਨਤਾ, ਲੋਕਤੰਤਰ ਅਤੇ ਵਿਸ਼ਵ ਸ਼ਾਂਤੀ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਪਰਵਾਸੀ ਵਪਾਰ, ਨਵੀਨਤਾ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਅਦਾਨ-ਪ੍ਰਦਾਨ ਰਾਹੀਂ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਇੱਕ ਪੁਲ ਵਜੋਂ ਕੰਮ ਕਰ ਰਹੇ ਹਨ।
ਸਮਾਗਮ ਦੌਰਾਨ ਇੱਕ ਪੈਨਲ ਚਰਚਾ ਵੀ ਕਰਵਾਈ ਗਈ, ਜਿਸ ਵਿੱਚ ਭਾਰਤੀ ਡਾਇਸਪੋਰਾ ਵੱਲੋਂ ਕੈਨੇਡਾ ਅਤੇ ਭਾਰਤ ਵਿਚਾਲੇ ਸੰਬੰਧ ਮਜ਼ਬੂਤ ਕਰਨ ਵਿੱਚ ਨਿਭਾਈ ਜਾ ਰਹੀ ਭੂਮਿਕਾ ‘ਤੇ ਚਰਚਾ ਹੋਈ।
ਸਾਊਥ ਬੈਂਕੁਇਟ ਹਾਲ ਵਿੱਚ ਮਨਾਏ ਗਏ ਇਸ ਸਮਾਗਮ ‘ਚ 600 ਤੋਂ ਵੱਧ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਰਾਜਨੀਤਕ ਅਤੇ ਕਾਰੋਬਾਰੀ ਆਗੂ, ਪੇਸ਼ੇਵਰ, ਵਿਦਿਆਰਥੀਆਂ ਅਤੇ ਕਮਿਊਨਿਟੀ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਰਹੇ।

 

RELATED ARTICLES
POPULAR POSTS