ਦਿਮਾਗੀ ਸਿਹਤ ਦੀ ਤੰਦਰੁਸਤੀ ਸਬੰਧੀ ਵਰਕਸ਼ਾਪ ਵੀ ਲਗਾਈ ਗਈ
ਬਰੈਂਪਟਨ/ਡਾ. ਝੰਡ : ਡਾ. ਬਲਜਿੰਦਰ ਸਿੰਘ ਸੇਖੋਂ ਜੋ ਪਿਛਲੇ ਦਿਨੀਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿਚ ਆਪਣੇ ਪਿੰਡ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਦੀ ਨਿੱਘੀ ਯਾਦ ਨੂੰ ਸਮਰਪਿਤ ਕੈਨੇਡਾ ਦੀ ਤਰਕਸ਼ੀਲ ਸੋਸਾਇਟੀ ਵੱਲੋਂ ਗਰੀਨ ਬਰੀਅਨ ਕਮਿਊਨਿਟੀ ਸੈਂਟਰ ਵਿਖੇ ਸ਼ਰਧਾਂਜਲੀ ਸਮਾਗ਼ਮ ਆਯੋਜਿਤ ਕੀਤਾ ਗਿਆ। ਇਸ ਦੇ ਪਹਿਲੇ ਸੈਸ਼ਨ ਵਿੱਚ ਡਾ. ਬਲਜਿੰਦਰ ਸੇਖੋਂ ਦੇ ਨੇੜਲੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਦਿੱਤੀ ਗਈ।
ਡਾ. ਸੇਖੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੀਟ-ਵਿਗਿਆਨ ਦੇ ਪ੍ਰੋਫ਼ੈਸਰ ਸਨ ਅਤੇ ਸੇਵਾ-ਮੁਕਤੀ ਤੋਂ ਬਾਅਦ ਇੱਥੇ ਕੈਨੇਡਾ ਆ ਕੇ ਉਹ ਇੱਥੋਂ ਦੀ ਤਰਕਸ਼ੀਲ ਸੋਸਾਇਟੀ ਨਾਲ ਪੂਰੀ ਤਰ੍ਹਾਂ ਸਮੱਰਪਿਤ ਰਹੇ। ਪੀਐੱਚ.ਡੀ. ਦੌਰਾਨ ਉਨ੍ਹਾਂ ਦੇ ਵਿਦਿਆਰਥੀ ਰਹੇ ਡਾ. ਮਨਜੀਤ ਸਿੰਘ ਢੀਂਡਸਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਡਾ. ਸੇਖੋਂ ਬੜੀ ਤੇਜ਼ ਬੁੱਧੀ ਦੇ ਮਾਲਕ ਸਨ। ਆਪਣੇ ਸੰਬੋਧਨ ਵਿੱਚ ਉਨ੍ਹਾਂ ਡਾ. ਸੇਖੋਂ ਨਾਲ ਬਿਤਾਏ ਹੋਏ ਦਿਨਾਂ ਨੂੰ ਬਾਖ਼ੂਬੀ ਯਾਦ ਕੀਤਾ।
ਸੋਸਾਇਟੀ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਰਹਿਪਾ ਨੇ ਡਾ. ਸੇਖੋਂ ਦੇ ਜੀਵਨ ਤੇ ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਤਰਕਸ਼ੀਲ ਸੋਸਾਇਟੀ ਦੇ ਬੌਧਿਕ ਸਲਾਹਕਾਰ ਸਨ ਅਤੇ ਇਸਦੇ ਨਾਲ ਹੀ ਉਹ ਸੋਸਾਇਟੀ ਦੇ ਸਿੱਖਿਆ-ਵਿੰਗ ਦੇ ਮੁਖੀ ਵੀ ਸਨ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਤਰਕਸ਼ੀਲ ਸੋਸਾਇਟੀ ਲਈ ਹੀ ਨਹੀਂ, ਸਗੋਂ ਸਮੁੱਚੇ ਸਮਾਜ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੋਸਾਇਟੀ ਦੇ ਕੌਮੀ ਮੀਤ-ਪ੍ਰਧਾਨ ਬਲਵਿੰਦਰ ਸਿੰਘ ਬਰਨਾਲਾ ਨੇ ਡਾ. ਸੇਖੋਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਕੀਟ-ਵਿਗਿਆਨੀ ਹੋਣ ਕਾਰਨ ਉਹ ਜੀਵ-ਵਿਗਿਆਨ ਦੇ ਹਰੇਕ ਪਹਿਲੂ ਬਾਰੇ ਡੂੰਘੀ ਪਕੜ ਰੱਖਦੇ ਸਨ ਅਤੇ ਸੋਸਾਇਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸੈਮੀਨਾਰਾਂ ਅਤੇ ਇਸ ਦੀਆਂ ਮੀਟਿੰਗਾਂ ਵਿੱਚ ਮੈਂਬਰਾਂ ਤੇ ਮਹਿਮਾਨਾਂ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕਰਦੇ ਸਨ।
ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਦਿਮਾਗ਼ੀ ਸਿਹਤ ਨੂੰ ਤੰਦਰੁਸਤ ਰੱਖਣ ਬਾਰੇ ਹਾਜ਼ਰੀਨ ਨੂੰ ਇਸ ਵਿਸ਼ੇ ਦੇ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ। ਜਸਮੀਨ ਚਾਹਲ ਤੇ ਜਸਮੀਨ ਸ਼ੌਕਰ ਵੱਲੋਂ ਉਦਾਸੀ ਰੋਗ (ਡਿਪਰੈੱਸ਼ਨ) ਦੇ ਲੱਛਣਾਂ, ਇਸ ਦੇ ਕਾਰਨ ਅਤੇ ਇਸਦੇ ਇਲਾਜ ਬਾਰੇ ਪ੍ਰੋਜੈੱਕਟਰ ਦੀ ਮਦਦ ਨਾਲ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ।
ਬਲਵਿੰਦਰ ਸਿੰਘ ਬਰਨਾਲਾ ਜੋ ਕਿ ਮਾਨਸਿਕ ਰੋਗਾਂ ਦੇ ਮਾਹਿਰ ਸਾਈਕੋਥੈਰੈਪਿਸਟ ਹਨ, ਨੇ ਇਸ ਮੌਕੇ ਮਾਨਸਿਕ ਸਿਹਤ ਤੇ ਸਰੀਰਕ ਸਿਹਤ, ਜਜ਼ਬਾਤੀ ਸਿਹਤ ਅਤੇ ਸਮਾਜੀਕਰਨ ਸਬੰਧਾਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਬਾਹਰੀ ਅਨੁਭਵ ਨੂੰ ਅੰਦਰੂਨੀ ਅਨੁਭਵ ਨਾਲ ਦਰੁੱਸਤ ਕਰਕੇ ਉਸਦੀ ਉਚਿਤਤਾ ਪਰਖ਼ੀ ਜਾ ਸਕਦੀ ਹੈ। ਹਾਲ ਵਿੱਚ ਹਾਜ਼ਰ ਸਮੂਹ ਦਰਸ਼ਕਾਂ ਨੇ ਇਸ ਵਿਸ਼ੇ ਵਿੱਚ ਕਾਫ਼ੀ ਦਿਲਚਸਪੀ ਵਿਖਾਈ ਅਤੇ ਉਨ੍ਹਾਂ ਵੱਲੋਂ ਬੁਲਾਰਿਆਂ ਨੂੰ ਕਈ ਸੁਆਲ ਪੁੱਛੇ ਗਏ ਜਿਨ੍ਹਾਂ ਦੇ ਜੁਆਬ ਬੁਲਾਰਿਆਂ ਵੱਲੋਂ ਉਨ੍ਹਾਂ ਨੂੰ ਤਸੱਲੀ ਪੂਰਵਕ ਦਿੱਤੇ ਗਏ।
ਇਸ ਦੌਰਾਨ ਰਾਮ ਕੁਮਾਰ ਭਦੌੜ ਵੱਲੋਂ ਸੁਰਜੀਤ ਪਾਤਰ ਦੀਆਂ ਇਸ ਮਾਹੌਲ ਨਾਲ ਢੁਕਵੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਅਕਰਮ ਧੂਰਕੋਟ ਵੱਲੋਂ ਆਪਣੀ ਵਿੱਛੜੀ ਮਾਂ ਨੂੰ ਯਾਦ ਕਰਦਿਆਂ ਹੋਇਆਂ ਖ਼ੂਬਸੂਰਤ ਕਵਿਤਾ ਪੇਸ਼ ਕੀਤੀ ਗਈ। ਮੰਚ-ਸੰਚਾਲਕ ਦੀ ਅਹਿਮ ਜ਼ਿੰਮੇਵਾਰੀ ਬਲਰਾਜ ਸ਼ੌਕਰ ਵੱਲੋਂ ਬਾਖ਼ੂਬੀ ਨਿਭਾਈ ਗਈ। ਹਾਲ ਵਿੱਚ ਇਸ ਸਮੇਂ 150 ਤੋਂ ਵਧੇਰੇ ਸਰੋਤੇ ਹਾਜ਼ਰ ਸਨ। ਹਾਲ ਦੇ ਬਾਹਰਵਾਰ ਤਰਕਸ਼ੀਲ ਸੋਸਾਇਟੀ ਵੱਲੋਂ ਇਸ ਮੌਕੇ ਉਸਾਰੂ ਸਾਹਿਤ ਨਾਲ ਸਬੰਧਿਤ ਪੁਸਤਕਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ ਜਿੱਥੋਂ ਕਈ ਵਿਅੱਕਤੀ ਆਪਣੀ ਦਿਲਚਸਪੀ ਦੀਆਂ ਕਿਤਾਬਾਂ ਖਰੀਦ ਰਹੇ ਸਨ।
ਕੈਨੇਡਾ ਦੀ ਤਰਕਸ਼ੀਲ ਸੋਸਾਇਟੀ ਨੇ ਡਾ. ਬਲਜਿੰਦਰ ਸਿੰਘ ਸੇਖੋਂ ਦੀ ਯਾਦ ‘ਚ ਕਰਾਇਆ ਭਾਵਪੂਰਤ ਸਮਾਗਮ
RELATED ARTICLES






