ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵਿੱਚ 1982 ਤੋਂ ਚੱਲ ਰਹੇ ਸਭ ਤੋਂ ਵੱਡੇ ਮਲਟੀਕਲਚਰਲ ਫੈਸਟੀਵਲ ਕੈਰਾਬਰੈਮ ਵਿੱਚ ਇਸ ਵਾਰ ਪਹਿਲੀ ਵਾਰ ਪੰਜਾਬ ਪੈਵੀਲੀਅਨ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਜੀਵਨ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਵੰਨਗੀਆਂ ਰਾਹੀਂ ਪੰਜਾਬੀ ਕਲਚਰ ਦੀ ਪੇਸ਼ਕਾਰੀ ਕੀਤੀ ਜਾਵੇਗੀ। ਪੰਜਾਬ ਪੈਵੀਲੀਅਨ ਦੇ ਪ੍ਰਬੰਧਕਾਂ ਪ੍ਰਿਤਪਾਲ ਚੱਗਰ ਅਤੇ ਅਹਿਸਾਨ ਖੰਡਾਕਰ ਅਨੁਸਾਰ ਇਸ ਪੈਵੀਲੀਅਨ ਵਿੱਚ ਲਹੌਰ ਤੋਂ ਲੁਧਿਆਣਾ ਤੱਕ ਫੈਲੇ ਵਿਸ਼ਾਲ ਅਤੇ ਸਾਂਝੇ ਪੰਜਾਬੀ ਕਲਚਰ ਦੀ ਪੇਸ਼ਕਾਰੀ ਕੀਤੀ ਜਾਵੇਗੀ। ਪੰਜਾਬੀ ਜੀਵਨ ਦੀ ਇਹ ਤਸਵੀਰ ਸਾਡੀਆਂ ਰਹੁ-ਰੀਤਾਂ, ਪਹਿਰਾਵਾ, ਖਾਣਾ, ਗਹਿਣੇ, ਕੱਪੜੇ, ਸਾਹਿਤ ਅਤੇ ਕਲਾ ਦੁਆਰਾ ਪੇਸ਼ ਹੋਵੇਗੀ।
14 ਜੁਲਾਈ ਤੋਂ ਲੈ ਕੇ 16 ਜੁਲਾਈ ਤੱਕ ਚੱਲਣ ਵਾਲਾ ਇਹ ਤਿੰਨ ਰੋਜ਼ਾ ਫੈਸਟੀਵਲ ਬਰੈਂਪਟਨ ਦੇ ਰੇਅ ਲਾਅਸਨ ਬੁਲੇਵਾਰਡ ਦੇ ਪੈਂਦੇ ਸਾਊਥ ਫਲੈਚਰ ਸਪੋਰਟਸਪਲੈਕਸ ਵਿੱਚ ਲੱਗੇਗਾ।
ਪੰਜਾਬ ਪੈਵੀਲੀਅਨ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਪੰਜਾਬੀ ਸਭਿਆਚਾਰਾਂ ਦੀਆਂ ਪੁਰਾਤਨ ਚੀਜ਼ਾਂ ਵੀ ਦਿਖਾਈਆਂ ਜਾਣਗੀਆਂ ਅਤੇ ਨਵੇਂ ਜੀਵਨ ਦੀ ਝਲਕ ਵੀ ਮਿਲੇਗੀ।
ਪੰਜਾਬੀ ਪੈਵੀਲੀਅਨ ਦੀ ਫੂਡ ਸਟਰੀਟ ਵਿੱਚ ਰਿਵਾਇਤੀ ਫੂਡ ਦੇ ਸਟਾਲ ਹੋਣਗੇ, ਜਿਸ ਵਿੱਚ ਗੋਲ-ਗੱਪੇ, ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਆਦਿ ਮਿਲਣਗੇ। ਰਿਵਾਇਤੀ ਕੱਪੜੇ ਅਤੇ ਗਹਿਣੇ, ਜੁੱਤੀਆਂ, ਅਤੇ ਪੁਰਾਤਨ ਕਲਾਵਾਂ ਦੇ ਨਮੂਨੇ ਉਪਲਬਧ ਹੋਵੇਗੇ। ਇਸ ਤੋਂ ਇਲਾਵਾ ਵਿਆਹ ਦੀਆਂ ਰਸਮਾਂ ਨਾਲ ਸੰਬੰਧਤ ਚੀਜ਼ਾਂ, ਮਹਿੰਦੀ, ਵਿਆਹ ਦੇ ਕੱਪੜੇ ਆਦਿ ਵੀ ਇਸ ਮੌਕੇ ਦਰਸਾਏ ਜਾਣਗੇ।
ਪੰਜਾਬੀ ਪੈਵੀਲੀਅਨ ਵਿੱਚ ਹਾਜ਼ਰੀ ਭਰਨ ਵਾਲੇ ਹਜ਼ਾਰਾਂ ਦਰਸ਼ਕਾਂ ਦੇ ਮਨੋਰੰਜਨ ਲਈ ਗੀਤ-ਸੰਗੀਤ ਅਤੇ ਨਾਚ ਨਾਲ ਸੰਬੰਧਤ ਪੇਸ਼ਕਾਰੀਆਂ ਵੀ ਲਗਾਤਾਰ ਚੱਲਦੀਆਂ ਰਹਿਣਗੀਆਂ। ਮਨੋਰੰਜਨ ਵਾਲੇ ਹਿੱਸੇ ਵਿੱਚ ਪੁਰਾਤਨ ਅਤੇ ਨਵੀਨ ਰੁਝਾਨਾਂ ਦਾ ਸੰਗਮ ਹੋਵੇਗਾ। ਇੱਕ ਕਲਾਤਮ ਪੇਸ਼ਕਾਰੀ ਰਾਹੀਂ ਚਿੰਨ੍ਹਾਤਮਕ ਤਰੀਕੇ ਨਾਲ ਪੰਜਾਬੀ ਕਲਾ ਦੀ ਰੇਲਗੱਡੀ ਲਹੌਰ ਤੋਂ ਵਾਹਗਾ ਬਾਰਡਰ ਰਾਹੀਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਹਰਿਆਣਾ ਪ੍ਰਾਂਤ ‘ਚੋਂ ਹੁੰਦੀ ਹੋਈ ਦਿੱਲੀ ਪਹੁੰਚੇਗੀ।
ਪੰਜਾਬੀ ਸਭਿਆਚਾਰ ਦੀਆਂ ਰਿਵਾਇਤੀ ਆਈਟਮਾਂ ਭੰਗੜਾ, ਗਿੱਧਾ, ਝੂਮਰ, ਲੁੱਡੀ, ਜਾਗੋ, ਕਵਾਲੀਆਂ ਅਤੇ ਆਧੁਨਿਕ ਫਿਊਜ਼ਨ ਮਿਊਜ਼ਕ ਦੇ ਨਮੂਨੇ ਇਥੇ ਪੇਸ਼ ਹੋਣਗੇ। ਇਸੇ ਤਰ੍ਹਾਂ ਪੰਜਾਬੀ ਪਹਿਰਾਵੇ ਦੇ ਜਿੱਥੇ ਰਿਵਾਇਤੀ ਰੂਪ ਦਿਸਣਗੇ, ਉਥੇ ਕੈਨੇਡਾ ਅਤੇ ਦੁਨੀਆ ਭਰ ਦੇ ਹੋਰ ਮੁਲਕਾਂ ਵਿੱਚ ਪ੍ਰਚੱਲਿਤ ਅੱਜ ਦੇ ਪਹਿਰਾਵੇ ਦੇ ਰੂਪ ਵੀ ਦਿਸਣਗੇ।
ਪੰਜਾਬੀ ਪੈਵੀਲੀਅਨ ਦੇ ਪ੍ਰਬੰਧਕਾਂ ਦੁਆਰਾ ਪੰਜਾਬੀ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਅਤੇ ਵਿਰਾਸਤ ਨਾਲ ਜੋੜਨ ਵਾਸਤੇ ਅਤੇ ਦੂਸਰੇ ਲੋਕਾਂ ਵਿੱਚ ਪੰਜਾਬੀ ਸਭਿਆਚਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਲੇਖ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ, ਜਿਸ ਦੇ ਜੇਤੂਆਂ ਨੂੰ ਪੰਜਾਬ ਪੈਵੀਲੀਅਨ ਵਿੱਚ ਸਨਮਾਨਤ ਕੀਤਾ ਜਾਵੇਗਾ। ਇਸ ਵਿੱਚ ਲੇਖ ਭੇਜਣ ਦੀ ਆਖਰੀ ਤਰੀਕ 5 ਜੁਲਾਈ ਸੀ। ਲੇਖ ਮੁਕਾਬਲੇ ਲਈ ਤਿੰਨ ਵਿਸ਼ੇ ਰੱਖੇ ਗਏ ਹਨ। ਇਨ੍ਹਾਂ ਵਿਸ਼ਿਆਂ ਵਿੱਚ ਸੰਸਾਰ ਅੰਦਰ ਕੈਨੇਡਾ ਦੀ ਨਿਵੇਕਲੀ ਪਛਾਣ, ਪੰਜਾਬ ਦੇ ਇਤਿਹਾਸ ਵਿੱਚ ਪੰਜ ਨਦੀਆਂ ਦਾ ਮਹੱਤਵ, ਅਤੇ ਗੁਰੂ ਗੋਬਿੰਦ ਸਿੰਘ ਦੀ ਮਾਨਵਤਾਵਾਦੀ ਫਿਲਾਸਫੀ, ਮਲਟੀਕਲਚਰਿਜ਼ਮ ਅਤੇ ਇਨਸਾਨੀ ਸਾਂਝੀਵਾਲਤਾ ਸ਼ਾਮਲ ਹਨ। ਪੰਜਾਬੀ ਵਿੱਚ ਲੇਖ ਲਿਖਣ ਵਾਲਿਆਂ ਨੂੰ ਪਹਿਲ ਅਤੇ ਵਾਧੂ ਪੁਆਇੰਟ ਮਿਲਣਗੇ। ਉਮਰ ਦੇ ਹਿਸਾਬ ਨਾਲ 18 ਸਾਲ ਤੋਂ ਘੱਟ ਅਤੇ 18 ਸਾਲ ਤੋਂ ਉਪਰ ਲੋਕਾਂ ਦੇ ਦੋ ਵਰਗ ਰੱਖੇ ਗਏ ਹਨ ਅਤੇ ਤੀਜਾ ਵਰਗ ਸਭ ਲੋਕਾਂ ਲਈ ਖੁੱਲ੍ਹਾ ਹੈ, ਜਿਸ ਵਿੱਚ ਕਿਸੇ ਵੀ ਕਲਚਰ ਦੇ ਲੋਕ ਸ਼ਾਮਲ ਹੋ ਸਕਦੇ ਹਨ। ਤਿੰਨੇ ਵਰਗਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ $500 ਨਕਦ ਰਾਸ਼ੀ ਦਿੱਤੀ ਜਾਵੇਗੀ।
ਪੰਜਾਬ ਪੈਵੀਲੀਅਨ ਵਿੱਚ ਸਪਾਂਸਰਸ਼ਿਪ ਜਾਂ ਕਿਵੇ ਵੀ ਹੋਰ ਪਹਿਲੂ ਤੇ ਜਾਣਕਾਰੀ ਲਈ ਪੈਵੀਲੀਅਨ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …