4.3 C
Toronto
Wednesday, October 29, 2025
spot_img
Homeਕੈਨੇਡਾਬਹੁ-ਸੱਭਿਆਚਾਰਕ ਦੇਸ਼ ਕੈਨੇਡਾ 'ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ...

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ ਤੀਸਰਾ ਵਿਅਕਤੀ ਧਰਮ, ਨਸਲ ਤੇ ਜ਼ਾਤ ਪੱਖੋਂ ਘੱਟ-ਗਿਣਤੀ ਕਮਿਊਨਿਟੀ ਵਿਚ ਸ਼ਾਮਲ ਹੈ। ਇਸ ਨਾਲ ਕੈਨੇਡਾ ਬਹੁ-ਸੱਭਿਆਚਾਰ ਤੇ ਵੱਖੋ-ਵੱਖਰੇ ਰੀਤੀ-ਰਿਵਾਜਾਂ ਵਾਲਾ ਰਵਾਇਤੀ ਦੇਸ਼ ਬਣ ਗਿਆ ਹੈ ਜੋ ਕਿ ਇਸ ਦੇਸ਼ ਦੀ ਵਿਲੱਖਣਤਾ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਵਾਪਰੀਆਂ ਨਫ਼ਰਤੀ ਘਟਨਾਵਾਂ ਨੇ ਇੱਥੇ ਇੰਡੀਜੀਨੀਅਸ ਲੋਕਾਂ, ਕਾਲ਼ਿਆਂ, ਔਰਤਾਂ, ਅਪੰਗਾਂ ਅਤੇ ਧਾਰਮਿਕ ਘੱਟ-ਗਿਣਤੀਆਂ ਲਈ ਚਿੰਤਾ ਦਾ ਮਾਹੌਲ ਬਣਾ ਦਿੱਤਾ ਹੈ। ਨਫ਼ਰਤ ਇਨ੍ਹਾਂ ਲੋਕਾਂ ਨੂੰ ਨਾ ਕੇਵਲ ਸਿੱਧੇ ਤੌਰ ‘ਤੇ ਅਸਰ-ਅੰਦਾਜ਼ ਹੁੰਦੀ ਹੈ, ਸਗੋਂ ਇਹ ਕੈਨੇਡਾ ਦੇ ਸਮੁੱਚੇ ਤਾਣੇ-ਬਾਣੇ ਨੂੰ ਕਮਜ਼ੋਰ ਕਰਦੀ ਹੈ ਅਤੇ ਕੌਮੀ ਸੁਰੱਖਿਆ ਲਈ ਖ਼ਤਰੇ ਦਾ ਸੂਚਕ ਬਣਦੀ ਹੈ। ਕੈਨੇਡਾ ਵਰਗੇ ਬਹੁ-ਨਸਲੀ, ਬਹੁ-ਧਾਰਮਿਕ ਤੇ ਬਹੁ-ਸੱਭਿਆਚਾਰਕ ਦੇਸ਼ ਵਿਚ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ।
ਕੈਨੇਡਾ ਵਿਚ ਨਫ਼ਰਤ ਨੂੰ ਨੱਥ ਪਾਉਣ ਲਈ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੰਘੇ ਸੋਮਵਾਰ ”ਕੈਨੇਡਾ’ਜ਼ ਐਕਸ਼ਨ ਪਲੈਨ ਆਨ ਕੰਬੈਟਿੰਗ ਹੇਟਰਡ” ਬਾਰੇ ਗੱਲ ਕਰਦਿਆਂ ਘਰਾਂ, ਗਲ਼ੀਆਂ-ਬਾਜ਼ਾਰਾਂ, ਧਾਰਮਿਕ ਥਾਵਾਂ ਅਤੇ ਸਥਾਨਿਕ ਕਮਿਊਨਿਟੀਆਂ ਵਿਚ ਚੱਲ ਰਹੀ ਨਫ਼ਰਤ ਦਾ ਜ਼ਿਕਰ ਵਿਸਥਾਰ ਵਿਚ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਫ਼ਰਤ ਨੂੰ ਰੋਕਣ ਲਈ ਇਸ ਐਕਸ਼ਨ ਪਲੈਨ ਦੇ ਸਰਕਾਰ ਨੇ ਹੇਠ ਲਿਖੇ ਤਿੰਨ ਥੰਮ ਤਿਆਰ ਕੀਤੇ ਹਨ : 1. ਨਫ਼ਰਤ ਦੀ ਨਿਸ਼ਾਨਦੇਹੀ ਕਰਨ ਅਤੇ ਇਸ ਨੂੰ ਰੋਕਣ ਲਈ ਕਮਿਊਨਿਟੀਆਂ ਨੂੰ ਮਜ਼ਬੂਤ ਕਰਨਾ। 2.ਕਮਿਊਨਿਟੀਆਂ ਨੂੰ ਬਚਾਉਂਦਿਆਂ ਹੋਇਆਂ ਨਫ਼ਰਤ ਦਾ ਸ਼ਿਕਾਰ ਹੋਏ ਲੋਕਾਂ ਦੀ ਸਹਾਇਤਾ ਕਰਨੀ। 3. ਨਫ਼ਰਤ ਦਾ ਮੁਕਾਬਲਾ ਕਰਨ ਲਈ ਆਪਸੀ ਵਿਸ਼ਵਾਸ, ਭਾਗੀਦਾਰੀ ਅਤੇ ਸੰਸਥਾਪਿਕ ਤਿਆਰੀ।
ਇਸ ਮੰਤਵ ਲਈ ਬਜਟ 2024 ਵਿਚ ਆਉਂਦੇ ਛੇ ਸਾਲਾਂ ਲਈ 273.6 ਮਿਲੀਅਨ ਰਾਸ਼ੀ ਰੱਖੀ ਗਈ ਹੈ ਅਤੇ ਇਹ ਵੱਖ-ਵੱਖ ਤਰੀਕਿਆਂ ਨਾਲ ਨਫ਼ਰਤ ਨੂੰ ਰੋਕਣ ਲਈ ਚੱਲ ਰਹੀ ਅਜੋਕੀ ਰਾਸ਼ੀ 29.3 ਮਿਲੀਅਨ ਡਾਲਰ ਤੋਂ ਵੱਖਰੀ ਹੈ। ਇਸ ਦੇ ਨਾਲ ਹੀ ਕੈਨੇਡਾ ਵਿਚ ਇਸਲਾਮ ਧਰਮ ਦੇ ਵਿਰੱਧ ਨਫ਼ਰਤ ਦੀ ਭਾਵਨਾ ਵੀ ਵੇਖਣ ਵਿਚ ਆ ਰਹੀ ਹੈ ਜੋ ਬਹੁਤ ਹੀ ਮੰਦਭਾਗੀ ਹੈ। ਕੈਨੇਡਾ ਸਰਕਾਰ ਇਸ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਉਹ ਇਸ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।
ਬਲੈਕ ਕੈਨੇਡੀਅਨਜ਼ ਨੂੰ ਵੀ ਸਮਾਜਿਕ ਪੱਧਰ ‘ਤੇ ਨਸਲੀ ਵੱਖਰੇਵੇਂ ਅਤੇ ਆਰਥਿਕ ਪੱਧਰ ‘ਤੇ ਨਾ-ਬਰਾਬਰੀ ਸਮੇਤ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਸਲੇ ਦੇ ਹੱਲ ਲਈ ਸਰਕਾਰ ਵੱਲੋਂ ‘ਮੈਂਟਲ ਹੈੱਲਥ ਆਫ਼ ਬਲੈਕ ਕੈਨੇਡੀਅਨਜ਼ ਫ਼ੰਡ’ ਸਥਾਪਿਤ ਕੀਤਾ ਗਿਆ ਹੈ ਜੋ ‘ਐਂਟੀ ਬਲੈਕ ਰਿਸਿਜ਼ਮ’ ਨੂੰ ਰੋਕਣ ਵਿਚ ਸਹਾਈ ਹੋਵੇਗਾ। ‘ਕੈਨੇਡਾ’ਜ਼ ਐਕਸ਼ਨ ਪਲੈਨ ਆਨ ਕੰਬੈਟਿੰਗ ਹੇਟਰਡ’ ਰਾਹੀਂ ਕੈਨੇਡਾ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਇਸ ਦੇਸ਼ ਵਿਚ ਨਫ਼ਰਤ ਲਈ ਕੋਈ ਵੀ ਥਾਂ ਨਹੀਂ ਹੈ। ਸਾਰੇ ਧਰਮਾਂ, ਜ਼ਾਤਾਂ ਤੇ ਨਸਲਾਂ ਦੇ ਲੋਕ ਇੱਥੇ ਆਪਸ ਵਿਚ ਮਿਲ-ਜੁਲ ਕੇ ਰਹਿੰਦੇ ਹਨ। ਹਰੇਕ ਕੈਨੇਡਾ-ਵਾਸੀ ਨੂੰ ਇੱਥੇ ਸੁਰੱਖਿਅਤ ਅਤੇ ਮਾਣ-ਸਤਿਕਾਰ ਨਾਲ ਰਹਿਣ ਦਾ ਪੂਰਾ ਹੱਕ ਹੈ। ਕਿਸੇ ਵੀ ਕਿਸਮ ਦੀ ਨਫ਼ਰਤ ਨੂੰ ਦੂਰ ਕਰਕੇ ਅਸੀਂ ਸਾਰੇ ਮਿਲ ਕੇ ਅਸੀਂ ਇਸ ਦੇਸ਼ ਨੂੰ ਮਜ਼ਬੂਤ ਕਰੀਏ ਤਾਂ ਜੋ ਕੈਨੇਡਾ ਵਿਚ ਹਰ ਕੋਈ ਇੱਥੇ ਉਪਲੱਭਧ ਸਹੂਲਤਾਂ ਦਾ ਫ਼ਾਇਦਾ ਉਠਾ ਸਕੇ।

RELATED ARTICLES

ਗ਼ਜ਼ਲ

POPULAR POSTS