ਟੋਰਾਂਟੋ/ਹਰਜੀਤ ਸਿੰਘ ਬਾਜਵਾ : ਜੁਲਾਈ ਮਹੀਨੇ ਨੂੰ ਜਿੱਥੇ ਕਨੇਡਾ ਭਰ ਵਿੱਚ ਕਨੇਡਾ ਦੇ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਇੱਥੇ ਸਾਰਾ ਮਹੀਨਾ ਹੀ ਲੱਗਭੱਗ ਅਜਿਹੇ ਸਮਾਗਮ ਚਲਦੇ ਰਹਿੰਦੇ ਹਨ ਅਤੇ ਇਸੇ ਤਰ੍ਹਾਂ ਬਰੈਂਪਟਨ ਦੇ ਇੰਮੀਰਾਲਡ ਕੌਸਟ ਸੀਨੀਅਰਜ਼ ਕਲੱਬ ਵੱਲੋਂ ਇੱਥੇ ਮਿਸੀਸਾਗਾ ਰੋਡ ਅਤੇ ਮੇਅਫੀਲਡ ਲਾਗੇ ਇੱਕ ਪਾਰਕ ਵਿੱਚ ਕਨੇਡਾ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਬੰਧਤ ਏਰੀਏ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਉੱਘੇ ਸਮਾਜਿਕ ਆਗੂ ਅਤੇ ਕਲੱਬ ਦੇ ਪ੍ਰਧਾਨ ਨਸੀਬ ਸਿੰਘ ਸੰਧੂ, ਕੈਸ਼ੀਅਰ ਚਮਕੌਰ ਸਿੰਘ ਪਾਲੀਵਾਲ, ਲੇਡੀ ਡਾਇਰੈਕਟਰ ਹਰੀਸ਼ਾਨ ਕਾਂਤਾ ਵਰਮਾ, ਡਾਇਰੈਕਟਰ ਗੁਰਚਰਨ ਸਿੰਘ ਸਿੱਧੂ, ਦਰਬਾਰ ਸਿੰਘ ਸਿੱਧੂ, ਰੌਬਰਟ ਪੋਸਟ ਸੀਨੀਅਰਜ਼ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ, ਸਤਨਾਮ ਸਿੰਘ ਬਰਾੜ, ਰਾਜਿੰਦਰ ਸਿੰਘ ਘੋਲੀਆ, ਪ੍ਰੀਤਮ ਸਿੰਘ ਸਰ੍ਹਾਂ, ਸੁਖਵੰਤ ਕੌਰ ਸਿੱਧੂ ਦੀ ਅਗਵਾਈ ਹੇਠ ਸਮੁੱਚੇ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਜਿੱਥੇ ਇਸ ਸਮਾਗਮ ਲਈ ਮਿਹਨਤ ਕੀਤੀ ਉੱਥੇ ਹੀ ਸਮਾਗਮ ਦੀ ਸ਼ੁਰੂਆਤ ਕਨੇਡਾ ਦੇ ਰਾਸ਼ਟਰੀ ਗੀਤ ઑਓ ਕਨੇਡਾ਼ ਨਾਲ ਹੋਈ ਉਪਰੰਤ ਨਸੀਬ ਸਿੰਘ ਸੰਧੂ ਵੱਲੋਂ ਕਨੇਡਾ ਵਿੱਚ ਪੰਜਬੀਆਂ ਦੀ ਕਾਰਗੁਜ਼ਾਰੀ ਅਤੇ ਸਖ਼ਤ ਮਿਹਨਤ ਨਾਲ ਹਾਸਲ ਕੀਤੇ ਮੁਕਾਮ ਬਾਰੇ ਗੱਲ ਕੀਤੀ ਜਦੋਂ ਕਿ ਸਾਬਕਾ ਐਮ ਪੀ ਗੁਰਬਖ਼ਸ਼ ਸਿੰਘ ਮੱਲ੍ਹੀ, ਐਮ ਪੀ ਕਮਲ ਖਹਿਰਾ, ਵਿਧਾਇਕ ਅਮਰਜੋਤ ਸਿੰਘ ਸੰਧੂ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਂਨ, ਨਵਜੀਤ ਕੌਰ ਬਰਾੜ ਰੀਜ਼ਨਲ ਕੌਂਸਲਰ ਆਦਿ ਨੇ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਪਹੁੰਚ ਕੇ ਜਿੱਥੇ ਪ੍ਰਬੰਧਕਾਂ ਨੂੰ ਇਸ ਸਮਾਗਮ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਸਟੇਜ ਦੀ ਕਾਰਵਾਈ ਬਲਬੀਰ ਸਿੰਘ ਥਿੰਦ ਅਤੇ ਉੱਘੀ ਸਟੇਜ ਸੰਚਾਲਕਾ ਅਤੇ ਲੇਖਿਕਾ ਸੁੰਦਰਪਾਲ ਕੌਰ ਰਾਜਾਸਾਂਸੀ ਨੇ ਨਿਭਾਈ। ਇਸ ਮੌਕੇ ਗਿੱਧਾ, ਲੇਡੀਜ਼ ਸੰਗੀਤ, ਮਨੋਰੰਜਨ ਅਤੇ ਖਾਣ-ਪੀਣ ਦੇ ਵੀ ਪ੍ਰਬੰਧ ਸਨ।