17.4 C
Toronto
Friday, September 19, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਪ੍ਰੋ. ਜਗੀਰ ਸਿੰਘ ਕਾਹਲੋਂ ਨਾਲ ਕਰਵਾਇਆ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਪ੍ਰੋ. ਜਗੀਰ ਸਿੰਘ ਕਾਹਲੋਂ ਨਾਲ ਕਰਵਾਇਆ ਰੂਬਰੂ

canadian-punjabi-sahit-sabha-toronto-news-2-copy-copyਛਿੰਦਰ ਕੌਰ ਦੀ ਕਾਵਿ-ਪੁਸਤਕ ‘ਖ਼ਿਆਲ ਉਡਾਰੀ’ ਲੋਕ-ਅਰਪਿਤ ਤੇ ਕਵੀ-ਦਰਬਾਰ ਹੋਇਆ
ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 20 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਨਵੰਬਰ ਸਮਾਗ਼ਮ ਵਿੱਚ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਆਪਣੇ ਕਾਵਿ-ਸਫ਼ਰ ਬਾਰੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ ਅਤੇ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਨਾਲ ਸਬੰਧਿਤ ਪੰਜਾਬੀ ਕਵਿੱਤਰੀ ਸ਼ਿੰਦਰ ਕੌਰ ਦੀ ਕਾਵਿ-ਪੁਸਤਕ ‘ਖ਼ਿਆਲ ਉਡਾਰੀ’ ਲੋਕ-ਅਰਪਿਤ ਕੀਤੀ ਗਈ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿੱਚ ਉਨ੍ਹਾਂ ਦੇ ਨਾਲ ਪੱਛਮੀ ਪੰਜਾਬ (ਪਾਕਿਸਤਾਨ) ਦੇ ਪ੍ਰੋੜ੍ਹ ਸ਼ਾਇਰ ਆਸ਼ਿਕ ਰਹੀਲ ਅਤੇ ਸਭਾ ਦੇ ਚੇਅਰਮੈਨ ਬਲਰਾਜ ਚੀਮਾ ਸੁਸ਼ੋਭਿਤ ਸਨ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ  ਬਲਰਾਜ ਚੀਮਾ ਜੀ ਦੀ ਪਤਨੀ ਦੇ ਬੇ-ਵਕਤ ਸਦੀਵੀ ਵਿਛੋੜੇ ਦੀ ਯਾਦ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।  ਕੁਲਜੀਤ ਮਾਨ ਵੱਲੋਂ ਆਏ ਮਹਿਮਾਨਾਂ ਦੇ ਰਸਮੀ ਸਵਾਗ਼ਤ ਉਪਰੰਤ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ ਮੰਚ ‘ਤੇ ਆਉਣ ਦੀ ਦਾਅਵਤ ਦਿੱਤੀ ਜਿਨ੍ਹਾਂ ਨੇ ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਵਿੱਚ ਕੋਈ ਕਵੀ ਨਹੀਂ ਹੋਇਆ ਪਰ ਉਨਾਂ ਦਾ ਜੱਦੀ ਪਿੰਡ ਦੇ ਰਾਵੀ ਦਰਿਆ ਦੇ ਕੰਢੇ ਹੋਣ ਕਾਰਨ ਕੁਦਰਤੀ ਵਾਤਾਵਰਣ ਨੇ ਉਨ੍ਹਾਂ ਦੇ ਮਨ ‘ਤੇ ਡੂੰਘਾ ਅਸਰ ਪਾਇਆ ਜਿਸ ਨੂੰ ਉਹ ਘੰਟਿਆਂ-ਬੱਧੀ ਇਕੱਲੇ ਹੀ ਮਾਣਦੇ ਰਹਿੰਦੇ। ਇਸ ਦੌਰਾਨ ਉਨ੍ਹਾਂ ਆਪਣੀਆਂ ਕਵਿਤਾਵਾਂ ‘ਪਾਟਾ ਹੋਇਆ ਵਧਾਈ ਕਾਰਡ’, ‘ਤਿੜਕੇ ਰਿਸ਼ਤੇ’ ਅਤੇ ਕਈ ਹੋਰ ਕਵਿਤਾਵਾਂ, ਦੋਹੇ ਤੇ ਗ਼ਜ਼ਲਾਂ ਦਾ ਜ਼ਿਕਰ ਕਰਦਿਆਂ ਹੋਇਆਂ ਕੁਝ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਨਾਲ ਸੰਵਾਦ ਰਚਾਉਂਦਿਆ ਪ੍ਰੋ. ਰਾਮ ਸਿੰਘ, ਮਲੂਕ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਸੁਖਿੰਦਰ, ਕੁਲਜੀਤ ਮਾਨ, ਬਲਰਾਜ ਚੀਮਾ ਅਤੇ ਪ੍ਰੋ. ਆਸ਼ਿਕ ਰਹੀਲ ਨੇ ਕਈ ਸੁਆਲ ਉਠਾਏ ਜਿਨ੍ਹਾਂ ਨੇ ਜਵਾਬ ਪ੍ਰੋ. ਕਾਹਲੋਂ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ।
ਸਮਾਗ਼ਮ ਦੇ ਦੂਸਰੇ ਭਾਗ ਵਿੱਚ ਕਵਿੱਤਰੀ ਛਿੰਦਰ ਕੌਰ ਦੀ ਕਾਵਿ-ਪੁਸਤਕ ‘ਖ਼ਿਆਲ ਉਡਾਰੀ’ ਪ੍ਰਧਾਨਗੀ-ਮੰਡਲ, ਸਭਾ ਦੇ ਕਾਰਜਕਾਰੀ ਮੈਂਬਰਾਂ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਲੋਕ-ਅਰਪਿਤ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਕਵਿੱਤਰੀ ਸੁਰਜੀਤ ਕੌਰ ਵੱਲੋਂ ਦਿੱਤੀ ਗਈ। ਇਸ ਮੌਕੇ ਛਿੰਦਰ ਕੌਰ ਨੇ ਆਪਣੀ ਕਵਿਤਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਦਿਲ ਦੇ ਅਹਿਸਾਸ ਹੀ ਕਵਿਤਾ ਹੁੰਦੇ ਹਨ ਅਤੇ ਕਵਿਤਾ ਜਜ਼ਬਾਤਾਂ ਵਿੱਚੋਂ ਪੁੰਗਰਦੀ ਹੈ। ਉਨ੍ਹਾਂ ਆਪਣੀਆਂ ਦੋ ਕਵਿਤਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।  ਤੀਸਰੇ ਭਾਗ ਵਿੱਚ ਹੋਏ ਕਵੀ-ਦਰਬਾਰ ਵਿੱਚ ਇਕਬਾਲ ਬਰਾੜ ਵੱਲੋਂ ਗਾਈ ਗਈ ਜਗੀਰ ਸਿੰਘ ਕਾਹਲੋਂ ਦੀ ਗ਼ਜ਼ਲ ‘ਚੱਲਿਆ ਹੈ ਜਦ ਵੀ ਸਾਡੀਆਂ ਆਹਾਂ ਦਾ ਸਿਲਸਿਲਾ, ਤੁਰਿਆ ਹੈ ਨਾਲ ਗੁੱਝੀਆਂ ਸਲਾਹਾਂ ਦਾ ਸਿਲਸਿਲਾ’, ਸੰਨੀ ਸ਼ਿਵਰਾਜ ਤੇ ਰਿੰਟੂ ਭਾਟੀਆ ਦੀਆਂ ਗ਼ਜ਼ਲਾਂ ਅਤੇ ਲਖਬੀਰ ਸਿੰਘ ਤਹਿਸੀਲਦਾਰ ਦੀ ਕੰਨ ‘ਤੇ ਹੱਥ ਧਰ ਕੇ ਪੂਰੇ ਵਜਦ ਵਿੱਚ ਗਾਈ ਗਈ ‘ਹੀਰ’ ਨੇ ਜਿੱਥੇ ਮਾਹੌਲ ਨੂੰ ਸੰਗੀਤਕ ਬਣਾਇਆ, ਉੱਥੇ ਜਗਜੀਤ ਸਿੰਘ ਰੈਹਸੀ, ਮਕਸੂਦ ਚੌਧਰੀ, ਸੁਖਦੇਵ ਝੰਡ, ਪਰਮ ਸਰਾਂ, ਸੁਰਜੀਤ ਕੌਰ, ਕੁਲਦੀਪ ਕੌਰ, ਬਲਬੀਰ ਕੌਰ ਦਿਲਗੀਰ, ਹਰਦਿਆਲ ਝੀਤਾ, ਸੁਖਿੰਦਰ, ਡਾ. ਜਗਮੋਹਨ ਸੰਘਾ, ਪ੍ਰੋ. ਰਾਮ ਸਿੰਘ, ਹਰਜੀਤ ਬਾਜਵਾ, ਗੁਰਦੀਪ ਸਿੰਘ ਰੰਧਾਵਾ ਨੇ ਕਵਿਤਾਵਾਂ ਰਾਹੀਂ ਇਸ ਨੂੰ ਵਧੀਆ ਕਾਵਿ-ਮਈ ਰੰਗ ਦਿੱਤਾ। ਇਸ ਕਵੀ-ਦਰਬਾਰ ਦਾ ਸੰਚਾਲਨ ਪਰਮਜੀਤ ਢਿੱਲੋਂ ਵੱਲੋਂ ਬਾਖ਼ੂਬੀ ਕੀਤਾ ਗਿਆ ਜਿਸ ਨੇ ਇਸ ਦੌਰਾਨ ਆਪਣੇ ਗੀਤਾਂ ਅਤੇ ਕਾਵਿ-ਟੋਟਕਿਆਂ ਨਾਲ ਵਧੀਆ ਲੜੀ ਜੋੜੀ ਰੱਖੀ। ਅਖ਼ੀਰ ਵਿੱਚ ਬਲਰਾਜ ਚੀਮਾ ਨੇ ਸਮਾਗ਼ਮ ਦੀ ਕਾਰਵਾਈ ਸਮੇਟਦਿਆਂ ਹੋਇਆਂ ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ ਆਪਣੇ ਬਾਰੇ ਬੇਬਾਕ ਗੱਲਬਾਤ ਕਰਨ ਅਤੇ ਕਵਿੱਤਰੀ ਛਿੰਦਰ ਕੌਰ ਨੂੰ ਉਸ ਦੀ ਪੁਸਤਕ ਦੇ ਰੀਲੀਜ਼ ਹੋਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਲੇਖਕ ਨੂੰ ਆਪਣੀਆਂ ਲਿਖਤਾਂ ਵਿੱਚ ਸਮਾਜ ਦੇ ਮਸਲਿਆਂ ਸਬੰਧੀ ਸੁਆਲ ਉਠਾਉਣੇ ਚਾਹੀਦੇ ਹਨ ਤਾਂ ਜੋ ਪਾਠਕ ਉਨ੍ਹਾਂ ਤੋਂ ਯੋਗ ਅਗਵਾਈ ਪ੍ਰਾਪਤ ਕਰ ਸਕਣ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਬੁਲਾਰਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ। ਹਾਜ਼ਰੀਨ ਵਿੱਚ ਮੁੱਖ ਤੌਰ ‘ਤੇ ਪਿਆਰਾ ਸਿੰਘ ਤੂਰ, ਅਵਤਾਰ ਸਿੰਘ ਬੈਂਸ, ਸੁੱਚਾ ਸਿੰਘ ਮਾਂਗਟ, ਦਰਸ਼ਨ ਸਿੰਘ ਗਰੇਵਾਲ, ਹਰਜਿੰਦਰ ਸਿੰਘ ਸਿਰਸਾ, ਸੁਰਿੰਦਰ ਸਿੰਘ ਸੰਧੂ, ਮੁਜ਼ੱਫ਼ਰ ਅਹਿਮਦ, ਸਰਬਜੀਤ ਕੌਰ ਕਾਹਲੋਂ, ਜਗਦੀਸ਼ ਕੌਰ ਝੰਡ, ਜ਼ਾਹਿਦਾ ਰਹੀਲ, ਆਦਿ ਸ਼ਾਮਲ ਸਨ।

RELATED ARTICLES
POPULAR POSTS